ਨੋਵੇਲਾਰਾ , ਇਟਲੀ (ਗੁਰਮੁਖ ਸਿੰਘ ਸਰਕਾਰੀਆ)- ਗੁਰਬਾਣੀ ਦੇ ਮਹਾਂਵਾਕ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ‘ ਨੂੰ ਇਟਲੀ ਵਿਚ ਵੱਸਦੀ ਸੰਗਤ ਨੇ ਉਸ ਸਮੇਂ ਸੱਚ ਕਰ ਵਿਖਾਇਆ ਜਦੋਂ ਇਟਲੀ ਦੇ ਇਲਾਕੇ ਲਾਕੁਇਲਾ (ਆਬਰੂਜੋ) ਵਿਚ ਕੁਦਰਤੀ ਆਫ਼ਤ ਭੂਚਾਲ ਕਾਰਣ ਹਜ਼ਰਾਂ ਲੋਕੀਂ ਘਰੋਂ ਬੇਘਰ ਹੋ ਗਏ । ਪੰਜਾਬੀਆਂ ਨੇ ਭੂਚਾਲ ਪੀੜਤਾਂ ਦੀ ਖੁੱਲ੍ਹੇ ਦਿਲ ਨਾਲ ਮਦਦ ਕੀਤੀ ਹੈ ਜਦ ਕਿ ਇਟਾਲੀਅਨ ਲੋਕਾਂ ਨੇ ਇਹ ਕਹਿ ਕੇ ਇੱਕ ਇੱਕ ਯੂਰੋ ਆਪਣੇ ਫੋਨ ਕਰੈਡਿਟ ਵਿਚੋਂ ਦਾਨ ਲਈ ਕਟਵਾਇਆ ਕਿ ਇਹੋ ਜਿਹੀ ਆਫ਼ਤ ਨਾਲ ਨਜਿੱਠਣਾ ਸਰਕਾਰ ਦਾ ਕੰਮ ਹੈ ਨਾ ਕਿ ਆਮ ਲੋਕਾਂ ਦਾ ਜਿਹੜੇ ਪਹਿਲਾਂ ਹੀ ਮੰਦੀ ਦੀ ਮਾਰ ਥੱਲੇ ਮਸਾਂ ਗੁਜਾਰਾ ਕਰ ਰਹੇ ਹਨ ।
ਗੁਰੂ ਘਰ ਨੋਵੇਲਾਰਾ ਦੇ ਪ੍ਰਬੰਧਕਾਂ ਦੀ ਸੰਗਤ ਨੂੰ ਭੂਚਾਲ ਪੀੜਤਾਂ ਦੀ ਮਦਦ ਲਈ ਕੀਤੀ ਇੱਕ ਅਪੀਲ ਨੂੰ ਮੰਨਦੇ ਹੋਈ ਸਿੱਖ ਸੰਗਤ ਨੇ 12,350 ਯੂਰੋ ਦੀ ਰਾਸ਼ੀ ਦਾਨ ਲਈ ਦਿੱਤੀ ਜੋ ਭਾਰਤੀ ਕਰੰਸੀ ਮੁਤਾਬਕ ਕੋਈ 8 ਲੱਖ ਤੋਂ ਉੱਪਰ ਦੀ ਰਕਮ ਬਣਦੀ ਹੈ । ਪ੍ਰਬੰਧਕਾਂ ਨੇ ਇਟਲੀ ਦੀ ਸਿਵਲ ਪ੍ਰੋਟੈਕਸ਼ਨ ਨਾਲ ਸੰਪਰਕ ਕਰਕੇ ਮਦਦ ਕਰਨ ਦੀ ਪੇਸ਼ਕਸ਼ ਕੀਤੀ ਉਹਨਾਂ ਨੇ ਸਮੱਗਰੀ ਦੇ ਰੂਪ ਵਿਚ ਮਦਦ ਲੈਣ ਦੀ ਬਜਾਏ ਨਗਦ ਰਾਸ਼ੀ ਲੈਣ ਨੂੰ ਪਹਿਲ ਦਿੱਤੀ ਤਾਂ ਕਿ ਭੂਚਾਲ ਪੀੜਤਾਂ ਦੇ ਮੁੜ ਵਸੇਬੇ ਘਰ ਆਦਿ ਬਣਾਏ ਜਾ ਸਕਣ । ਇਸ ਮੌਕੇ ਤੇ ਸਿਵਲ ਪ੍ਰੋਟੈਕਸ਼ਨ ਦੇ ਮੁੱਖ ਅਧਿਕਾਰੀ ਮਿ: ਸਟੈਕੋ ਨੇ ਸਿੱਖ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਿੱਖ ਸਾਨੂੰ ਕੋਈ ਵਿਦੇਸ਼ੀ ਨਹੀਂ ਆਪਣੇ ਹੀ ਭਰਾ ਲੱਗਦੇ ਹਨ ਕਿਉਂ ਕਿ ਸਾਡੇ ਲੋਕਾਂ ਤੇ ਆਈ ਆਫ਼ਤ ਨੂੰ ਤੁਸੀਂ ਆਪਣਾ ਦੁੱਖ ਜਾਣਿਆ ਤੇ ਇਟਲੀ ਵਿਚ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਹਨ ਉਹਨਾਂ ਆਰਥਿਕ ਮਦਦ ਦੇ ਨਾਲ ਨਾਲ ਸਮੱਗਰੀ ਤੇ ਖਾਣ ਪੀਣ ਦੀਆਂ ਵਸਤਾਂ ਦੀ ਵੀ ਬਹੁਤ ਮਦਦ ਕੀਤੀ। ਭਾਈ ਵਿਕਰਮਜੀਤ ਸਿੰਘ ਖਾਲਸਾ (ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 12 ਹਜਾਰ 350 ਦਾ ਚੈੱਕ ਗੁਰੂ ਘਰ ਦੀ ਕਮੇਟੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਬੰਧਤ ਅਧਿਕਾਰੀਆਂ ਨੂੰ ਸੋਂਪਿਆ ।