ਅੰਮ੍ਰਿਤਸਰ – ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪ੍ਰਮਾਣਿਕਤਾ ਸਬੰਧੀ ਲੋੜੀਂਦੀ ਜਾਂਚ ਪੜਤਾਲ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਸ. ਰੂਪ ਸਿੰਘ ਤੇ ਸ਼੍ਰੋਮਣੀ ਕਮੇਟੀ ਦੀ ‘ਗੋਲਡਨ ਆਫਸੈਟ ਪ੍ਰੈਸ’ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਲੰਮੇ ਸਮੇਂ ਤੋਂ ਪਰੂਫ ਰੀਡਿੰਗ ਕਰਨ ਵਾਲੇ ਗਿਆਨੀ ਹਰਬੰਸ ਸਿੰਘ ’ਤੇ ਅਧਾਰਤ ਤਿੰਨ ਮੈਂਬਰੀ ਕਮੇਟੀ ਗਠਤ ਕਰ ਦਿੱਤੀ ਗਈ ਹੈ ਅਤੇ ਇਹ ਕਮੇਟੀ ਜਾਂਚ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੋਂ ਜਾਰੀ ਇਕ ਪ੍ਰੈਸ ਰਲੀਜ਼ ’ਚ ਕੀਤਾ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ-ਜੋਤ ਗੁਰੂ ਸਾਹਿਬ ਦਾ ਦਰਜਾ ਦਿੱਤੇ ਜਾਣ ਉਪਰੰਤ ਇਸ ਪਾਵਨ ਨਾਲ ਵਿਚ ਕੁਝ ਹੋਰ ਜੋੜਨਾਂ ਘੋਰ ਅਵੱਗਿਆ, ਗੈਰ ਸਿਧਾਂਤਕ, ਪੰਥਕ ਮਰਯਾਦਾ ਦੇ ਉਲਟ ਅਤੇ ਨਾਂ ਬਰਦਾਸ਼ਤ ਕਰਨਯੋਗ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪੁਰਾਤਨਤਾ ਅਤੇ ਪ੍ਰਮਾਣਿਕਤਾ ਸਬੰਧੀ ਮੇਰੇ ਨੋਟਿਸ ਵਿਚ ਆਉਣ ’ਤੇ ਤੁਰੰਤ ਕਾਰਵਾਈ ਕਰਦਿਆਂ ਵਧੇਰੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਤੁਰੰਤ ਰਿਪੋਰਟ ਦੇਣ ਲਈ ਕਿਹਾ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਸਰੂਪ ਦੀ ਛਪਾਈ ਕਿਥੇ ਹੋਈ? ਇਹ ਸਰੂਪ ਕਿਥੋਂ ਤੇ ਕਿਵੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਾ? ਇਸ ‘ਸਰੂਪ’ ਦਾ ਪਬਲਿਸ਼ਰ ਕੌਣ ਹੈ? ਅਜਿਹਾ ਸਰੂਪ ਪਬਲਿਸ਼ ਕੀਤੇ ਜਾਣ ਦੀ ਕੀ ਮਨਸ਼ਾ ਸੀ? ਕਮੇਟੀ ਇਨ੍ਹਾਂ ਤੱਥਾਂ ਦੀ ਤਹਿ ਤੀਕ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਰੂਪ ਦੇ ਕਾਗਜ਼, ਸਿਆਹੀ ਅਤੇ ਇਸ ਦੀ ਬਾਈਡਿੰਗ ਆਦਿ ਤੋਂ ਇਸ ਦੀ ਪੁਰਾਤਨਤਾ ਸਬੰਧੀ ਪਤਾ ਲਗਾਉਣ ਲਈ ਵਿਗਿਆਨੀਆਂ ਦੀ ਵੀ ਸੇਵਾ ਲਈ ਜਾ ਸਕਦੀ ਹੈ ਕਿਉਂਕਿ ਅਜਿਹਾ ਸ਼ਰਮਨਾਕ ਕਾਰਾ ਕਰਨ ਵਾਲਿਆਂ ਦੀ ਨਿਸ਼ਾਨਦੇਹੀ ਕਰਨਾ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ’ਤੇ ਜਿਹੜੇ ਵੀ ਦੋਸ਼ੀ ਪਾਏ ਗਏ ਉਨ੍ਹਾਂ ਵਿਰੁੱਧ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ।