ਅੰਮ੍ਰਿਤਸਰ – ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਤੋਂ ਗੁਰਦੁਆਰਾ ਸੰਤੋਖਸਰ ਸਾਹਿਬ ਤੀਕ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ।
ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਇਹ ਨਗਰ ਕੀਰਤਨ ਸਵੇਰੇ 9 ਵਜੇ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਤੋਂ ਆਰੰਭ ਹੋਇਆ। ਸੁੰਦਰ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ’ਚ ਸ਼ਸ਼ੋਭਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਤਾਬਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਚੌਰ ਦੀ ਸੇਵਾ ਨਿਭਾ ਰਹੇ ਸਨ। ਨਗਰ ਕੀਰਤਨ ’ਚ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ, ਸ਼ਬਦੀ ਜਥੇ, ਗਤਕਾ ਪਾਰਟੀਆਂ, ਵੱਖ-ਵੱਖ ਸਕੂਲਾਂ ਦੇ ਬੈਂਡ ਦੇ ਵਿਦਿਆਰਥੀ ਤੇ ਅਧਿਆਪਕ, ਫੌਜੀ ਬੈਂਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਮੁੱਚਾ ਸਟਾਫ ਸ਼ਾਮਲ ਸੀ। ਨਗਰ ਕੀਰਤਨ ਦਾ ਰਸਤਾ ਬਹੁਤ ਹੀ ਸੋਹਣੀ ਤਰ੍ਹਾਂ ਸਜਾਇਆ ਹੋਇਆ ਸੀ। ਰਸਤੇ ਵਿਚ ਸ਼ਰਧਾਲੂਆਂ ਨੇ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ ਦੀ ਲੰਗਰ, ਜਲ, ਚਾਹ ਆਦਿ ਨਾਲ ਸੇਵਾ ਕੀਤੀ।ਨਗਰ ਕੀਰਤਨ ਖੂਹ ਬੰਬੇ ਵਾਲਾ, ਕਟੜਾ ਪਰਜ਼ਾਪਤ, ਸ਼ਾਸ਼ਤਰੀ ਮਾਰਕੀਟ, ਚੌਂਕ ਟੈਲੀਫੋਨ ਐਕਸਚੈਂਜ, ਕਟੜਾ ਘਨੱਈਆ, ਚੌਂਕ ਫਰੀਦ, ਕਟੜਾ ਸ਼ੇਰ ਸਿੰਘ, ਰੀਜ਼ੈਂਟ ਟਾਕੀ ਤੇ ਹਾਲ ਬਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਟਾਹਲੀ ਸਾਹਿਬ (ਸੰਤੋਖਸਰ) ਵਿਖੇ ਸੰਪੰਨ ਹੋਇਆ। ਨਗਰ ਕੀਰਤਨ ਦੀ ਅਰੰਭਤਾ ਤੋਂ ਪਹਿਲਾਂ ਭਾਈ ਗੁਰਇਕਬਾਲ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਗਿਆਨੀ ਧਰਮ ਸਿੰਘ ਨੇ ਕੀਤੀ, ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ. ਬਲਬੀਰ ਸਿੰਘ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੀਰਤਨ ’ਚ ਬਿਧੀ ਚੰਦ ਸੰਪਰਦਾ ਦੇ ਬਾਬਾ ਅਵਤਾਰ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਤੇ ਸ. ਰਣਵੀਰ ਸਿੰਘ ਬਡਿਆਲ, ਐਡੀ: ਸਕੱਤਰ ਸ. ਸਤਿਬੀਰ ਸਿੰਘ ਤੇ ਸ. ਰੂਪ ਸਿੰਘ, ਮੀਤ ਸਕੱਤਰ ਸ. ਗੁਰਚਰਨ ਸਿੰਘ ਘਰਿੰਡਾ, ਸ. ਹਰਭਜਨ ਸਿੰਘ ਮਨਾਵਾ, ਸ. ਦਿਲਬਾਗ ਸਿੰਘ ਤੇ ਸ. ਗੁਰਬਚਨ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਅਮਲਾ ਵਿਭਾਗ ਦੇ ਇੰਚਾਰਜ ਸ. ਰਘਬੀਰ ਸਿੰਘ, ਸ. ਹਰਦੀਪ ਸਿੰਘ ਪੱਟੀ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ ਭੂਰਾ, ਧਰਮ ਪ੍ਰਚਾਰ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਹਰਭਜਨ ਸਿੰਘ, ਸ਼੍ਰੋਮਣੀ ਕਮੇਟੀ ਦੇ ਸਹਾਇਕ ਸੁਪ੍ਰਿੰਟੈਂਡੈਂਟ ਸ. ਮੇਜਰ ਸਿੰਘ, ਅਕਾਉਂਟੈਂਟ ਸ. ਰਜਿੰਦਰ ਸਿੰਘ ਤੇ ਸ. ਹਰਿੰਦਰਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ (ਸਰਾਵਾਂ) ਸ. ਕੁਲਦੀਪ ਸਿੰਘ ਬਾਵਾ, ਐਡੀ: ਮੈਨੇਜਰ ਸ. ਬਲਬੀਰ ਸਿੰਘ, ਗਿਆਨੀ ਟਹਿਲ ਸਿੰਘ, ਸ. ਪ੍ਰਤਾਪ ਸਿੰਘ, ਮੀਤ ਮੈਨੇਜਰ ਸ. ਰਘਬੀਰ ਸਿੰਘ, ਅਕਾਊਂਟੈਂਟ ਸ. ਇੰਦਰਪਾਲ ਸਿੰਘ ਤੇ ਸ. ਜਗੀਰ ਸਿੰਘ, ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਇਸ਼ਨਾਨ ਦੀ ਸੇਵਾ ਕਰਾਉਣ ਵਾਲੇ ਜਥੇ ਦੇ ਸਮੂੰਹ ਮੈਂਬਰ, ਸ. ਬਲਬੀਰ ਸਿੰਘ ਮੁੱਖ ਸੇਵਾਦਾਰ ਤੇ ਸ. ਤਰਲੋਚਨ ਸਿੰਘ, ਸੇਵਕ ਜਥਾ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਸਮੁੱਚਾ ਸਟਾਫ ਤੇ ਭਾਰੀ ਗਿਣਤੀ ’ਚ ਸ਼ਹਿਰ ਦੇ ਪਤਵੰਤੇ ਤੇ ਸੰਗਤਾਂ ਮੌਜੂਦ ਸਨ।
ਸ੍ਰੀ ਦਰਬਾਰ ਸਾਹਿਬ ਦੇ ਐਡੀ: ਮੈਨੇਜਰ ਸ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤਿ ਕੱਲ ਸ਼ਨੀਵਾਰ ਨੂੰ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਇਲਾਹੀ ਬਾਣੀ ਦਾ ਕੀਰਤਨ ਕਰਨਗੇ। ਸ਼ਾਮ ਨੂੰ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਵਿਖੇ ਦੀਪਮਾਲਾ ਹੋਵੇਗੀ ਅਤੇ ਰਹਿਰਾਸ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਚਲਾਈ ਜਾਵੇਗੀ।