ਚੰਡੀਗੜ੍ਹ- ਪੰਜਾਬ ਵਿਚ ਸੱਤ ਅਤੇ ਤੇਰ੍ਹਾਂ ਮਈ ਨੂੰ ਹੋਣ ਵਾਲੀਆਂ ਵੋਟਾਂ ਦੌਰਾਨ ਸਾਰੇ ਜਿਲ੍ਹਿਆਂ ਅਤੇ ਗਵਾਂਢੀ ਰਾਜਾਂ ਦੇ ਨਾਲ ਲਗਦੀਆਂ ਹਦਾਂ ਨੂੰ ਸੀਲ ਕਰਨ ਦੇ ਆਰਡਰ ਦਿਤੇ ਗਏ ਹਨ। ਬਾਹਰ ਦੇ ਲੋਕਾਂ ਨੂੰ ਸਬੰਧਿਤ ਲੋਕ ਸਭਾ ਇਲਾਕਿਆਂ ਵਿਚੋਂ ਬਾਹਰ ਕਢਣ ਲਈ, ਹੋਟਲਾਂ ਅਤੇ ਮੈਰਿਜ ਪੈਲਸਾਂ ਵਿਚ ਛਾਪੇ ਮਾਰੇ ਜਾਣਗੇ। ਸਪੈਸ਼ਲ ਸੁਰੱਖਿਆ ਲਈ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰਾਂ ਨੂੰ ਛਡ ਕੇ ਬਾਕੀ ਸਾਰੇ ਹਥਿਆਰ 48 ਘੰਟੇ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਦਿਤੇ ਗਏ ਹਨ। ਮੁੱਖ ਚੋਣ ਕਮਿਸ਼ਨਰ ਨਵੀਨ ਚਾਵਲਾ ਨੇ ਸੁਰੱਖਿਆ ਅਤੇ ਨਿਰਪੱਖ ਚੋਣਾਂ ਲਈ ਕਿਸੇ ਕਿਸਮ ਦਾ ਵੀ ਸਮਝੌਤਾ ਨਾਂ ਬਰਦਾਸ਼ਤ ਕਰਨ ਦੀ ਗੱਲ ਕਹੀ ਹੈ। ਨਵੀਨ ਚਾਵਲਾ ਨੇ ਕਿਹਾ ਹੈ ਕਿ ਸੁਰੱਖਿਆ ਵਿਚ ਕਿਸੇ ਕਿਸਮ ਦੀ ਘਾਟ ਦੇ ਲਈ ਰੇਂਜ ਦੇ ਆਈਜੀ ਜਿੰਮੇਵਾਰ ਹੋਣਗੇ। ਚੋਣ ਕਮਿਸ਼ਨ ਦੇ ਹੁਕਮਾਂ ਦੇ ਮੱਦੇਨਜ਼ਰ ਕਈ ਪੁਲਿਸ ਅਧਿਕਾਰੀਆਂ ਨੇ 48 ਘੰਟੇ ਦੀ ਥਾਂ ਤੇ 24 ਘੰਟੇ ਦੇ ਅੰਦਰ ਹਥਿਆਰ ਜਮ੍ਹਾਂ ਕਰਵਾਉਣ ਦੇ ਆਰਡਰ ਦੇ ਦਿਤੇ ਹਨ।
ਕਾਂਗਰਸ ਦੇ ਉਮੀਦਵਾਰ ਰਣਇੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜਕੇ ਇਹ ਮੰਗ ਕੀਤੀ ਸੀ ਕਿ 48 ਘੰਟੇ ਪਹਿਲਾਂ ਬਾਹਰੋਂ ਆਏ ਸਾਰੇ ਲੋਕਾਂ ਨੂੰ ਸਬੰਧਿਤ ਇਲਾਕੇ ਤੋਂ ਬਾਹਰ ਭੇਜਿਆ ਜਾਵੇ। ਚੋਣ ਕਮਿਸ਼ਨ ਨੇ ਇਹ ਵੀ ਆਰਡਰ ਦਿਤੇ ਹਨ ਕਿ ਰਾਜ ਤੋਂ ਬਾਹਰ ਦੀ ਕੋਈ ਵੀ ਗੱਡੀ ਘੁੰਮ ਰਹੀ ਹੋਵੇ ਤਾਂ ਉਸੇ ਵੇਲੇ ਜਬਤ ਕਰ ਲਈ ਜਾਵੇ ਅਤੇ ਅਜਿਹੇ ਵਿਅਕਤੀਆਂ ਤੇ 107-151 ਦੀ ਧਾਰਾ ਲਾਗੂ ਕੀਤੀ ਜਾਵੇ। ਹੋਟਲਾਂ ਅਤੇ ਮੈਰਿਜ਼ ਪੈਲਸਾਂ ਤੇ ਛਾਪੇ ਮਾਰ ਕੇ ਬਾਹਰ ਦੇ ਲੋਕਾਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਜਾਵੇ। ਕਿਸੇ ਕਿਸਮ ਦੀ ਲਾਪ੍ਰਵਾਹੀ ਲਈ ਸਬੰਧਿਤ ਅਧਿਕਾਰੀ ਜਿੰਮੇਵਾਰ ਹੋਣਗੇ।