ਨਵੀਂ ਦਿੱਲੀ- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਅਤਵਾਦ ਦੇ ਵਿਰੁਧ ਸੰਘਰਸ਼ ਲਈ ਸਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਅਤਵਾਦ ਬਾਰੇ ਕਾਂਗਰਸ ਦੀ ਨੀਤੀ ਸਦਾ ਸਪੱਸ਼ਟ ਰਹੀ ਹੈ। ਦੂਸਰੇ ਦਲਾਂ ਦੀ ਤਰ੍ਹਾਂ ਢਿਲਮੱਠ ਵਾਲੀ ਨੀਤੀ ਨਹੀਂ ਰਹੀ। ਸਾਡੀ ਪਾਰਟੀ ਦੇਸ਼ ਨੂੰ ਧਰਮ ਜਾਂ ਜਾਤੀ ਦੇ ਨਾਂ ਤੇ ਵੰਡਣ ਦੀ ਗੱਲ ਨਹੀਂ ਕਰਦੀ, ਸਗੋਂ ਜੋੜਨ ਦੀ ਗੱਲ ਕਰਦੀ ਹੈ। ਸਾਨੂੰ ਉਨ੍ਹਾਂ ਲੋਕਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਨੀ ਚਾਹੀਦੀ ਜੋ ਤੋੜਨ ਵਾਲੀ ਨੀਤੀ ਤੇ ਚਲ ਕੇ ਦੂਸਰਿਆਂ ਤੇ ਉਂਗਲੀ ਉਠਾਉਂਦੇ ਹਨ। ਸੋਨੀਅ ਗਾਂਧੀ ਨੇ ਇਹ ਸ਼ਬਦ ਦਿੱਲੀ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੇ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਮੌਕੇ ਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਸਰਟੀਫਿਕੇਟ ਲੈਣ ਦੀ ਗੱਲ ਉਹ ਲੋਕ ਕਰਦੇ ਹਨ ਜਿਨ੍ਹਾਂ ਦਾ ਆਪਣਾ ਪਿੱਛਲਾ ਰਿਕਾਰਡ ਖਰਾਬ ਰਿਹਾ ਹੈ। ਸੋਨੀਆ ਨੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੇ ਤੇ ਉਂਗਲੀ ਚੁਕਣ ਤੋਂ ਪਹਿਲਾਂ ਇਨ੍ਹਾਂ ਨੂੰ ਆਪਣੇ ਗਿਰੇਬਾਨ ਵਿਚ ਝਾਕ ਕੇ ਵੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸ਼ਾਸਨ ਸਮੇਂ ਕੀ-ਕੀ ਹੋਇਆ, ਜਿਸ ਸੂਬੇ ਵਿਚ ਉਨ੍ਹਾਂ ਦਾ ਰਾਜ ਰਿਹਾ ਉਥੇ ਕਿਸ ਤਰ੍ਹਾਂ ਸੰਪਰਦਾਇਕ ਹਾਲਾਤ ਨੂੰ ਖਰਾਬ ਕੀਤਾ ਗਿਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੀ ਜਨਤਾ ਸੱਭ ਜਾਣਦੀ ਹੈ ਕਿ ਇਥੇ ਕਿਸ ਤਰ੍ਹਾਂ ਵਿਕਾਸ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਇਹ ਫੈਸਲਾ ਕਰਨਾ ਹੈ ਕਿ ਉਨ੍ਹਾਂ ਨੇ ਸਮਾਜ ਨੂੰ ਵੰਡਣ ਵਾਲੀ ਪਾਰਟੀ ਨੂੰ ਚੁਣਨਾ ਹੈ ਜਾਂ ਫਿਰ ਵਿਕਾਸ ਦੀ ਰਫਤਾਰ ਨੂੰ ਵਧਾਉਣ ਵਾਲੀ ਪਾਰਟੀ ਨੂੰ ਚੁਣਨਾ ਹੈ।