ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ’ਚ ਤਾਲਿਬਾਨਾਂ ਵਲੋਂ ਸਿੱਖਾਂ ਕੋਲੋਂ ਜ਼ਜ਼ੀਆ ਇਕੱਤਰ ਕਰਨ ਮਗਰੋਂ ਉਨ੍ਹਾਂ ਦੇ ਘਰ-ਬਾਰ ਨੇਸਤੋ-ਨਾਬੂਦ ਕਰਕੇ ਉਨ੍ਹਾਂ ਨੂੰ ਘਰੋਂ-ਬੇ-ਘਰ ਕਰ ਦਿੱਤੇ ਜਾਣ ਦੀ ਅਣਮਨੁੱਖੀ ਕਾਰਵਾਈ ਦੀ ਘੋਰ ਨਿੰਦਾ ਕਰਦਿਆਂ ਸੰਯੁਕਤ ਰਾਸ਼ਟਰੀ ਸੰਘ (ਯੂ.ਐਨ.ਓ.) ਨੂੰ ਇਕ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ’ਚ ਘੱਟ-ਗਿਣਤੀ ਸਿੱਖਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਫੌਰੀ ਕਦਮ ਉਠਾਵੇ।
ਯੂ.ਐਨ.ਓ. ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਤਾਲਿਬਾਨਾਂ ਵਲੋਂ ਘਰੋਂ-ਬੇ-ਘਰ ਕੀਤੇ ਸਿੱਖ ਪ੍ਰੀਵਾਰਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨ ਨਾਲ ਸੰਪਰਕ ਬਣਾਇਆ ਹੋਇਆ ਹੈ ਪਰ ਅਜੇ ਤੀਕ ਉਨ੍ਹਾਂ ਵਲੋਂ ਇਸ ਸਬੰਧੀ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ। ਜਦ ਕਿ ਉਜੜੇ ਹੋਏ ਸਿੱਖਾਂ ਨੂੰ ਫੌਰੀ ਤੌਰ ’ਤੇ ਹਰ ਪ੍ਰਕਾਰ ਦੀ ਰਾਹਤ ਅਤੇ ਸੁਰੱਖਿਆ ਦੇ ਅਹਿਸਾਸ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਸਿੱਖ ਪ੍ਰੀਵਾਰਾਂ ਦੇ ਮੁੜ-ਵਸੇਬੇ ਲਈ ਰਾਹਤ ਰਾਸ਼ੀ ਭੇਜੇ ਜਾਣ ਦੀ ਇੱਛੁਕ ਹੈ ਪਰ ਦੋਨਾਂ ਸਰਕਾਰਾਂ ਵਲੋਂ ਇਸ ਸਬੰਧੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਯੂ.ਐਨ.ਓ. ਨੂੰ ਪਰੁਜ਼ੋਰ ਅਪੀਲ ਕੀਤੀ ਹੈ ਕਿ ਪਾਕਿਸਤਾਨ ਵਿਚ ਸਿੱਖ ਪ੍ਰੀਵਾਰ ਨੂੰ ਦਰਪੇਸ਼ ਇਸ ਬਿਪਤਾ ਦੀ ਘੜੀ ਵਿਚ ਤੁਰੰਤ ਕਾਰਵਾਈ ਕਰੇ ਅਤੇ ਪਾਕਿਸਤਾਨ ਸਰਕਾਰ ’ਤੇ ਜ਼ੋਰ ਪਾਵੇ ਕਿ ਉਹ ਪਾਕਿਸਤਾਨ ’ਚ ਵੱਸਦੇ ਸਿੱਖਾਂ ਨੂੰ ਹਰ ਪ੍ਰਕਾਰ ਦੀ ਰਾਹਤ ਤੇ ਸੁਰੱਖਿਆ ਮੁਹੱਈਆ ਕਰੇ।