ਮੈਕਸੀਕੋ ਸਿਟੀ- ਸਵਾਈਨ ਫਲੂ ਨੂੰ ਜਿਆਦਾ ਵੱਧਣ ਤੋਂ ਰੋਕਣ ਲਈ ਪੂਰੇ ਮੈਕਸੀਕੋ ਵਿਚ ਪੰਜ ਦਿਨ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸਦੇ ਤਹਿਤ ਸਕੂਲ, ਬਾਰ, ਰੈਸਟੋਰੈਂਟ, ਸਿਨਮਾ ਹਾਲ ਅਤੇ ਫੈਕਟਰੀਆਂ ਨੂੰ ਬੰਦ ਕਰ ਦਿਤਾ ਗਿਆ ਹੈ। ਸਰਕਾਰੀ ਦਫਤਰਾਂ ਅਤੇ ਹੋਰ ਜਰੂਰੀ ਸਥਾਨਾਂ ਨੂੰ ਇਸ ਤੋਂ ਛੋਟ ਦਿਤੀ ਗਈ ਹੈ। ਇਸ ਵਾਇਰਸ ਦੇ ਹੁਣ ਤਕ 12 ਦੇਸ਼ਾਂ ਵਿਚ ਫੈਲਣ ਦੀ ਪੁਸ਼ਟੀ ਹੋ ਚੁਕੀ ਹੈ। ਪਰ ਮੈਕਸੀਕੋ ਤੋਂ ਬਾਹਰ ਇਹ ਇਹ ਵਾਇਰਸ ਜਿਆਦਾ ਖਤਰਨਾਕ ਨਹੀਂ ਵਿਖਾਈ ਦੇ ਰਿਹਾ। ਮੈਕਸੀਕੋ ਵਿਚ 160 ਲੋਕ ਇਸ ਫਲੂ ਦੇ ਨਾਲ ਆਪਣੀਆਂ ਜਾਨਾਂ ਗਵਾ ਚੁਕੇ ਹਨ। ਇਸ ਤੋਂ ਇਲਾਵਾ ਅਮਰੀਕਾ ਵਿਚ ਵੀ ਇਕ ਮੌਤ ਹੋਈ ਹੈ।
ਮੈਕਸੀਕੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਇਰਸ ਦਾ ਅਸਰ ਘੱਟ ਰਿਹਾ ਹੈ ਪਰ ਇਸ ਵਿਚ ਵਰਤੀ ਜਾ ਰਹੀ ਸਾਵਧਾਨੀ ਵਿਚ ਕੋਈ ਕਮੀ ਨਹੀਂ ਕੀਤੀ ਜਾਵੇਗੀ। ਡਬਲਿਊ ਐਚਓ ਦੇ ਫਲੂ ਮਾਮਲਿਆਂ ਦੇ ਮੁੱਖੀ ਕੇਜੀ ਫੂਕੂਦਾ ਨੇ ਕਿਹਾ ਹੈ ਕਿ ਇਹ ਵਾਇਰਸ ਫੈਲ ਰਿਹਾ ਹੈ। ਅਜਿਹਾ ਕੋਈ ਸਬੂਤ ਨਹੀਂ ਹੈ ਕਿ ਇਸਦਾ ਅਸਰ ਘੱਟ ਹੋ ਰਿਹਾ ਹੈ।
ਅਮਰੀਕਾ ਵਿਚ ਵੀ ਇਸ ਫਲੂ ਦੇ 109 ਕੇਸਾਂ ਦੀ ਪੁਸ਼ਟੀ ਹੋ ਚੁਕੀ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 11 ਸੂਬਿਆਂ ਵਿਚ 300 ਦੇ ਕਰੀਬ ਸਕੂਲਾਂ ਨੂੰ ਬੰਦ ਕਰ ਦਿਤਾ ਗਿਆ ਹੈ। ਐਰੀਜੋਨਾ, ਇੰਡੀਆਨਾ, ਕੈਲੀਫੋਰਨੀਆਂ,ਟੈਕਸਸ ਅਤੇ ਨਿਊਯਾਰਕ ਆਦਿ ਕੁਝ ਰਾਜਾਂ ਵਿਚ ਫਲੂ ਦਾ ਅਸਰ ਹੈ।