ਅੰਮ੍ਰਿਤਸਰ : – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਿਸ਼ਾਵਰ (ਪਾਕਿਸਤਾਨ) ’ਚ ਵੱਸਦੇ ਸਿੱਖਾਂ ਤੋਂ ਜ਼ਜ਼ੀਏ ਦੀ ਰਕਮ ਨਾ ਮਿਲਣ ’ਤੇ ਤਾਲਿਬਾਨ ਵਲੋਂ 11 ਸਿੱਖਾਂ ਦੇ ਘਰ ਢਾਹ ਦਿੱਤੇ ਜਾਣ ਦੀ ਅਤਿ ਘਿਨਾਉਣੀ ਕਾਰਵਾਈ ਦੀ ਜ਼ੋਰਦਾਰ ਨਿੰਦਾ ਕਰਦਿਆਂ ਤਾਰਾਂ ਭੇਜ ਕੇ ਪਾਕਿਸਤਾਨ ’ਚ ਵੱਸਦੇ ਘੱਟ-ਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਭਾਰਤ ਸਰਕਾਰ ਨੂੰ ਤੁਰੰਤ ਦਖਲ ਦੇਣ ਲਈ ਕਿਹਾ ਹੈ।
ਇਥੋਂ ਜਾਰੀ ਇਕ ਪ੍ਰੈਸ ਰਲੀਜ਼ ’ਚ ਉਨ੍ਹਾਂ ਕਿਹਾ ਕਿ ਤਾਲਿਬਾਨ ਦੀ ਇਸ ਅਤਿ ਘਿਨਾਉਣੀ ਕਾਰਵਾਈ ਨਾਲ ਸਮੁੱਚੇ ਸਿੱਖ ਭਾਈਚਾਰੇ ’ਚ ਰੋਸ ਤੇ ਰੋਹ ਹੈ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਘੱਟ-ਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਅਤੇ ਤਾਲਿਬਾਨ ਵਲੋਂ ਘਿਨਾਉਣੀ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਪਾਕਿਸਤਾਨ ਸਰਕਾਰ ਨੂੰ ਤੁਰੰਤ ਲੋੜੀਂਦੇ ਕਦਮ ਉਠਾਉਣੇ ਚਾਹੀਦੇ ਹਨ ਤਾਂ ਜੋ ਪਾਕਿਸਤਾਨ ’ਚ ਵੱਸਦੇ ਸਿੱਖਾਂ ਵਿਚ ਬੇਗਾਨਗੀ ਨਾ ਪਨਪੇ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਤਾਲਿਬਾਨ ਵਲੋਂ ਸਿੱਖਾਂ ’ਤੇ ਜ਼ਜ਼ੀਆ ਲਾਏ ਜਾਣ ਦੀ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਅਤੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਪੱਤਰ ਲਿਖ ਕੇ ਪਾਕਿਸਤਾਨ ’ਚ ਵੱਸਦੇ ਸਿੱਖਾਂ ਦੀ ਸੁਰੱਖਿਆ ਦੀ ਮੰਗ ਕੀਤੀ ਸੀ। ਜੇਕਰ ਦੋਨਾਂ ਸਰਕਾਰਾਂ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਸਿੱਖ ਪ੍ਰੀਵਾਰਾਂ ਨਾਲ ਇੰਜ ਨਾ ਹੁੰਦਾ। ਉਨ੍ਹਾਂ ਕਿਹਾ ਕਿ ਤਾਲਿਬਾਨ ਅਜਿਹੀਆਂ ਹਿੰਸਕ ਕਾਰਵਾਈਆਂ ਨਾਲ ਪਾਕਿਸਤਾਨ ’ਚ ਵੱਸਦੇ ਘੱਟ-ਗਿਣਤੀ ਫਿਰਕੇ ਦੇ ਲੋਕ ਸੁਰੱਖਿਅਤ ਨਹੀਂ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ’ਚ ਵੱਸਦੇ ਸਿੱਖਾਂ ਲਈ ਜਾਨਮਾਲ ਦੀ ਸੁਰੱਖਿਆ ਲਈ ਡਿਪਲੋਮੈਟਿਕ ਪੱਧਰ ’ਤੇ ਦਬਾਅ ਪਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੁਰੱਖਿਆ ਲਈ ਯੂ.ਐਨ.ਓ. ਕੋਲ ਵੀ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰਨੀਆਂ ਸਮੁੱਚੀ ਮਾਨਵਤਾ ਲਈ ਸ਼ਰਮ ਵਾਲੀ ਗੱਲ ਹੈ।