ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਗੁਰਧਾਮਾਂ ਦਾ ਮਰਿਯਾਦਾ ਅਨੁਸਾਰ ਪ੍ਰਬੰਧ ਚਲਾਉਣ ਵਾਲੀ ਸਿੱਖ ਜਗਤ ਦੀ ਸਰਵਉੱਚ ਪ੍ਰਤੀਨਿਧ ਧਾਰਮਿਕ ਸੰਸਥਾ ਹੈ। ਜਥੇਦਾਰ ਅਵਤਾਰ ਸਿੰਘ ਸਿੱਖਾਂ ਦੀ ਇਸ ਸੰਸਥਾ ਦੇ ਚੁਣੇ ਹੋਏ ਪ੍ਰਧਾਨ ਹਨ। ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾਂ ਸਬੰਧੀ ਜਥੇਦਾਰ ਅਵਤਾਰ ਸਿੰਘ ਨੇ ਸੰਗਤਾਂ ਪਾਸੋਂ ਖਿਮਾਂ ਯਾਚਨਾ ਕੀਤੀ ਹੈ ਉਥੇ ਪ੍ਰਬੰਧਕੀ ਨੁਕਤਾ-ਨਿਗਾਹ ਤੋਂ ਵੀ ਕਾਰਵਾਈ ਕਰਦਿਆਂ ਇਕ ਕਰਮਚਾਰੀ ਸਰਵਿਸ ਤੋਂ ਵਿਹਲਾ, ਇਕ ਨੂੰ ਸਰਵਿਸ ਤੋਂ ਮੁਅੱਤਲ ਅਤੇ ਕੁਝ ਤਬਦੀਲੀਆਂ ਵੀ ਕੀਤੀਆਂ ਹਨ। ਇਸ ਦੇ ਬਾਵਜੂਦ ਵੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਤੇ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਅਜਨਾਲਾ ਜਥੇਬੰਦੀ ਵਲੋਂ ਇਸ ਮਹਾਨ ਸੰਸਥਾ ਦੇ ਪ੍ਰਧਾਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦਾ ਪੁਤਲਾ ਸਾੜੇ ਜਾਣ ਦੀ ਘਟਨਾਂ ਬਹੁਤ ਹੀ ਮੰਦਭਾਗੀ ਤੇ ਹਿਰਦੇ-ਵੇਦਕ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਮੌਜੂਦਾ ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਰਜਿੰਦਰ ਸਿੰਘ ਮਹਿਤਾ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਬਲਦੇਵ ਸਿੰਘ ਐਮ.ਏ., ਬੀਬੀ ਕਿਰਨਜੋਤ ਕੌਰ, ਸ. ਗੁਰਪਾਲ ਸਿੰਘ ਜਾਣੀਆਂ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਖੁਸ਼ਵਿੰਦਰ ਸਿੰਘ ਭਾਟੀਆ ਤੇ ਸ. ਸਵਿੰਦਰ ਸਿੰਘ ਦੋਬਲੀਆ ਨੇ ਇਕ ਸਾਂਝੇ ਪ੍ਰੈਸ ਰਲੀਜ਼ ’ਚ ਕੀਤਾ।
ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ ਦੇ ਇਸ ਦਾਹਵੇ ਵਿਚ ਕੋਈ ਸਚਾਈ ਨਹੀਂ ਕਿ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾਂ ਦੇ ਦੋਸ਼ੀ ਰਜੀਵ ਕੁਮਾਰ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਾਂ ਮਨੋਰੋਗੀ ਸਾਬਤ ਕਰਕੇ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਚਾਈ ਤਾਂ ਇਹ ਹੈ ਕਿ ਕਥਿਤ ਦੋਸ਼ੀ ਇਸ ਸਮੇਂ ਜ਼ੇਰੇ ਤਫਤੀਸ਼ ਹੈ ਅਤੇ ਪੁਲਿਸ ਜਾਂ ਡਾਕਟਰੀ ਰਿਪੋਟਰ ਆਉਣੀ ਅਜੇ ਬਾਕੀ ਹੈ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਜਥੇਬੰਦੀਆਂ ਨੇ ਸਿੱਖਾਂ ਦੀ ਕੌਮੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦੇ ਪੁਤਲੇ ਸਾੜ ਕੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਇਸ ਗੈਰ ਪੰਥਕ ਕਾਰਵਾਈ ਲਈ ਸਬੰਧਤਾਂ ਖਿਲਾਫ ਪੰਥਕ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਘਟਨਾਂ ਹਿਰਦੇ ਵੇਦਕ ਹੈ ਪਰ ਇਸ ਘਟਨਾਂ ’ਤੇ ਕੇਵਲ ਸਸਤੀ ਸ਼ੋਹਰਤ ਦੀ ਖਾਤਰ ਰਾਜਨੀਤੀ ਕਰਨੀ ਵੀ ਬਹੁਤ ਹੀ ਦਿਲ ਦਿਖਾਊ ਤੇ ਘਟੀਆ ਕਾਰਵਾਈ ਹੈ।