ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਚੋਣ ਰੈਲੀਆਂ ਅੰਦਰੂਨੀ ਸ਼ਹਿਰ ਅਤੇ ਬੈਰੂਨੀ ਚੌਰਾਹਿਆਂ ਅਤੇ ਸੜਕਾਂ ਦੀ ਬਜਾਏ ਸ਼ਹਿਰ ਦੇ ਬਾਹਰਲੇ ਇਲਾਕਿਆਂ ਵਿੱਚ ਖੁੱਲੀਆਂ ਥਾਵਾ, ਮੈਰਿਜ ਪੈਲਸ ਅਤੇ ਰਿਜ਼ੋਰਟਸ ਵਿੱਚ ਕਰਨ ਦੀ ਮੰਗ ਕੀਤੀ ਹੈ। ਭਾਰਤ ਦੇ ਪ੍ਰਮੁੱਖ ਚੋਣ ਕਮਿਸ਼ਨਰ ਸ੍ਰੀ ਨਵੀਨ ਚਾਵਲਾ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਪ੍ਰੋ: ਮੋਹਨ ਸਿੰਘ ਨੇ ਕਿਹਾ ਕਿ ਮਨਮਰਜੀ ਨਾਲ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਜੋ ਕਿ ਅਕਸਰ ਮਹੱਤਵਪੂਰਨ ਚੌਂਕਾਂ ਅਤੇ ਸੜਕਾਂ ਤੇ ਵੇਖਣ ਨੂੰ ਮਿਲਦੀਆਂ ਹਨ, ਉਨ੍ਹਾਂ ਕਾਰਨ ਜਨਤਾ ਨੂੰ ਅਤੇ ਸਕੂਲੀ ਬੱਚਿਆਂ ਨੂੰ ਦਰਪੇਸ਼ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ਹਿਰੋਂ ਬਾਹਰ ਖੁੱਲੀਆਂ ਥਾਵਾਂ ਤੇ ਚੋਣ ਰੈਲੀਆਂ ਲਈ ਥਾਵਾਂ ਨਿਰਧਾਰਤ ਕਰਨ ਦੀ ਜਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤ ਕੀਤੀ ਜਾਵੇ, ਤਾਂ ਜੋ ਆਮ ਜਨਤਾ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਅਕਸਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਕੀਤੀਆਂ ਜਾਂਦੀਆਂ ਰੈਲੀਆਂ ਸਮੇਂ ਜਿੱਥੇ ਸੜਕਾਂ ਦੀ ਭੰਨ ਤੋੜ ਕੀਤੀ ਜਾਂਦੀ ਹੈ ਅਤੇ ਰਸਤੇ ਰੋਕ ਕੇ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਥੇ ਏਅਰਪੋਰਟ ਤੋਂ ਲੈ ਕੇ ਕਚਿਹਰੀ ਬਰਾਸਤਾ ਭੰਡਾਰੀ ਪੁੱਲ ਤੇ ਉਨ੍ਹਾਂ ਇਲਾਕਿਆਂ ਜਿਥੋਂ ਦੀ ਕਿ ਮੁੱਖ ਮੰਤਰੀ ਅਤੇ ਹੋਰਨਾਂ ਸਿਆਸਤਦਾਨਾਂ ਨੇ ¦ਘਣਾ ਹੁੰਦਾ ਹੈ, ਕਰਫਿਊ ਵਰਗੀ ਹਾਲਤ ਪੈਦਾ ਕੀਤੀ ਜਾਂਦੀ ਹੈ। ਘੰਟਿਆਂ ਬੱਧੀ ਭੰਡਾਰੀ ਪੁੱਲ ਅਤੇ ਹੋਰਨਾਂ ਸੜਕਾਂ ਤੇ ਆਵਾਜਾਈ ਠੱਪ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਸਕੂਲੀ ਬੱ੍ਯਚਿਆਂ ਨੂੰ ਖਾਸ ਕਰਕੇ ਅਤੇ ਬਾਹਰੋਂ ਆਉਂਦੇ ਲੋਕਾਂ ਨੂੰ ਆਮ ਤੌਰ ਤੇ ਪਤਾ ਨਹੀਂ ਲੱਗਦਾ ਕਿ ਉਹ ਆਪਣੇ ਟਿਕਾਣਿਆਂ ਤੇ ਕਿਵੇਂ ਪੁੱਜਣ। ਸੜਕਾਂ ਕੰਢੇ ਲੱਗੇ ਸਕੂਟਰ, ਕਾਰਾਂ ਨੂੰ ਕਿਹਾ ਜਾਂਦਾ ਹੈ ਕਿ ਦੁਕਾਨਾਂ ਦੇ ਅੰਦਰ ਕਰ ਲਵੋ ਜਾਂ ਕਿਸੇ ਹੋਰ ਜਗ੍ਹਾ ਲੈ ਜਾਓ, ਜੋ ਅਜਿਹਾ ਨਹੀਂ ਕਰਦਾ ਉਨ੍ਹਾਂ ਦੀਆਂ ਗੱਡੀਆਂ ਪੁਲਿਸ ਜਬਰੀ ਚੁੱਕ ਕੇ ਲੈ ਜਾਂਦੀ ਹੈ। ਲੋਕਾਂ ਨੂੰ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਜਾਂਦੀ। ਇਸ ਸਮੱਸਿਆ ਦਾ ਸਭ ਤੋਂ ਉਚਿਤ ਤੇ ਵਧੀਆ ਹੱਲ ਰਣਜੀਤ ਐਵੀਨਿਊ, ਨਿਊ ਅੰਮ੍ਰਿਤਸਰ ਅਤੇ ਬਾਈਪਾਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਚੋਣ ਰੈਲੀਆਂ ਲਈ ਥਾਵਾਂ ਨਿਸ਼ਚਿਤ ਕੀਤੀਆਂ ਜਾਣ ਅਤੇ ਇੰਨ੍ਹਾਂ ਲੀਡਰਾਂ ਦੇ ਦਿਨ ਵੇਲੇ ਸ਼ਹਿਰ ਅੰਦਰ ਰੈਲੀਆਂ ਕਰਨ ਤੇ ਰੋਕ ਲਗਾਈ ਜਾਵੇ। ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਰਾਤ ਨੂੰ ਇਸੇ ਲਈ ਜਨਤਕ ਰੈਲੀਆਂ ਕੀਤੀਆਂ ਜਾਂਦੀਆਂ ਹਨ। ਜੇ ਇੰਨ੍ਹਾਂ ਲੀਡਰਾਂ ਨੇ ਸ੍ਰੀ ਦਰਬਾਰ ਸਾਹਿਬ ਜਾਂ ਸ਼ਹਿਰ ਵਿੱਚ ਕਿਸੇ ਹੋਰ ਜਗ੍ਹਾ ਤੇ ਜਾਣਾ ਹੋਵੇ ਤਾਂ ਇਹ ਸਵੇਰੇ-ਸਵੇਰੇ ਜਾਂ ਸ਼ਾਮ ਨੂੰ ਟਰੈਫਿਕ ਘਟਣ ਤੋਂ ਬਾਅਦ ਜਾਣ, ਤਾਂ ਜੋ ਆਵਾਜਾਈ ਵਿੱਚ ਵਿਘਨ ਨਾ ਪਵੇ।