ਵਸਿੰਗਟਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਉਹ ਦਿੱਲੀ ਵਿਚ ਨਵੀਂ ਸਰਕਾਰ ਦੇ ਬਣਨ ਦਾ ਇੰਤਜਾਰ ਕਰ ਰਹੇ ਹਨ ਤਾਂ ਕਿ ਦੁਬਾਰਾ ਦੋਵਾਂ ਦੇਸ਼ਾ ਵਿਚ ਅਮਨ ਚੈਨ ਬਾਰ ਗੱਲਬਾਤ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ, ਪਾਕਿਸਤਾਨ ਦੀ ਲੋਕਤਾਂਤਰਿਕ ਸਰਕਾਰ ਨੇ ਕਦੇ ਵੀ ਭਾਰਤ ਨਾਲ ਯੁਧ ਨਹੀਂ ਕੀਤਾ। ਅਸੀਂ ਸਦਾ ਸ਼ਾਂਤੀ ਚਾਹੁੰਦੇ ਹਾਂ। ਅਸੀਂ ਹੁਣ ਵੀ ਭਾਰਤ ਨਾਲ ਸਦਭਾਵਨਾ ਵਾਲੇ ਸਬੰਧ ਚਾਹੁੰਦੇ ਹਾਂ।
ਪਾਕਿਸਤਾਨ ਦੇ ਰਾਸ਼ਟਰਪਤੀ ਜਰਦਾਰੀ ਨੇ ਅਮਰੀਕਾ ਦੇ ਟੀਵੀ ਚੈਨਲ ਸੀਐਨਐਨ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਭਾਰਤ ਨਾਲ ਵਪਾਰਿਕ ਸਬੰਧ ਕਾਇਮ ਕਰਨਾ ਚਾਹੁੰਦੇ ਹਨ। ਪਾਕਿਸਤਾਨੀ ਰਾਸ਼ਟਰਪਤੀ ਨੇ ਕਿਹਾ, “ਮੈਂ ਭਾਰਤ ਦੀਆਂ ਚੋਣਾਂ ਪੂਰੀਆਂ ਹੋ ਜਾਣ ਦਾ ਇੰਤਜਾਰ ਕਰ ਰਿਹਾ ਹਾਂ। ਚੋਣਾਂ ਤੋਂ ਬਾਅਦ ਮੈਂ ਭਾਰਤ ਸਰਕਾਰ ਨਾਲ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕਰ ਸਕਦਾ ਹਾਂ।” ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਹੋਣ ਵਾਲੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਸ੍ਰੀ ਜਰਦਾਰੀ ਵਸਿ਼ੰਗਟਨ ਪਹੁੰਚੇ ਸਨ। ਪਾਕਿਸਤਾਨ ਦੇ ਪਰਮਾਣੂੰ ਹਥਿਆਰਾਂ ਦੇ ਤਾਲਿਬਾਨ ਦੇ ਹੱਥਾਂ ਵਿਚ ਜਾਣ ਦੇ ਖਦਸ਼ੇ ਬਾਰੇ ਜਰਦਾਰੀ ਨੇ ਕਿਹਾ ਕਿ ਪਾਕਿਸਤਾਨ ਦੇ ਪਰਮਾਣੂੰ ਹੱਥਿਆਰ ਸੁਰਖਿਅਤ ਹਨ। ਅਮਰੀਕਾ ਦੇ ਕਈ ਸਾਂਸਦ ਮੈਂਬਰਾਂ ਨੇ ਰਾਸ਼ਟਰਪਤੀ ਦੀ ਦੇਸ਼ ਵਿਚ ਤਾਲਿਬਾਨ ਨਾਲ ਨਿਪਟਣ ਸਬੰਧੀ ਯੋਗਤਾ ਤੇ ਸਵਾਲ ਖੜ੍ਹੇ ਕੀਤੇ। ਇਕ ਸੰਸਦ ਮੈਂਬਰ ਨੇ ਪਾਕਿਸਤਾਨ ਦੀ ਤੁਲਨਾ ਉਸ ਵਿਅਕਤੀ ਨਾਲ ਕੀਤੀ ਜਿਸਦੀ ਪਤਲੂਨ ਨੂੰ ਅੱਗ ਲਗੀ ਹੈ ਪਰ ਉਹ ਉਸ ਖਤਰੇ ਨੂੰ ਮਹਿਸੂਸ ਨਹੀਂ ਕਰ ਰਿਹਾ। ਹਾਲਬਰੁਕ ਨੇ ਕਿਹਾ, ਪਾਕਿਸਤਾਨ ਦੇ ਵਜੂਦ ਨੂੰ ਸਚਮੁਚ ਹੀ ਖਤਰਾ ਹੈ ਪਰ ਉਹ ਖਤਰਾ ਦੇਸ਼ ਦੇ ਅੰਦਰੋਂ ਹੈ, ਬਾਹਰੋਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜਰਦਾਰੀ ਦੀ ਅਗਵਾਈ ਵਿਚ ਪਾਕਿਸਤਾਨ ਨੂੰ ਇਕ ਲੋਕਤੰਤਰਿਕ ਦੇਸ਼ ਦੇ ਰੂਪ ਵਿਚ ਸਥਾਪਿਤ ਕਰਨਾ ਅਮਰੀਕਾ ਦਾ ਉਦੇਸ਼ ਹੋਣਾ ਚਾਹੀਦਾ ਹੈ। ਹਾਲਬਰੁਕ ਨੇ ਇਹ ਵੀ ਕਿਹਾ ਕਿ ਮੀਡੀਆ ਵਿਚ ਆ ਰਹੀਆਂ ਇਹ ਖਬਰਾਂ ਕਿ ਜਰਦਾਰੀ ਨੂੰ ਪਿੱਛੇ ਕਰਕੇ ਨਵਾਜ਼ ਸ਼ਰੀਫ ਨੂੰ ਅਮਰੀਕਾ ਵਲੋਂ ਸਮਰਥਨ ਦੇਣਾ ਪੂਰੀ ਤਰ੍ਹਾਂ ਗਲਤ ਹਨ।