ਨਵੀਂ ਦਿੱਲੀ- ਲੋਕ ਸਭਾ ਦੀਆਂ ਚੋਣਾਂ ਵਿਚ ਕਰੋੜਾਂ ਰੁਪੈ ਦਾ ਸੱਟਾ ਲਗਾ ਹੋਇਆ ਹੈ। ਜਦੋਂ ਵੀ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਦਾ ਅਖਾੜਾ ਗਰਮ ਹੁੰਦਾ ਹੈ ਤਾਂ ਸੱਟਾ ਬਜ਼ਾਰ ਵੀ ਪਿੱਛੇ ਨਹੀਂ ਰਹਿੰਦਾ। ਇਸ ਵਾਰ ਸੱਟੇ ਦੇ ਰੇਟ ਕਾਂਗਰਸ ਦੇ ਹੱਕ ਵਿਚ ਜਾ ਰਹੇ ਹਨ। ਦਿੱਲੀ ਦੀਆਂ ਛੇ ਸੀਟਾਂ ਤੇ ਕਾਂਗਰਸ ਦੀ ਸਪੱਸ਼ਟ ਜਿਤ ਵਿਖਾਈ ਜਾ ਰਹੀ ਹੈ। ਕਾਂਗਰਸ ਹੀ ਸੱਭ ਤੋਂ ਵਡੀ ਪਾਰਟੀ ਵਜੋਂ ਉਭਰੇਗੀ। ਪ੍ਰਧਾਨਮੰਤਰੀ ਦੀ ਕੁਰਸੀ ਲਈ ਵੀ ਸੱਭ ਤੋਂ ਜਿਆਦਾ ਯੋਗ ਮਨਮੋਹਨ ਸਿੰਘ ਨੂੰ ਹੀ ਮੰਨਿਆ ਗਿਆ ਹੈ।
ਲੋਕ ਸਭਾ ਚੋਣਾਂ ਤੇ ਮੈਚਾਂ ਦੀ ਤਰ੍ਹਾਂ ਕਰੋੜਾਂ ਰੁਪੈ ਦਾਅ ਤੇ ਲਗੇ ਹੋਏ ਹਨ। ਭਾਂਵੇ ਭਾਜਪਾ ਚਾਂਦਨੀ ਚੌਂਕ, ਸਾਊਥ ਦਿੱਲੀ ਅਤੇ ਵੈਸਟ ਦਿੱਲੀ ਦੀਆਂ ਸੀਟਾਂ ਤੇ ਆਸ ਲਗਾ ਕੇ ਬੈਠੀ ਹੈ ਪਰ ਬੁਕੀਜ ਦਾ ਮੰਨਣਾ ਹੈ ਕਿ ਦਿੱਲੀ ਵਿਚ ਕਾਂਗਰਸ ਭਾਜਪਾ ਦਾ ਸਫਾਇਆ ਕਰ ਦੇਵੇਗੀ। ਸੱਟੇਬਾਜ਼ਾਂ ਨੇ ਸੱਭ ਤੋਂ ਉਤਮ ਈਸਟ ਦਿੱਲੀ ਦੀ ਸੀਟ ਨੂੰ ਮੰਨਿਆ ਹੈ। ਵੀਰਵਾਰ ਦੀ ਸਵੇਰ ਤਕ ਸੰਦੀਪ ਦੀਕਸ਼ਤ ਦੀ ਜਿਤ ਤੇ ਪੰਜ ਪੈਸੇ ਦਾ ਰੇਟ ਸੀ। ਪੋਲਿੰਗ ਤੋਂ ਬਾਅਦ ਇਸ ਸੀਟ ਤੇ ਬੈਟ ਲੈਣਾ ਵੀ ਬੰਦ ਕਰ ਦਿਤਾ ਗਿਆ ਸੀ। ਭਾਜਪਾ ਦੇ ਚੇਤਨ ਚੌਹਾਨ ਦੀ ਜਿਤ ਤੇ 8 ਰੁਪੈ ਦਾ ਰੇਟ ਸੀ। ਜੇ ਸੰਦੀਪ ਜਿਤ ਜਾਂਦਾ ਹੈ ਤਾਂ 100 ਰੁਪੈ ਲਗਾਉਣ ਵਾਲੇ ਨੂੰ 5 ਰੁਪੈ ਮਿਲਣਗੇ। ਜੇ ਚੌਹਾਨ ਜਿੱਤ ਜਾਂਦਾ ਹੈ ਤਾਂ 100 ਰੁਪੈ ਲਗਾਉਣ ਵਾਲੇ ਨੂੰ 800 ਰੁਪੈ ਦਾ ਸ਼ੁਧ ਲਾਭ ਹੋਵੇਗਾ।
ਚਾਂਦਨੀ ਚੌਂਕ ਵਿਚ ਕਾਂਗਰਸ ਦੇ ਸਿਬਲ ਤੇ 18 ਪੈਸੇ ਅਤੇ ਭਾਜਪਾ ਦੇ ਵਜੇਂਦਰ ਗੁਪਤਾ ਤੇ 5 ਰੁਪੈ ਦਾ ਰੇਟ ਦਿਤਾ ਹੈ। ਨਾਰਥ-ਵੈਸਟ ਦਿੱਲੀ ਵਿਚ ਕਾਂਗਰਸ ਦੀ ਕ੍ਰਿਸ਼ਨਾ ਤੀਰਥ ਦੀ ਜਿੱਤ ਤੇ 20 ਪੈਸੇ ਅਤੇ ਭਾਜਪਾ ਦੀ ਮੀਰਾ ਤੇ 4 ਰੁਪੈ ਦਾ ਰੇਟ ਹੈ। ਨਵੀਂ ਦਿੱਲੀ ਦੀ ਸੀਟ ਤੇ ਕਾਂਗਰਸ ਦੇ ਅਜੇ ਮਾਕਨ ਦੀ ਜਿੱਤ ਤੇ 24 ਪੈਸੇ ਅਤੇ ਭਾਜਪਾ ਦੇ ਵਿਜੈ ਗੋਇਲ ਤੇ 3 ਰੁਪੈ ਦੇ ਰੇਟ ਦਾ ਦਾਅ ਲਗਿਆ ਹੈ। ਨਾਰਥ-ਈਸਟ ਦਿੱਲੀ ਨੂੰ ਵੀ ਬੁਕੀਜ ਇਕ ਤਰਫਾ ਚੋਣ ਮੰਨ ਰਹੇ ਹਨ। ਕਾਂਗਰਸ ਦੇ ਜੈਪ੍ਰਕਾਸ਼ ਅਗਰਵਾਲ ਦੀ ਜਿੱਤ ਤੇ 20 ਪੈਸੇ ਅਤੇ ਬੀਜੇਪੀ ਦੇ ਉਮੀਦਵਾਰ ਬੀਐਲ ਸ਼ਰਮਾ ਤੇ 3 ਰੁਪੈ ਦਾ ਰੇਟ ਹੈ। ਇਸ ਹਿਸਾਬ ਨਾਲ ਜੇਪੀ, ਮਾਕਨ, ਕ੍ਰਿਸ਼ਨਾ ਅਤੇ ਸਿੱਬਲ ਦੀ ਜਿਤ ਸਾਫ ਵਿਖਾਈ ਦੇ ਰਹੀ ਹੈ। ਸਾਊਥ ਦਿੱਲੀ ਵਿਚ ਕਾਂਗਰਸ ਦੇ ਰਮੇਸ਼ ਕੁਮਾਰ ਦੀ ਜਿੱਤ ਤੇ 35 ਪੈਸੇ ਅਤੇ ਬੀਜੇਪੀ ਦੇ ਰਮੇਸ਼ ਦੀ ਜਿੱਤ ਤੇ 1:3 ਰੁਪੈ ਦਾ ਦਾਅ ਲਗਿਆ ਹੈ। ਵੈਸਟ ਦਿੱਲੀ ਵਿਚ ਸੱਟੇਮਾਰ ਭਾਜਪਾ ਦੇ ਜਗਦੀਸ਼ ਮੁੱਖੀ ਨੂੰ ਜੇਤੂ ਮੰਨ ਰਹੇ ਹਨ। ਇਸ ਲਈ ਉਸ ਉਪਰ 65 ਪੈਸੇ ਅਤੇ ਕਾਂਗਰਸ ਦੇ ਮਿਸ਼ਰਾ ਤੇ 1:3 ਰੁਪੈ ਦਾ ਰੇਟ ਹੈ। ਬੁਕੀਜ ਅਨੁਸਾਰ ਪੋਲਿੰਗ ਵਿਚ ਸਥਿਤੀ ਸੁਧਰਨ ਦੀਆਂ ਖਬਰਾਂ ਹਨ ਪਰ ਰੇਟ ਨਹੀਂ ਬਦਲੇ ਗਏ।
ਸੱਟਾ ਬਜ਼ਾਰ ਵਿਚ ਕਾਂਰਸ ਨੂੰ 150 ਸੀਟਾਂ ਦਿਤੀਆ ਹਨ ਅਤੇ ਭਾਜਪਾ ਦੇ ਖਾਤੇ ਵਿਚ 140 ਸੀਟਾਂ ਮੰਨੀਆਂ ਜਾ ਰਹੀਆਂ ਹਨ। ਪ੍ਰਧਾਨਮੰਤਰੀ ਦੇ ਰੂਪ ਵਿਚ ਡਾ: ਮਨਮੋਹਨ ਸਿੰਘ ਨੂੰ ਹੀ ਅਗਲੇ ਪ੍ਰਧਾਨਮੰਤਰੀ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਅਡਵਾਨੀ ਬਹੁਤ ਹੀ ਪਿੱਛੇ ਚਲ ਰਿਹਾ ਹੈ। ਡਾ: ਮਨਮੋਹਨ ਸਿੰਘ ਤੇ 25 ਪੈਸੇ ਅਤੇ ਅਡਵਾਨੀ ਤੇ 3 ਰੁਪੈ ਦਾ ਰੇਟ ਹੈ। ਕਿਸੇ ਤੀਸਰੇ ਨੇਤਾ ਦੇ ਪ੍ਰਧਾਨਮੰਤਰੀ ਬਣਨ ਤੇ10 ਰੁਪੈ ਦਾ ਰੇਟ ਹੈ।