ਅੰਮ੍ਰਿਤਸਰ – ਪਾਕਿਸਤਾਨ ਦੇ ਕਬਾਇਲੀ ਖੇਤਰ ਵਿਚੋਂ ਸਿੱਖਾਂ ’ਤੇ ਜ਼ਜ਼ੀਆ ਠੋਸਣ ਤੇ ਉਨ੍ਹਾਂ ਵਲੋਂ ਜ਼ਜ਼ੀਆ ਨਾਂ ਦਿੱਤੇ ਜਾਣ ਦੀ ਸੂਰਤ ’ਚ ਉਨ੍ਹਾਂ ਦੇ ਘਰ-ਘਾਟ ਢਹਿ ਢੇਰੀ ਕਰ ਦਿੱਤੇ ਜਾਣ ਕਾਰਨ ਘਰੋਂ-ਬੇ-ਘਰ ਹੋਏ ਸਿੱਖਾਂ ਦੀ ਸਾਰ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਉੱਚ ਪੱਧਰੀ ਡੈਲੀਗੇਸ਼ਨ ਪਾਕਿਸਤਾਨ ਭੇਜੇ ਜਾਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਕੁਲਦੀਪ ਸਿੰਘ ਭੋਗਲ ਤੇ ਸ. ਕਰਨੈਲ ਸਿੰਘ ਪੰਜੋਲੀ, ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਪ੍ਰਮਜੀਤ ਸਿੰਘ ਚੰਡੋਕ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਤੇ ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ ਸਰੋਆ ਦਾ ਛੇ ਮੈਂਬਰੀ ਵਫਦ ਅੱਜ 7 ਮਈ ਨੂੰ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨਰ ਜਨਾਬ ਸ਼ਾਹਿਦ ਮਲਿਕ ਨੂੰ ਮਿਲਣਗੇ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਇਥੋਂ ਜ਼ਾਰੀ ਇਕ ਪ੍ਰੈਸ ਰਲੀਜ਼ ’ਚ ਦਿੱਤੀ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਾਂ ਨੂੰ ਦਰਪੇਸ਼ ਇਸ ਮੁਸ਼ਕਿਲ ਦੀ ਘੜੀ ਸਿੱਖ ਜਗਤ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਉਨ੍ਹਾਂ ਦੀ ਸਾਰ ਲੈਣ ਲਈ ਉਤਾਵਲੇ ਤੇ ਉਨ੍ਹਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਚਿੰਤਤ ਹਨ। ਉਨ੍ਹਾਂ ਦੱਸਿਆ ਕਿ ਅਪ੍ਰੈਲ ਦੇ ਦੂਜੇ ਹਫਤੇ ਤਾਲਿਬਾਨਾਂ ਵਲੋਂ ਕਬਾਇਲੀ ਖੇਤਰ ’ਚ ਵੱਸਦੇ ਸਿੱਖਾਂ ਨੂੰ ਜ਼ਜ਼ੀਆ ਲਾਏ ਜਾਣ ’ਤੇ ਚਿੰਤਾ ਪ੍ਰਗਟ ਕਰਦਿਆਂ ਜਥੇਦਾਰ ਅਵਤਾਰ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਸਿੱਖਾਂ ਦੀ ਸੁਰੱਖਿਆ ਦੀ ਮੰਗ ਕੀਤੀ। ਪਰ ਦੋਹਾਂ ਸਰਕਾਰਾਂ ਵਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ’ਤੇ ਜਥੇਦਾਰ ਅਵਤਾਰ ਸਿੰਘ ਨੇ ਇਨ੍ਹਾਂ ਸਿੱਖ ਪ੍ਰੀਵਾਰਾਂ ਦੀ ਸੁਰੱਖਿਆ ਲਈ ਯੂ.ਐਨ.ਓ ਨੂੰ ਪੱਤਰ ਲਿਖ ਕੇ ਦਖਲ ਦੇਣ ਲਈ ਵੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਵੀ ਇਕ ਪੱਤਰ ਰਾਹੀਂ ਸੰਕਟ ’ਚ ਫਸੇ ਇਨ੍ਹਾਂ ਸਿੱਖ ਪ੍ਰੀਵਾਰਾਂ ਦੀ ਸਾਰ ਲੈਣ ਲਈ ਇਕ ਉੱਚ-ਪੱਧਰੀ ਡੈਲੀਗੇਸ਼ਨ ਲੈ ਕੇ ਜਾਣ ਲਈ ਅੱਜ 7 ਮਈ ਨੂੰ ਮਿਲਣ ਦਾ ਸਮਾਂ ਮੰਗਿਆ ਸੀ।