ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਉਪਰੋਕਤ ਦਰਵੇਸ਼ ਆਗੂ ਕੈਪਟਨ ਕੰਵਲਜੀਤ ਸਿੰਘ ਦੀ 29 ਮਾਰਚ ਨੂੰ ਖਰੜ ਦੇ ਨਜ਼ਦੀਕ ਪਿੰਡ ਖਾਨਪੁਰ ਦੇ ਸਾਹਮਣੇ ਇੱਕ ਹਾਦਸੇ ਦੌਰਾਨ ਹੋਈ ਸ਼ੱਕੀ ਮੌਤ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਸੀ। ਲੇਕਿਨ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਇਹ ਜਾਂਚ ਕਰਾਉਣ ਤੋਂ ਮਨ੍ਹਾ ਕਰਕੇ ਆਪਣੇ ਤਹਿਤ ਕੰਮ ਕਰ ਰਹੇ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ: ਜਸਵੀਰ ਸਿੰਘ ਬੀਰ ਦੇ ਅਧੀਨ ਛਾਣਬੀਣ ਕਮੇਟੀ ਬਣਾ ਕੇ ਗੋਗਲੂਆਂ ਤੋਂ ਮਿੱਟੀ ਝਾੜ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੱਚਾਈ ਨੂੰ ਸਾਹਮਣੇ ਲਿਆਉਣ ਹਿੱਤ ਪਾਰਟੀ ਦੇ ਸੀਨੀਅਰ ਕਾਬਲ ਕਾਨੂੰਨੀ ਸਲਾਹਕਾਰ ਸ਼੍ਰੀ ਰੰਜਨ ਲਖਨਪਾਲ ਰਾਹੀਂ ਮੁਲਕ ਦੀ ਸੁਪਰੀਮ ਕੋਰਟ ਨੂੰ ਪਹੁੰਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਬੇਨਤੀ ਕੀਤੀ ਸੀ। ਜਿਸਨੂੰ ਸੁਪਰੀਮ ਕੋਰਟ ਨੇ ਅੱਜ ਪ੍ਰਵਾਨ ਕਰਕੇ ਸੀ ਬੀ ਆਈ ਦੀ ਤਫਤੀਸ ਕਰਨ ਦੇ ਹੁਕਮ ਕਰਕੇ ਸਾਡੀ ਪਟੀਸ਼ਨ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਲਈ ਅਸੀਂ ਸ਼੍ਰੀ ਰੰਜਨ ਲਖਨਪਾਲ ਐਡਵੋਕੇਟ ਸੁਪਰੀਮ ਕੋਰਟ ਦੀਆਂ ਕੌਸਿ਼ਸਾਂ ਨੂੰ ਮੁਬਾਰਕਵਾਦ ਦਿੰਦੇ ਹੋਏ ਧੰਨਵਾਦ ਕਰਦੇ ਹਾਂ ਜਿਹਨਾ ਨੇ ਸਿੱਖ ਸਿਆਸਤ ਨਾਲ ਸੰਬੰਧਿਤ ਹਜ਼ਾਰਾਂ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੂਰਨ ਕਰਨ ਦਾ ਬੀੜਾ ਚੁੱਕਿਆ ਹੈ ਅਤੇ ਪਾਰਟੀ ਦੀ ਸੋਚ ਨੂੰ ਪੰਜਾਬ ਸੂਬੇ ਤੋਂ ਬਾਹਰ ਦਿੱਲੀ ਦੀਆਂ ਗਲੀਆਂ ਅਤੇ ਵਿਦੇਸ਼ਾਂ ਵਿੱਚ ਲਿਜਾਉਣ ਵਿੱਚ ਹਮੇਸ਼ਾ ਵੱਡਾ ਯੋਗਦਾਨ ਪਾਉਂਦੇ ਆ ਰਹੇ ਹਨ।
ਸ: ਸਿਮਰਨਜੀਤ ਸਿੰਘ ਮਾਨ ਨੇ ਇਸ ਮੁੱਦੇ ਉੱਤੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਅਸੀਂ ਹਮੇਸ਼ ਜ਼ਬਰ ਜੁਲਮ ਵਿਰੁੱਧ ਆਵਾਜ਼ ਉਠਾਈ ਹੈ ਤੇ ਵਧੀਕੀ ਹੋਣ ਵਾਲੇ ਨਾਲ ਖੜੇ ਹਾਂ। ਉਹਨਾਂ ਕੈਪਟਨ ਕੰਵਲਜੀਤ ਸਿੰਘ ਜੀ ਦੀ ਧਰਮ ਸੁਪਤਨੀ ਅਤੇ ਉਹਨਾਂ ਦੇ ਹੋਣਹਾਰ ਬੇਟੇ ਕਾਕਾ ਜਸਜੀਤ ਸਿੰਘ ਬੰਨੀ ਨੂੰ ਕਿਹਾ ਕਿ ਉਹ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਦੀ ਸੱਚਾਈ ਨੂੰ ਹਰ ਕੀਮਤ ਤੇ ਸਾਹਮਣੇ ਲਿਆ ਕੇ ਸਿੱਖ ਕੌਮ ਨੂੰ ਜਾਣੂ ਕਰਾਉਣ ਦੇ ਆਪਣੇ ਕੌਮੀ ਫਰਜ਼ਾਂ ਨੂੰ ਪੂਰਨ ਕਰਨਗੇ ਤਾਂ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪਰਿਵਾਰ ਦੀਆਂ ਸ਼ਾਜਿਸੀ ਯੋਜਨਾਵਾਂ ਨੂੰ ਰਾਜਸੀ ਸ਼ਕਤੀ ਦੇ ਪ੍ਰਭਾਵ ਹੇਠ ਦਬਾ ਕੇ ਕਿਸੇ ਤਰ੍ਹਾ ਦੀ ਬੇਇਨਸਾਫੀ ਨਾ ਹੋ ਸਕੇ। ਉਹਨਾ ਕਿਹਾ ਕਿ ਸੀ ਬੀ ਆਈ ਦੀ ਤਫਤੀਸ ਦੇ ਹੁਕਮ ਹੋਣਾ ਹੀ 60% ਜਿੱਤ ਹੋਈ ਹੈ ਅਤੇ ਇਹ ਤਫਤੀਸ ਪੂਰਨ ਹੋਣ ਤੇ ਅਸਲੀਅਤ ਖੁਦ ਬ ਖੁਦ ਸਾਹਮਣੇ ਆਵੇਗੀ।