ਇਸਲਾਮਾਬਾਦ-ਤਾਲਿਬਾਨ ਅਤਵਾਦੀਆਂ ਨੇ ਪਾਕਿਸਤਾਨ ਦੇ ਗੜਬੜ ਵਾਲੇ ਔਰਾਕਜਈ ਕਬੀਲਾਈ ਖੇਤਰ ਵਿਚ ਘੱਟ ਗਿਣਤੀ ਸਿੱਖਾਂ ਦੇ 11 ਘਰ ਢਹਿ-ਢੇਰੀ ਕਰ ਦਿਤੇ ਹਨ। ਸਿੱਖਾਂ ਵਲੋਂ ਤਾਲਿਬਾਨ ਨੂੰ ਟੈਕਸ ਅਦਾ ਨਾਂ ਕਰਨ ਦੀ ਸੂਰਤ ਵਿਚ ਇਹ ਜੁਲਮ ਝਲਣਾ ਪਿਆ ਹੈ।
ਸਿੱਖ ਇਸ ਖੇਤਰ ਵਿਚ ਸਦੀਆਂ ਤੋਂ ਰਹਿ ਰਹੇ ਹਨ। ਔਰਾਕਜਈ ਏਜੰਸੀ ਦੇ ਆਗੂ ਤਹਿਰੀਕ-ਏ- ਤਾਲਿਬਾਨ ਪਾਕਿਸਤਾਨ ਦੇ ਮੁਖੀ ਬੈਤੁਲਾ ਮਹਿਸੂਦ ਦੇ ਡਿਪਟੀ ਹਕੀਮੁਲਾ ਮਹਿਸੂਦ ਦੇ ਹੁਕਮ ਨਾਲ ਇਹ ਮਕਾਨ ਢਾਹੇ ਗਏ ਹਨ।ਤਾਲਿਬਾਨ ਦਾ ਦਾਅਵਾ ਹੈ ਕਿ ਸ਼ਰੀਆ ਕਨੂੰਨ ਦੇ ਤਹਿਤ ਗੈਰ ਮੁਸਲਿਮਾਂ ਤੋਂ ਸੁਰੱਖਿਆ ਧਨ ਲੈਣਾ ਜਾਇਜ਼ ਹੈ। ਸਿੱਖਾਂ ਵਲੋਂ ਇਹ ਕਰ ਨਾਂ ਦਿਤੇ ਜਾਣ ਕਰਕੇ ਉਨ੍ਹਾਂ ਦੇ ਘਰ ਢਾਹ ਦਿਤੇ ਗਏ ਹਨ। ਸਿੱਖਾਂ ਨੇ ਇਹ ਇਲਾਕਾ ਛੱਡਣ ਬਾਰੇ ਮੋਰੋਜਈ ਵਿਚ ਇਕ ਮੀਟਿੰਗ ਕੀਤੀ ਪਰ ਉਹ ਕਿਸੇ ਸਿਟੇ ਤੇ ਨਹੀਂ ਪਹੁੰਚ ਸਕੇ। ਸਿੱਖਾਂ ਤੋਂ ਸਲਾਨਾ ਪੰਜ ਕਰੋੜ ਰੁਪੈ ਕਰ ਦੇ ਰੂਪ ਵਿਚ ਦੇਣ ਲਈ ਕਿਹਾ ਗਿਆ ਹੈ। ਔਰਾਕਜਈ ਏਜੰਸੀ ਦੇ ਮੋਰੋਜਈ ਦੇ ਕੋਲ ਫਿਰੋਜਖੇਲ ਵਿਚ 35 ਦੇ ਕਰੀਬ ਸਿੱਖ ਪਰੀਵਾਰ ਰਹਿੰਦੇ ਹਨ। ਤਾਲਿਬਾਨ ਨੇ ਮੰਗਲਵਾਰ ਨੂੰ ਕਰ ਦੀ ਅਦਾਇਗੀ ਨਾਂ ਹੋਣ ਕਰਕੇ ਸਿੱਖਾਂ ਦੀਆਂ ਦੋ ਦੁਕਾਨਾਂ ਅਤੇ ਤਿੰਨ ਮਕਾਨਾਂ ਤੇ ਕਬਜ਼ਾ ਕਰ ਲਿਆ ਸੀ। ਤਾਲਿਬਾਨ ਦੇ ਹਮਲਿਆਂ ਤੋਂ ਡਰਦੇ ਕੁਝ ਲੋਕ ਪਹਿਲਾਂ ਹੀ ਦੂਸਰੇ ਜਿਲ੍ਹਿਆਂ ਵਿਚ ਚਲੇ ਗਏ ਸਨ।