ਅੰਮ੍ਰਿਤਸਰ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਦੇਸ਼ ਦੇ ਸਿੱਖ ਪ੍ਰਧਾਨ ਮੰਤਰੀ ਉੱਤੇ ਪਾਕਿਸਤਾਨ ਵਿਖੇ ਰਹਿ ਰਹੇ ਆਪਣੇ ਗੁਰਭਾਈਆਂ ਦੇ ਹਿੱਤਾਂ ਦੀ ਰਾਖੀ ਨਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿ ਦੇ ਸਿੱਖਾਂ ਅਤੇ ਹਿੰਦੂਆਂ ਦਾ ਸੈਂਕੜਿਆਂ ਦੀ ਗਿਣਤੀ ਵਿੱਚ ਹਿਜਰਤ ਕਰਨਾ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਕਿਹਾ ਕਿ ਤਾਲਿਬਾਨਾਂ ਵੱਲੋਂ ਪਾਕਿ ਦੇ ਔਰਕਜਾਈ ਕਬਾਇਲੀ ਖੇਤਰ ਵਿੱਚ ਰਹਿ ਰਹੇ ਸਿੱਖ ਪਰਿਵਾਰਾਂ ਉੱਤੇ ਅਤਿਆਚਾਰ ਕਰਨ, ਜਜ਼ੀਆ ਉਗਰਾਉਣ ਅਤੇ ਉਨ੍ਹਾਂ ਦੇ ਮਕਾਨਾਂ ਨੂੰ ਢਾਹ ਦੇਣ ਕਾਰਨ ਉਥੋਂ ਦਾ ਸਿੱਖ ਭਾਈਚਾਰਾ ਘਰ ਬਾਹਰ ਅਤੇ ਕਾਰੋਬਾਰ ਛੱਡ ਕੇ ਹਿਜਰਤ ਕਰਨ ਲਈ ਮਜਬੂਰ ਹੋਏ ਹਨ । ਪ੍ਰੈਸ ਸਕਤਰ ਪ੍ਰੋ:ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿਚ ਸ੍ਰ ਮਜੀਠੀਆ ਨੇ ਜਿਥੇ ਸਿੱਖਾਂ ਉੱਤੇ ਹੋਏ ਅਤਿਆਚਾਰ ਦੀ ਸਖ਼ਤ ਨਿਖੇਧੀ ਕੀਤੀ ਉਥੇ ਇਹ ਵੀ ਕਿਹਾ ਕਿ ਸਿੱਖ ਪ੍ਰਧਾਨ ਮੰਤਰੀ ਨੇ ਇਸ ਮਸਲੇ ਪ੍ਰਤੀ ਪਾਕਿ ਸਰਕਾਰ ਵੱਲੋਂ ਇਸ ਨੂੰ ਪਾਕਿਸਤਾਨ ਦਾ ਅੰਦਰੂਨੀ ਮਾਮਲਾ ਕਹਿੰਦਿਆਂ ਇਸ ਵਿੱਚ ਦਖਲ ਨਾ ਕਰਨ ਦੀ ਦਿੱਤੀ ਗਈ ਚਿਤਾਵਨੀ ਅਤੇ ਘੂਰੀ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਫਾਫੇਬਾਜ਼ੀ ਤੇ ਹੱਥ ਤੇ ਹੱਥ ਰੱਖ ਕੇ ਬੈਠਣਾ ਛੱਡ ਕੇ ਇਸ ਗੰਭੀਰ ਮਸਲੇ ਉੱਤੇ ਠੋਸ ਕਦਮ ਚੁੱਕਣ ਲਈ ਕਿਹਾ। ਸਿੱਖਾਂ ਉੱਤੇ ਹੋ ਰਹੇ ਅਤਿਆਚਾਰਾਂ ਨੂੂੰ ਮਨੁੱਖੀ ਅਧਿਕਾਰਾਂ ਦਾ ਉ¦ਘਣ ਕਰਾਰ ਦਿੰਦਿਆਂ ਸ; ਮਜੀਠੀਆ ਨੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਬੰਧਿਤ ਸਿੱਖਾਂ ਨੂੰ ਜੋ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਤਾਂ ਉਹ ਚੜ੍ਹਦੇ ਪੰਜਾਬ ਆਉਣ ਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਜਿੰਮੇਵਾਰੀ ਪੰਜਾਬ ਸਰਕਾਰ ਵਲੋਂ ਲੈਣ ਸੰਬੰਧੀ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਹੈ।
ਸ੍ਰ ਮਜੀਠੀਆ ਨੇ ਕਿਹਾ ਕਿ ਚੋਣਾਂ ਮੌਕੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੀ ਪੰਜਾਬ ਫੇਰੀ ਵੀ ਪੰਜਾਬ ਵਿੱਚ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਪਾਰ ਨਹੀਂ ਲਗਾ ਸਕੇਗੀ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਲੋਕ ਦੇਸ਼ ਵਿੱਚੋਂ ਕਾਂਗਰਸ ਦਾ ਵਜੂਦ ਖਤਮ ਕਰ ਦੇਣਗੇ। ਉਨ੍ਹਾਂ ਨੇ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਚਾਲਬਾਜ਼ ਲੋਕਾਂ ਵੱਲੋਂ ਲਿਖੇ ਹੋਏ ਝੂਠੇ ਬਿਆਨਾਂ ਨੂੰ ਪੜ੍ਹ ਕੇ ਸੁਣਾਉਣ ਦੀ ਥਾਂ ਜਮੀਨ ਉੱਤੇ ਆਉਣ ਅਤੇ ਜ਼ਮੀਨੀ ਹਕੀਕਤ, ਲੋਕਾਂ ਦੀਆਂ ਭਾਵਨਾਵਾਂ ਅਤੇ ਦੁਖ- ਤਕਲੀਫ਼ਾਂ ਨੂੰ ਸਮਝਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਵੱਲੋਂ ਪੰਜਾਬ ਨਾਲ ਵਿਤਕਰਾ ਨਾ ਕਰਨ ਸਬੰਧੀ ਪਾਈ ਜਾ ਰਹੀ ਦੁਹਾਈ ਨੂੰ ਰੱਦ ਕਰਦਿਆਂ ਸਵਾਲ ਕੀਤਾ ਕਿ ਕੀ ਉਹ ਇਹ ਦੱਸਣ ਦੀ ਖੇਚਲ ਕਰਨਗੇ ਕਿ ਯੂ:ਪੀ, ਬਿਹਾਰ ਸਮੇਤ ਹੋਰ ਕਾਂਗਰਸ ਸਾਸ਼ਤ ਰਾਜਾਂ ਦੇ ਵਿਕਾਸ ਲਈ ਅਰਬਾਂ ਖਰਬਾਂ ਰੁਪਏ ਦੇਣ ਵਾਲੀ ਸਰਕਾਰ ਨੇ ਪੰਜਾਬ ਨੂੰ ਕੁਝ ਦੇਣ ’ਚ ਕਿਉਂ ਆਨਾਕਾਨੀ ਕੀਤੀ ਅਤੇ ਕੁੱਲ ਰਾਸ਼ੀ ਵਿੱਚੋਂ ਪੰਜਾਬ ਦੇ ਹਿੱਸੇ ਕਿੰਨੀ ਫੀਸਦੀ ਰਕਮ ਆਈ। ਉਹਨਾਂ ਕਿਹਾ ਕਿ ਪੰਜਾਬ ਕੋਲ ਰਾਜਧਾਨੀ ਨਹੀਂ, ਬਿਜਲੀ ਪਾਣੀ ਉੱਤੇ ਕੇਂਦਰ ਦਾ ਕਬਜ਼ਾ ਹੈ, ਪਹਾੜੀ ਰਾਜਾਂ ਨੂੰ ਰਿਆਇਤਾਂ ਅਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ, ਕੀ ਇਹ ਪੰਜਾਬ ਨਾਲ ਵਿਤਕਰੇਬਾਜ਼ੀ ਨਹੀਂ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਸੋਨੀਆਂ ਗਾਂਧੀ ਨੇ ਇਹ ਕਹਿਣ ਅਤੇ ਸਵੀਕਾਰ ਕਰਨ ’ਚ ਸ਼ਰਮ ਕਿਉਂ ਨਹੀਂ ਮਹਿਸੂਸ ਕੀਤੀ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਅੰਨ ਭੰਡਾਰ ਵਿੱਚ 70 ਫੀਸਦੀ ਹਿੱਸਾ ਪਾ ਕੇ ਦੇਸ਼ ਨੂੰ ਅੰਨ ਪੱਖੋਂ ਆਤਮ ਨਿਰਭਰ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਦੇ ਹਿੱਸੇ 72000 ਕਰੋੜ ਦੇ ਕਰਜ਼ਾ ਮੁਆਫ਼ੀ ਸਕੀਮ ਵਿਚ੍ਯੋਂ 1200 ਕਰੋੜ ਰੁਪਏ ਭਾਵ 1 ਫੀਸਦੀ ਦਾ ਮਾਮੂਲੀ ਹਿੱਸਾ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਦੇ ਬਹਾਦਰ ਲੋਕ ਇਹ ਜਾਣਦੇ ਹਨ ਕਿ ਉਹਨਾਂ ਦੇ ਹਿੱਤਾਂ ਦੀ ਰਾਖੀ ਕਿਸ ਨੇ ਕੀਤੀ ਤੇ ਭਵਿੱਖ ਕਿਸ ਦੇ ਹੱਥਾਂ ਵਿੱਚ ਸੁਰੱਖਿਅਤ ਰਹੇਗਾ। ਉਹਨਾ ਕਿਹਾ ਕਿ ਕਾਂਗਰਸ ਦਾ ਪੰਜਾਬ ਵਿਚੋਂ ਬਿਸਤਰਾ ਗੋਲ ਹੋਣਾ ਨਿਸ਼ਚਿਤ ਹੈ ਅਤੇ 13 ਦੀਆਂ 13 ਸੀਟਾਂ ’ਤੇ ਅਕਾਲੀ ਭਾਜਪਾ ਗਠਜੋੜ ਸ਼ਾਨਦਾਰ ਜਿੱਤ ਹਾਸਲ ਕਰੇਗਾ। ਇਸ ਮੌਕੇ ਉਹਨਾ ਨਾਲ ਪ੍ਰੋ: ਸਰਚਾਂਦ ਸਿੰਘ , ਤਲਬੀਰ ਸਿੰਘ ਗਿਲ, ਸਰਵਨ ਸਿੰਘ ਧੁੰਨ ਤੇ ਅਲਮਬੀਰ ਸਿੰਘ ਵੀ ਮੌਜੂਦ ਸਨ।