ਸਿਡਨੀ-ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਪੰਜਾਬ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵਾਸਤੇ ਸਾਡੀ ਸਰਕਾਰ ਨੇ ਖਾਸ ਉਪਰਾਲੇ ਕੀਤੇ ਹਨ। ਪਿਛਲੇ 5 ਸਾਲਾਂ ਵਿੱਚ ਸਾਡੀ ਸਰਕਾਰ ਨੇ ਪੇਂਡੂ ਅਤੇ ਖੇਤੀ ਵਿਕਾਸ ਨੂੰ ਮੁੱਖ ਮੁੱਦਾ ਬਣਾਉਂਦਿਆਂ ਇਤਿਹਾਸਕ ਕਦਮ ਚੁੱਕੇ ਹਨ।
ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਨਾਲ ਪੁੂਰਾ ਇਨਸਾਫ਼ ਹੋਵੇ, ਇਸ ਲਈ ਕਿਸਾਨਾਂ ਦੇ ਹੱਕ ਵਿੱਚ ਮਜ਼ਬੂਤ ਕਦਮ ਚੁੱਕਦਿਆਂ ਸਾਡੀ ਸਰਕਾਰ ਨੇ ਕਣਕ ਦਾ ਮੁੱਲ 630 ਰੁਪਏ ਤੋਂ ਵਧਾ ਕੇ 1080 ਰੁਪਏ, ਝੋਨੇ ਦਾ ਮੁੱਲ 590 ਰੁਪਏ ਤੋਂ ਵਧਾ ਕੇ 930 ਰੁਪਏ ਕੀਤਾ ਹੈ, ਜੋ ਅੱਜ ਤੱਕ ਕਿਸੇ ਵੀ ਸਰਕਾਰ ਨੇ ਸੋਚਣ ਦੀ ਹਿੰਮਤ ਵੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਖ਼ਾਦ ਦਵਾਈਆਂ ਦੀ ਕੀਮਤ ਵਿੱਚ ਵੀ ਪਿਛਲੇ ਪੰਜਾਂ ਸਾਲਾਂ ਵਿੱਚ ਇੱਕ ਰੁਪਏ ਦਾ ਵਾਧਾ ਨਹੀਂ ਕੀਤਾ ਗਿਆ, ਜਦਕਿ ਭਾਜਪਾ ਅਤੇ ਅਕਾਲੀ ਦਲ ਵਾਲੇ ਹੱਥ ‘ਤੇ ਹੱਥ ਰੱਖ ਕੇ ਸਿਰਫ਼ ਗੱਲਾਂ ਕਰਨਾ ਹੀ ਜਾਣਦੇ ਹਨ।
ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਕਰਜ਼ੇ ਦਾ ਦਰਦ ਬਾਖੂਬੀ ਸਮਝਦੇ ਹਾਂ ਇਸ ਲਈ ਅਸੀਂ 70 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਕਿਸਾਨਾਂ ਦੇ ਸਿਰਾਂ ਤੋਂ ਲਾਹ ਕੇ ਪਰੇ ਸੁੱਟਣ ਲੱਗਿਆਂ ਰਤੀ ਭਰ ਵੀ ਸੰਕੋਚ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਕਰਜ਼ਾ ਮੁਆਫ਼ੀ ਦੌਰਾਨ ਪੰਜਾਬ ਦੇ 4 ਲੱਖ 21 ਹਜ਼ਾਰ ਕਿਸਾਨਾਂ ਦਾ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੀ ਸ਼ਾਮਲ ਸੀ।
ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਨਵੇਂ ਰਸਤੇ ਕੱਢਣੇ ਪੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨਾਂ ਅਤੇ ਸਾਡੀ ਨੌਜਵਾਨ ਪੀੜ੍ਹੀ ਵਾਸਤੇ ਨਵੀਂ ਖੁਸ਼ਹਾਲੀ ਦੀ ਲਹਿਰ ਦੀ ਨੀਂਹ ਪੱਥਰ ਰੱਖਣਾ ਚਾਹੁੰਦੀ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਦਿਲ ਵਿੱਚ ਇਸ ਗੱਲ ਦਾ ਦਰਦ ਹੈ ਕਿ ਕੁਝ ਬੇਰੁਜ਼ਗਾਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ।
ਡਾ.ਅਮਰਜੀਤ ਟਾਂਡਾ ਨੇ ਕਿਹਾ ਕਿ ਅਸੀਂ ਰਾਸ਼ਟਰੀ ਪੱਧਰ ‘ਤੇ ਇੱਕ ਐਸੀ ਇਕਾਈ ਸ਼ੁਰੂ ਕੀਤੀ ਹੈ ਜੋ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਨੂੰ ਅੱਜ ਦੇ ਨਵੇਂ ਹੁਨਰ ਸਿਖਾਏਗੀ, ਜਿਸ ਵਾਸਤੇ ਅਸੀਂ 1000 ਕਰੋੜ ਰੁਪਏ ਮਨਜ਼ੂਰ ਕੀਤੇ ਹਨ।