ਅੰਮ੍ਰਿਤਸਰ – ਪਾਕਿਸਤਾਨ ’ਚ ਕਬਾਇਲੀ ਇਲਾਕੇ ’ਚੋਂ ਤਾਲਿਬਾਨਾਂ ਵਲੋਂ ਪ੍ਰਭਾਵਤ ਹੋਏ ਸਿੱਖਾਂ ਦੀ ਸਾਰ ਲੈਣ ਤੇ ਉਨ੍ਹਾਂ ਦੀ ਲੋੜੀਂਦੀ ਸਹਾਇਤਾ ਆਦਿ ਲਈ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ’ਚ ਇਕ ਉੱਚ-ਪੱਧਰੀ ਡੈਲੀਗੇਸ਼ਨ ਪਾਕਿਸਤਾਨ ਭੇਜਣ ਲਈ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਵੀਜ਼ੇ ਜਾਰੀ ਕਰਨ ਲਈ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਯਾਦ ਪੱਤਰ ਭੇਜਿਆ, ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਇਕ ਪ੍ਰੈਸ ਰਲੀਜ਼ ’ਚ ਦਿੱਤੀ।
ਉਨ੍ਹਾਂ ਦੱਸਿਆ ਕਿ 7 ਮਈ ਨੂੰ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ’ਚ ਇਕ ਸੱਤ ਮੈਂਬਰੀ ਵਫਦ ਨੇ ਦਿੱਲੀ ਵਿਖੇ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਮਿਲ ਕੇ ਇਕ ਪੱਤਰ ਰਾਹੀਂ ਪਾਕਿਸਤਾਨ ’ਚ ਕਬਾਇਲੀ ਇਲਾਕੇ ਵਿਚੋਂ ਪ੍ਰਭਾਵਤ ਹੋਏ ਸਿੱਖ ਜੋ ਇਸ ਸਮੇਂ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਵਿਖੇ ਦਿਨ ਕੱਟੀ ਕਰ ਰਹੇ ਹਨ, ਦੀ ਸਾਰ ਲੈਣ ਲਈ ਪਾਕਿਸਤਾਨ ਇਕ ਉੱਚ-ਪੱਧਰੀ ਡੈਲੀਗੇਸ਼ਨ ਭੇਜਣ ਦੀ ਮੰਗ ਕੀਤੀ ਸੀ ਅਤੇ ਇਕ ਵੱਖਰੇ ਪੱਤਰ ਰਾਹੀਂ ਇਸ ਡੈਲੀਗੇਸ਼ਨ ’ਚ ਸ਼ਾਮਲ ਕੁਝ ਸਿੱਖ ਨੁਮਾਇੰਦਿਆਂ ਦੇ ਨਾਮ ਵੀ ਦੂਤਾਵਾਸ ਨੂੰ ਸੌਂਪੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀਆਂ ਇਹ ਭਰੋਸਾ ਦਿੱਤਾ ਸੀ ਕਿ ਇਹ ਪੱਤਰ ਪਾਕਿਸਤਾਨ ਸਰਕਾਰ ਨੂੰ ਸੌਂਪੇ ਜਾਣ ਅਤੇ ਇਸ ਦੀ ਕਲੀਅਰੈਂਸ ਮਿਲਣ ਤੇ ਵੀਜ਼ਾ ਦਿੱਤੇ ਜਾਣ ਲਈ ਕਿਹਾ ਸੀ। ਪਰ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਾਨੂੰ ਕੋਈ ਇਤਲਾਹ ਨਹੀਂ ਪੁੱਜੀ। ਉਨ੍ਹਾਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਯਾਦ ਪਤਰ ਭੇਜਦਿਆਂ ਅਪੀਲ ਕੀਤੀ ਹੈ ਕਿ ਵਫਦ ਨੂੰ ਤੁਰੰਤ ਵੀਜ਼ੇ ਜਾਰੀ ਕੀਤੇ ਜਾਣ।