ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਅਤੇ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਿਧਾਨ ਲਾਗੂ ਹੋਇਆ।ਇਸ ਉਪਰੰਤ ਪਹਿਲੀਆਂ ਜਨਰਲ ਚੋਣਾ ਫਰਵਰੀ 1952 ਵਿਚ ਹੋਈਆਂ।ਪਹਿਲੇ ਸਾਲਾਂ ਦੌਰਾਨ ਲੋਕ ਸਭਾ ਤੇ ਸੂਬਾਈ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਸਮੇਂ ਇਕੱਠੀਆਂ ਹੀ ਹੁੰਦੀਆਂ ਸਨ।ਇਹ ਸਿਲਸਿਲਾ ਸ਼ਾਇਦ 1967 ਤਕ ਜਾਰੀ ਰਿਹਾ।ਪਹਿਲੇ ਤਿੰਨ ਦਹਾਕਿਆ ਵਿਚ ਕੇਂਦਰ ਤੇ ਲਗਭਗ ਸਾਰੇ ਸੂਬਿਆਂ ਵਿਚ ਕਾਂਗਰਸ ਦਾ ਹੀ ਰਾਜ ਰਿਹਾ।ਸਮੇਂ ਦੇ ਬੀਤਣ ਨਾਲ ਸਥਾਨਕ ਮਸਲੇ ਤੇ ਭਾਵਨਾਵਾ ਲੈ ਕੇ ਖੇਤਰੀ ਪਾਰਟੀਆਂ ਹੋਂਦ ਵਿਚ ਆਉਂਣ ਲਗੀਆਂ ਜੋ ਹੌਲੀ ਹੌਲੀ ਆਪਣਾ ਆਧਾਰ ਮਜ਼ਬੂਤ ਬਣਾਊਂਦੀਆਂ ਗਈਆਂ। ਕੁਝ ਸੂਬਿਆਂ ਵਿਚ ਇਹਨਾਂ ਖੇਤਰੀ ਪਾਰਟੀਆਂ ਨੇ ਹੋਰ ਹਮ-ਖਿਆਲ ਪਾਰਟੀਆਂ ਦੇ ਸਹਿਯੋਗ ਨਾਲ ਆਪਣੀ ਸਰਕਾਰ ਵੀ ਬਣਾਈ। ਕੇਂਦਰ ਦੀ ਕਾਂਗਰਸੀ ਸਰਕਾਰ ਵਲੋਂ ਕੋਈ ਨਾ ਕੋਈ ਬਹਾਨਾ ਲਗਾ ਕੇ ਸਬੰਧਤ ਰਾਜਪਾਲ ਤੋਂ ਰਿਪੋਰਟ ਲੈ ਕੇ ਸੰਵਿਧਾਨ ਦੀ ਧਾਰਾ 356 ਦੀ ਦੁਰਵਰਤੋਂ ਕਰਦਿਆਂ ਇਹ ਗੈਰ-ਕਾਂਗਰਸੀ ਸਰਕਾਰ ਤੋੜ ਕੇ ਰਾਸ਼ਟ੍ਰਪਤੀ ਰਾਜ ਲਾਗੂ ਕੀਤਾ ਜਾਂਦਾ ਰਿਹਾ। ਸਬੰਧਤ ਵਿਧਾਨ ਸ਼ਭਾ ਦੀ ਚੋਣ 6 ਮਹੀਨੇ ਅੰਦਰ ਕਰਵਾਉਣੀ ਹੁੰਦੀ ਹੈ, ਜਿਸ ਕਾਰਨ ਲੋਕ ਸਭਾ ਤੇ ਸੂਬਾਈ ਵਿਧਾਨ ਸਭਾਵਾਂ ਧੀਆਂ ਚੋਣਾ ਅੱਗੜ ਪਿੱਛੜ ਹੋਣ ਲਗੀਆਂ।
ਭਾਰਤ ਵਿਚ ਸੂਬਿਆਂ ਦਾ ਪੁਨਰਗਠਨ ਭਾਸ਼ਾ ਦੇ ਆਧਾਰ ‘ਤੇ ਹੋਣ ਲਗਾ।ਅਪਰੈਲ 1957 ਨੂੰ ਕੇਰਲਾ ਪ੍ਰਾਂਤ ਹੋਂਦ ਵਿਚ ਆਇਆ, ਉਥੇ ਪਹਿਲੀ ਹੀ ਸਰਕਾਰ ਗੈਰ-ਕਾਂਗਰਸੀ (ਕਮਿਊਨਿਸਟ) ਸਰਕਾਰ ਬਣੀ ਜਿਸ ਦੇ ਮੁਖ ਮੰਤਰੀ ਕਾਮਰੇਡ ਈ.ਐਮ.ਐਸ. ਨੰਬੂਦਰੀਪਾਦ ਸਨ।ਭਾਸ਼ਾ ਦੇ ਆਧਾਰ ‘ਤੇ ਪੰਜਾਬ ਦਾ ਪੁਨਰਗਠਨ ਪਹਿਲੀ ਨਵੰਬਰ 1966 ਨੂੰ ਹੋਇਆਮ ਇਸ ਸੂਬੇ ਵਿਚ ਅਕਾਲੀ ਇਕ ਸ਼ਕਤੀਸ਼ਾਲੀ ਸਿਆਸੀ ਪਾਰਟੀ ਬਣ ਕੇ ਉਭਰੇ।। ਪੰਜਾਬ ਵਿਚ ਪਹਿਲੀ ਗੈਰ-ਕਾਂਗਰਸੀ ਸਰਕਾਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਪੰਜਾਬੀ ਸੂਬਾ ਹੋਂਦ ਵਿਚ ਆਉਣ ਪਿਛੋਂ ਫਰਵਰੀ 1967 ਵਿਚ ਬਣੀ, ਜਿਸ ਵਿਚ ਜਨ ਸੰਘ,ਕਮਿਊਨਿਸਟਾਂ ਸਮੇਤ ਸੋਸ਼ਲਿਸਟ ਪਾਰਟੀ ਦੇ ਵਿਧਾਇਕ ਵੀ ਸ਼ਾਮਿਲ ਸਨ। ਜਨ ਸੰਘ ਦੇ ਡਾ. ਬਲਦੇਵ ਪ੍ਰਕਾਸ਼ ਖਜ਼ਾਨਾ ਮੰਤਰੀ ਤੇ ਕਮਿਊਨਿਸਟ ਨੇਤਾ ਕਾਮਰੇਡ ਸਤ ਪਾਲ ਡਾਂਗ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਬਣੇ ਸਨ।
ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਵੀ ਬਦਲਦੇ ਰਹੇ ਹਨ। ਦੇਸ਼ ਦੀ ਸਭ ਤੋਂ ਪੁਰਾਨੀ ਪਾਰਟੀ ਕਾਂਗਰਸ ਦਾ ਚੋਣ ਨਿਸ਼ਾਨ “ਦੋ ਬੈਲਾਂ ਦੀ ਜੋੜੀ” ਹੁੰਦਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਨਿਸ਼ਾਨ “ਤੀਰ ਕਮਾਨ” ਹੁੰਦਾ ਸੀ। ਮੈਨੂੰ ਯਾਦ ਹੈ ਕਿ ਜਦੋਂ 1952 ਵਿਚ ਪਹਿਲੀਆਂ ਚੋਣਾ ਹੋਈਆਂ, ਮੈਂ ਛੇਵੀਂ ਜਾਂ ਸਤਵੀਂ ਜਮਾਤ ਵਿਚ ਪੜ੍ਹਦਾ ਸੀ। ਸਾਡਾ ਪਿੰਡ ਪਖੋਵਾਲ ਸ਼ੁਰੂ ਤੋਂ ਹੀ ਪੰਥਕ ਪਿੰਡ ਹੈ। ਅਸੀਂ ਹਾਣੀ ਮੁੰਡੇ ਡੰਡਿਆਂ ਉਤੇ ਕੇਸਰੀ ਝੰਡੇ ਲਗਾ ਕੇ ਆਪਣੇ ਹੱਥਾਂ ਵਿਚ ਲੈ ਕੇ ਨਾਅਰੇ ਲਗਾਉਂਦੇ ਹੁੰਦੇ ਸੀ “ਪੰਥਕ ਨਿਸ਼ਾਨ- ਤੀਰ ਕਮਾਨ”, “ਪੰਥ ਕੀ – ਜੀਤ”, “ਝੁਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ”।
ਕੋਈ ਪਾਰਟੀ ਦੋਫਾੜ ਹੋ ਜਾਂਦੀ, ਤਾਂ ਚੋਣ ਕਮਿਸ਼ਨ ਉਸ ਦਾ ਚੋਣ ਨਿਸ਼ਾਨ “ਫਰੀਜ਼” ਕਰ ਕੇ ਦੋਨਾਂ ਧੜਿਆਂ ਨੂੰ ਵੱਖ ਵੱਖ ਚੋਣ ਨਿਸ਼ਾਨ ਅਲਾਟ ਕਰ ਦਿੰਦਾ।ਅਕਾਲੀ ਦਲ ਉਤੇ ਕਈ ਦਹਾਕੇ ਮਾਸਟਰ ਤਾਰਾ ਸਿੰਘ ਦਾ ਕਬਜ਼ਾ ਰਿਹਾ।ਸੰਤ ਫਤਹਿ ਸਿੰਘ ਦੀ ਆਮਦ ਤੇ ਚੜ੍ਹਤ ਨਾਲ ਫੁਟ ਪਈ ਤੇ ਇਹ ਦੋਫਾੜ ਹੋ ਗਿਆ। ਇਕ ਸਮੇਂ ਅਕਾਲੀ ਦਾ ਚੋਣ ਨਿਸ਼ਾਨ “ ਬਾਲਟੀ” ਅਤੇ “ ਪੰਜਾ” ਜੋ ਹੁਣ ਕਾਂਗਰਸ ਦਾ ਚੋਣ ਨਿਸ਼ਾਨ ਹੈ ,ਵੀ ਰਿਹਾ।ਅਕਾਲੀ ਉਸ “ਪੰਜੇ” ਨੂੰ ਬਾਬੇ ਨਾਨਕ ਦਾ ਉਹ ਪੰਜਾ” ਕਿਹਾ ਕਰਦੇ ਸਨ,ਜਿਸ ਨਾਲ ਹਸਨ ਅਬਦਾਲ ਵਿਖੇ ਵੱਲੀ ਕੰਧਾਰੀ ਦਾ ਗਰੂਰ ਤੋੜਿਅ ਸੀ। ਹੁਣ ਅਕਾਲੀ ਦਲ ਦਾ ਨਿਸ਼ਾਨ “ ਤਕੜੀ” ਹੈ, ਜੋ ਅਕਾਲੀਆਂ ਅਨੁਸਾਰ ਬਾਬਾ ਨਾਨਕ ਦੀ ਉਹ ਤੱਕੜੀ ਹੈ, ਜਿਸ ਨਾਲ ਸੁਲਤਾਨਪੁਰ ਲੋਧੀ ਵਿਖੁ ਮੋਦੀਖਾਨੇ ਵਿਚ ਸੌਦਾ ਤੋਲਿਆ ਕਰਦੇ ਹੋਏ “ਤੇਰਾਂ ਤੇਰਾਂ” ਕਹਿੰਦੇ ਹੋਏ ਪਰਮਾਤਮਾ ਦੀ ਨਾਮ ਖੁਮਾਰੀ ਵਿਚ ਸ਼ਰਸਾਰ ਹੋ ਜਾਂਦੇ ਸਨ।
ਕਾਂਗਰਸ ਵਿਚ ਫੁੱਟ ਇੰਦਰਾ ਗਾਂਧੀ ਦੇ ਰਾਜ ਦੌਰਾਨ ਸ਼ਾਇਦ 1969 ਵਿਚ ਪਈ, ਦੋ ਪਾਰਟੀਆ ਬਣ ਗਈਆਂ-ਇਕ ਦੀ ਪ੍ਰਧਾਨ ਸ੍ਰੀਮਤੀ ਗਾਂਧੀ ਤੇ ਦੂਜੀ ਦਾ ਪ੍ਰਧਾਨ ਬ੍ਰਹਮਾ ਨੰਦ ਰੈਡੀ ਸਨ, ਅਤੇ ਇਹ ਇੰਦਰਾ ਕਾਗਰਸ ੇ ਰੈਡੀ ਕਾਂਗਰਸ ਦੇ ਨਾਂਅ ਨਾਲ ਜਾਣੀਆਂ ਜਾਣ ਲਗੀਆ। ਸਾਂਝੀ ਕਮਿਊਨਿਸਟ ਪਾਰਟੀ ਦਾ ਚੋਣ ਨਿਸ਼ਾਨ “ “ਦਾਤੀ ਤੇ ਕਣਕ ਦੀ ਬੱਲੀ” ਹੂੰਦਾ ਸੀ, ਇਹਨਾਂ ਵਿਚ ਦੁਫੇੜ ਸ਼ਾਇਦ 1962 ਦੇ ਚੀਨੀ ਹਮਲੇ ਪਿਛੋਂ ਪਿਆ। ਉਸ ਸਮੇਂ ਤੋਂ ਦੋ ਪਾਰਟੀਆਂ ਚਲੀਆਂ ਆ ਰਹੀਆ ਹਨ।
ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤ ‘ਤੇ ਸ਼ੁਰੂ ਤੋਂ ਹੀ ਜਾਂਚ ਪੜਤਾਲ ਹੁੰਦੀ ਰਹੀ ਹੈ। ਮੈਨੂੰ ਯਾਦ ਹੈ ਕਿ 1952 ਦੀਆ ਚੋਣਾ ਸਮੇਂੇ ਸਾਡੇ ਪਿੰਡ ਮਿਡਲ ਸਕੂਲ ਦੇ ਹੈਡ ਮਾਸਟਰ ਲਾਗਲੇ ਪਿੰਡ ਆਡਲੂ ਤੋਂ ਸ. ਆਤਮਾ ਸਿੰਘ ਗਰੇਵਾਲ ਸਨ, ਜੋ ਬਹੁਤ ਹੀ ਸ਼ਰੀਫ ਇਨਸਾਨ ਸਨ। ਕਿਸੇ ਨੇ ਚੋਣ ਕਮਿਸ਼ਨ ਨੂੰ ਸਿਕਾਇਤ ਕਰ ਦਿਤੀ ਕਿ ਉਹ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹਨ ਤੇ ਵਿਦਿਆਰਥੀਆਂ ਨੂੰ ਵੀ ਕਹਿ ਰਹੇ ਹਨ ਕਿ ਆਪਣੇ ਮਾਪਿਆਂ ਨੂੰ ਆਖੋ ਕਿ ਵੋਟ ਅਕਾਲੀ ਦਲ ਨੂੰ ਪਾਉਣ। ਲੁਧਿਆਣੇ ਤੋਂ ਕੋਈ ਅਧਿਕਾਰੀ ਜਾਂਚ ਲਈ ਆਇਆ, ਉਸ ਦਿਨ ਸਕੂਲ ਵਿਚ ਛੁੱਟੀ ਸੀ। ਸਾਡਾ ਘਰ ਸਕੂਲ ਦੇ ਨੇੜੇ ਸੀ, ਸਕੂਲ ਦਾ ਚਪੜਾਸੀ ਹਰਬੰਸ ਲਾਲ ਮੈਨੂੰ ਘਰੋਂ ਇਹ ਕਹਿ ਕੇ ਬੁਲਾ ਕੇ ਲੈ ਗਿਆ ਕਿ ਤੇਨੂੰ ਹੈਡ-ਮਾਸਟਰ ਸਾਹਿਬ ਨੇ ਬਲਾਇਆ ਹੈ। ਮੈਂ ਸਕੂਲ ਉਹਨਾਂ ਪਾਸ ਗਿਆ, ਅਗੋਂ ਉਹਨਾਂ ਮੈਨੂੰ ਕੁਝ ਵੀ ਕਹੇ ਬਿਨਾ ਜਾਂਚ ਅਧਿਕਾਰੀ ਵਲ ਭੇਜ ਦਿਤਾ। ਜਾਂਚ ਅਧਿਕਾਰੀ ਨੇ ਮੇਰਾ ਤੇ ਪਿਤਾ ਜੀ ਦਾ ਨਾਂਅ ਪੁਛ ਕੇ ਚੋਣਾਂ ਦਾ ਜ਼ਿਕਰ ਕਰਦਿਆਂ ਪੁਛਿਆ, “ ਹੈਡ ਮਾਸਟਰ ਸਾਹਿਬ ਕਿਸ ਪਾਰਟੀ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ?” ਹੈਡ ਮਾਸਟਰ ਸਾਹਿਬ ਨੇ ਚੋਣਾਂ ਜਾਂ ਵੋਟਾਂ ਬਾਰੇ ਕਦੀ ਗਲ ਵੀ ਨਹੀਂ ਕੀਤੀ ਸੀ, ਮੈਂ ਜਵਾਬ ਦਿਤਾ, “ਜੀ, ਕਿਸੇ ਦੇ ਹੱਕ ਵਿਚ ਵੀ ਨਹੀਂ।” ਇਕ ਦੋ ਸਵਾਲ ਹੋਰ ਪੁਛੇ, ਜਾਂਚ ਅਧਿਕਾਰੀ ਨੂੰ ਤਸੱਲੀ ਹੋ ਗਈ ਤੇ ਮੈਨੂੰ ਵਾਪਸ ਭੇਜ ਦਿਤਾ। ਹੈਡ-ਮਾਸਟਰ ਸਾਹਿਬ ਵਿਰਧ ਸਿਕਾਇਤ ਝੂਠੀ ਸੀ, ਇਸ ਲਈ ਕੋਈ ਵੀ ਕਾਰਵਾਈ ਨਹੀਂ ਹੋਈ, ਉਹ ਸਾਡੇ ਸਕੂਲ ਦੀ ਹੈਡ ਮਾਸਟਰ ਵਜੋਂ ਸੇਵਾ ਕਰਦੇ ਰਹੇ।