‘ਹੈਰਾਨੀਜਨਕ ਹੋਣਗੇ ਲੋਕ ਸਭਾ ਚੋਣਾਂ ਦੇ ਨਤੀਜੇ
ਲੋਕ ਸਭਾ ਚੋਣਾਂ ਲਈ 5 ਪੜਾਵਾਂ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁਕਾ ਹੈ ਅਤੇ ਹੁਣ 16 ਮਈ ਨੂੰ ਨਤੀਜਿਆਂ ਦੀ ਸਭਨਾਂ ਵਲੋਂ ਬੜੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ। ਦੇਸ਼ ਦੀਆਂ ਸਾਰੀਆਂ ਹੀ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਪੂਰਾ ਜ਼ੋਰ ਲਗਾਇਆ ਹੈ।ਇਹਨਾਂ ਚੋਣਾਂ ਦੌਰਾਨ ਚੁਣਾਵੀ ਗਠਜੋੜਾਂ ਤੇ ਮੋਰਚਿਆਂ ਦੀ ਬੜੀ ਟੁੱਟ-ਭੱਜ ਹੋਈ ਹੈ।ਕੇਂਦਰ ਵਿਚ ਸਰਕਾਰ ਬਣਾਉਣ ਦੀਆਂ ਦੋ ਮੁਖ ਧਿਰਾਂ ਹਾਕਮ ਯੂ.ਪੀ.ਏ. ਅਤੇ ਮੁਖ ਵਿਰੋਧੀ ਐਨ.ਡੀ.ਏ. ਦੀਆਂ ਕਈ ਭਾਈਵਾਲ ਪਾਰਟੀਆਂ ਤੋੜ ਵਿਛੋੜਾ ਕਰ ਕੇ ਨਵ-ਗਠਿਤ ਤੀਜੇ ਮੋਰਚੇ ਵਿਚ ਸ਼ਾਮਿਲ ਹੋ ਗਈਆਂ ਹਨ ਤੇ ਤਿੰਨ ਚਾਰ ਨੇ ਆਪਣਾ ਚੌਥਾ ਮੋਰਚਾ ਬਣਾ ਲਿਆ ਹੈ।ਸਾਰੇ ਹੀ ਕੇਂਦਰ ਵਿਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ, ਪਰ ਇਸ ਦਾ ਪਤਾ ਤਾਂ ਨਤੀਜੇ ਹੀ ਦਸਣ ਗੇ ਕਿ ਬਾਜ਼ੀ ਕੌਣ ਮਾਰਦਾ ਹੈ।ਜਿਥੇ ਯੂ.ਪੀ.ਏ. ਵਲੋਂ ਮੁੜ ਸੱਤਾ ਵਿਚ ਆਉਣ ‘ਤੇ ਡਾ. ਮਨਮੋਹਨ ਸਿੰਘ ਨੂੰ ਹੀ ਪ੍ਰਧਾਨ ਮੰਤਰੀ ਬਣਾਉਣ ਦੀ ਗਲ ਆਖੀ ਹੈ, ਐਨ.ਡੀ.ਏ. ਬਹੁਤ ਆਸਬੰਦ ਹੈ ਕਿ ਅਗਲੇ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਹੋਣ ਗੇ। ਤੀਜੇ ਮੋਰਚੇ ਵਿਚ ਤਾਂ ਐਚ.ਡੀ.ਦੇਵੇ ਗੌੜਾ, ਮਾਇਆਵਤੀ, ਜੈ ਲੁਲਿਤਾ ਸਮੇਤ ਸਾਰੀਆਂ ਹੀ ਭਾਈਵਾਲ ਪਾਰਟੀਆਂ ਦੇ ਲੀਡਰ ਇਸ ਕੁਰਸੀ ਦੇ ਦਾਅਵੇਦਾਰ ਹਨ, ਸ਼ਰਦ ਪਵਾਰ ਸਾਰੀਆਂ ਧਿਰਾਂ ਨਾਲ ਅੱਖ ਮਚੋਲੀ ਖੇਡ ਰਹੇ ਹਨ।ਇਸ ਵਾਰੀ ਕਮਿਊਨਿਸਟ ਵੀ ਸਰਕਾਰ ਬਣਾਉਣ ਜਾਂ ਸਰਕਾਰ ਵਿਚ ਸ਼ਾਮਿਲ ਹੋਣ ਦੀਆਂ ਗੱਲਾਂ ਕਰ ਰਹੇ ਹਨ।
ਇਸ ਵਾਰੀ ਭਾਵੇਂ ਸਾਰੇ ਸੂਬਿਆਂ ਵਿਚ ਹੀ ਕਰੜਾ ਮੁਕਾਬਲਾ ਰਿਹਾ ਹੈ, ਪਰ ਪੰਜਾਬ ਵਿਚ ਸਾਰੀਆਂ ਹੀ ਸੀਟਾਂ ‘ਤੇ ਬੜਾ ਹੀ ਫੱਸਵੀਂ ਟੱਕਰ ਹੈ। ਦੋਵੇ ਧਿਰਾਂ ਹਾਕਮ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਵਲੋਂ ਸਾਰੀਆਂ ਹੀ 13 ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾ ਰਹੇ ਹਨ। ਅਸਲ ਵਿਚ ਹਾਲਤ ਇਹ ਹੈ ਕਿ ਕੋਈ ਵੀ ਉਮੀਦਵਾਰ ਪੂਰੇ ਯਕੀਨ ਨਾਲ ਇਹ ਨਹੀਂ ਕਹਿ ਸਕਦਾ ਕਿ ਉਸ ਦੀ ਸੀਟ ਪੱਕੀ ਹੈ।ਕਿਸੇ ਵੀ ਸੀਟ ਦੇ ਨਤੀਜੇ ਬਾਰੇ ਕੁਝ ਵੀ ਕਹਿਣਾ ਔਖਾ ਹੈ।
ਚੋਣਾਂ ਦੌਰਾਨ ਕਿਸੇ ਵੀ ਪਾਰਟੀ ਦੇ ਹੱਕ ਜਾਂ ਵਿਰੋਧ ਵਿਚ ਕੋਈ ਲਹਿਰ ਨਹੀਂ ਸੀ।ਚੋਣ ਲੜ ਰਹੀਆਂ ਪਾਰਰੀਆਂ ਜਾਂ ਉਮੀਦਵਾਰਾਂ ਨੇ ਆਮ ਲੋਕਾਂ ਦੇ ਮੁੱਦੇ ਵੀ ਨਹੀਂ ਉਠਾਏ, ਬਸ ਇਕ ਦੂਸਰੇ ਦੀ ਨੁਕਤਾਚੀਨੀ ਜਾਂ ਜ਼ਾਤੀ ਹਮਲੇ ਹੀ ਕਰਦੇ ਰਹੇ ਹਨ।ਬਾਕੀ ਸੂਬਿਆਂ ਵਿਚ ਜਿਥੇ ਮੁਖ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਕਾਰ ਰਿਹਾ, ਉਥੇ ਪੰਜਾਬ ਵਿਚ ਇਕ ਗਲ ਵਖਰੀ ਇਹ ਹੋਈ ਹੈ ਕਿ ਚੋਣ ਮੁਕਾਬਲਾ ਅਡਵਾਨੀ ਬਨਾਮ ਮਨਮੋਹਨ ਬਣ ਗਿਆ ਅਤੇ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਹ ਚੋਣ ਮੁੱਦਾ ਬਣ ਗਏ, ਜੋ ਖੁਦ ਅਕਾਲੀ-ਭਾਜਪਾ ਦੇ ਲੀਡਰਾਂ ਨੇ ਹੀ ਬਣਾ ਦਿਤਾ।ਦੂਜੇ ਸੂਬਿਆਂ ਵਿਚ ਸਭ ਤੋਂ ਪਹਿਲਾਂ ਸ੍ਰੀ ਅਦਵਾਨੀ ਨੇ ਇਹ ਪ੍ਰਚਾਰ ਸ਼ੁਰੂ ਕੀਤਾ ਕਿ ਡਾ. ਮਨਮੋਹਨ ਸਿੰਘ ਇਕ “ਕਮਜ਼ੋਰ” ਪ੍ਰਧਾਨ ਮੰਤਰੀ ਹਨ,ਜਦੋਂ ਕਿ ਭਾਜਪਾ ਵਲੋਂ ਸ੍ਰੀ ਅਡਵਾਨੀ ਨੂੰ “ ਮਜ਼ਬੂਤ ਨੇਤਾ, ਨਿਰਣਾਇਕ ਸਰਕਾਰ” ਵਜੋਂ ਪੇਸ਼ ਕੀਤਾ ਜਾ ਰਿਹਾ ਸੀ।ਡਾ. ਮਨਮੋਹਨ ਸਿੰਘ ਨੇ ਜਵਾਬ ਦੇਣਾ ਸ਼ੁਰੂ ਕੀਤਾ,ਤਾ ਸ੍ਰੀ ਅਡਵਾਨੀ ਨੇ ਤਾਂ ਕੁਝ ਜ਼ਾਤੀ ਹਮਲੇ ਕਰਨੇ ਘਟ ਕਰ ਦਿਤੇ, ਪਰ ਪੰਜਾਬ ਦੇ ਭਾਜਪਾ ਤੇ ਅਕਾਲੀ ਲੀਡਰਾਂ ਨੇ ਉਹੋ ਰਾਗ ਅਲਾਪਣਾ ਸ਼ੁਰੂ ਕਰ ਦਿਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਤਾਂ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖ ਦਿਤਾ ਕਿ ਡਾ. ਮਨਮੋਹਨ ਸਿੰਘ ਇਕ “ਸਿੱਖ” ਹੀ ਨਹੀਂ ਹਨ, ਜਿਸ ਨੂੰ ਅਖ਼ਬਾਰਾਂ ਨੇ ਖੁਬ ਉਛਾਲਿਆ।ਕਈ ਸਿੱਖ ਜੱਥੇਬੰਦੀਆਂ ਤੇ ਵਿਦਵਾਨਾਂ ਨੇ ਇਸ ‘ਤੇ ਇਤਰਾਜ਼ ਕੀਤਾ ਤੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਵਿਸ਼ਵ ਭਰ ‘ਚ ਸਿੱਖਾਂ ਦਾ ਅੱਕਸ ਤੇ ਸ਼ਾਨ ਨੂੰ ਉਚਾ ਕੀਤਾ ਹੈ, ਉਹ ਬਹੁਤ ਹੀ ਇਮਾਨਦਾਰ, ਨਾਮਵਰ ਅਰਥ-ਸ਼ਾਸਤਰੀ,ਤੇ ਸਾਊੂ ਇਨਸਾਨ ਹਨ, ਆਪਣੇ ਕਿਸੇ ਭਾਈ ਭਤੀਜਾਵਾਦ ਨੂੰ ਅਗੇ ਲਿਆਉਣ ਦਾ ਯਤਨ ਨਹੀਂ ਕੀਤਾ। ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਬਿਆਨ ਤੋਂ ਪਾਸਾ ਵੱਟ ਲਿਆ।ਜੱਥੇਦਾਰ ਮੱਕੜ ਨੂੰ ਕਹਿਣਾ ਪਿਆ ਕਿ ਡਾ. ਮਨਮੋਹਨ ਸਿੰਘ ੁਇਕ ਸਿੱਖ ਹਨ, ਪਰ ਉਹਨਾਂ ਨੇ ਪੰਜਾਬ ਤੇ ਸਿੱਖਾਂ ਲਈ ਕੁਝ ਨਹੀਂ ਕੀਤਾ।ਇਸ ਉਤੇ ਕਈ ਸਿੱਖ ਲੀਡਰਾਂ , ਵਿਦਵਾਨਾਂ ਤੇ ਪੱਤਰਕਾਰਾਂ ਨੇ ਡਾ. ਮਨਮੋਹਨ ਸਿੰਘ ਵਲੋਂ ਪੰਜਾਬ ਲਈ ਕੀੇਤੇ ਕਾਰਜਾਂ ਬਾਰੇ ਅਖ਼ਬਾਰਾਂ ਵਿਚ ਬਿਆਨ ਦਿਤੇ ਜਾਂ ਲੇਖ ਲਿਖੇ।ਇਹ ਇਕ ਅਸਲੀਅਤ ਕਿ ਸਿੱਖਾਂ ਦੇ ਬਹੁਤੇ ਵੋਟ, ਵਿਸ਼ੇਸ਼ ਕਰ ਸਹਿਰੀ ਖੇਤਰਾਂ ਵਿਚ, ਡਾ. ਮਨਮੋਹਨ ਸਿੰਘ ਕਾਰਨ ਕਾਂਗਰਸ ਨੂੰ ਮਿਲੇ ਹਨ, ਭਾਵ ਇਹ ਵੋਟ ਕਾਂਗਰਸ ਨੂੰ ਨਹੀਂ ਸਗੋਂ ਡਾ. ਮਨਮੋਹਨ ਸਿੰਘ ਨੂੰ ਪਏ ਹਨ।ਸਾਰੇ ਪੰਜਾਬ ਵਿਚ ਡਾ. ਮਨਮੋਹਨ ਸਿੰਘ ਦੇ ਹੱਕ ਵਿਚ ਇਕ ਲਹਿਰ ਬਣ ਗਈ।ਇਹ ਵੀ ਇਕ ਹਕੀਕਤ ਹੈ ਕਿ ਅਕਾਲੀ-ਭਾਜਪਾ ਗਠਜੋੜ ਨੇ ਆਪਣੇ ਉਮੀਦਵਾਰਾਂ ਦੇ ਨਾਂਅ ਲਗਭਗ ਦੋ ਮਹੀਨੇ ਪਹਿਲਾਂ ਹੀ ਐਲ਼ਾਨ ਕਰ ਦਿਤੇ ਸਨ ਅਤੇ ਉਹਨਾਂ ਦਾ ਚੋਣ ਪ੍ਰਚਾਰ ਕਾਂਗਰਸ਼ ਨਾਲੋਂ ਕਿਤੇ ਵੱਧ ਤੇ ਪ੍ਰਭਾਵਸ਼ਾਲੀ ਰਿਹਾ ਹੈ। ਪੰਜਾਬੀ ਦੇ ਲਗਭਗ ਸਾਰੇ ਟੀ.ਵੀ. ਨਿਊਜ਼ ਚੈਨਲਾਂ ਉਤੇ ਹਾਕਮ ਅਕਾਲੀ ਦਲ ਦਾ ਸਿੱਧਾ ਜਾਂ ਅਸਿੱਧਾ ਕਬਜ਼ਾ ਹੈ, ਇਹ ਸਾਰੇ ਟੀ.ਵੀ. ਚੈਨਲ ਅਕਾਲੀ-ਭਾਜਪਾ ਦੇ ਹੱਕ ਵਿਚ ਇਕ-ਪਾਸੜ ਖ਼ਬਰਾਂ ਦਿੰਦੇ ਰਹੇ ਹਨ ਜਾਂ ਪ੍ਰਚਾਰ ਕਰਦੇ ਰਹੇ ਹਨ।ਬੁਹਜਨ ਪਾਰਟੀ ਨੇ ਵੀ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕੀਤੇ ਹਨ,ਇਹਨਾਂ ਵਲੋਂ ਪ੍ਰਾਪਤ ਵੋਟਾਂ ਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੈ, ਇਸ ਲਈ ਇਹਨਾਂ ਚੈਨਲਾਂ ਵਲੋਂ ਬਸਪਾ ਉਮੀਦਵਾਰਾਂ ਨੂੰ ਵੀ ਉਭਾਰਿਆ ਜਾਂਦਾ ਰਿਹਾ ਹੈ।ਅੰਗਰੇਜ਼ੀ ਅਖ਼ਬਾਰਾਂ ਦੇ ਪੱਤਰਕਾਰਾਂ ਵਲੋਂ ਨਿਰਪੱਖ ਖ਼ਬਰਾਂ ਤੇ ਚੋਣ ਵਿਸ਼ਲੇਸ਼ਨ ਦਿਤੇ ਗਏ, ਪਰ ਪੰਜਾਬੀ ਹਿੰਦੀ ਅਖ਼ਬਾਰਾਂ ਦੇ ਵਧੇਰੇ ਪੱਤਰਕਾਰ ਪਾਰਟੀਆਂ ਜਾਂ ਉਮੀਦਵਾਰਾਂ ਤੋਂ ਪੈਸੇ ਲੈ ਕੇ ਪੱਖਪਾਤੀ ਖ਼ਬਰਾਂ ਦਿੰਦੇ ਰਹੇ ਹਨ।
ਅਖ਼ਬਾਰੀ ਰੀਪੋਰਟਾਂ ਅਨੁਸਾਰ ਡਾ. ਮਨਮੋਹਨ ਸਿੰਘ ਦੇ ਹੱਕ ਵਿਚ ਇਕ ਲਹਿਰ ਬਣ ਜਾਣ ਕਰਕੇ ਸ਼ਹਿਰਾਂ ਇਸ ਸਮੇਂ ਕਾਂਗਰਸ ਦਾ ਹੱਥ ਉਪਰ ਜਾਪਦਾ ਹੈ ਜਦੋਂ ਕਿ ਪੇਂਡੂ ਖੇਤਰਾਂ ਵਿਚ ਅਕਾਲੀ ਦਲ ਦਾ ਜ਼ੋਰ ਜਾਪਦਾ ਹੈ। ਇਹ ਸਭ ਕੁਝ ਦੇਖਦੇ ਹੋਏ ਦੋਵੇਂ ਧਿਰਾਂ ਬਰਾਬਰ ਦੀਆਂ ਸੀਟਾਂ, 7-6 ਸੀਟਾਂ ਪ੍ਰਾਪਤ ਕਰ ਸਕਣਗੀਆਂ। ਖੈਰ,ਹੁਣ ਤਾਂ ਕੁਝ ਦਿਨਾਂ ਦੀ ਹੀ ਗਲ ਹੈ ਕਿ 16 ਮਈ ਦੁਪਹਿਰ ਤਕ ਸਾਰੇ ਚੋਣ ਨਤੀਜੇ ਆ ਜਾਣ ਗੇ, ਇਹ ਸਾਰੇ ਨਤੀਜੇ ਬਹੁਤ ਹੀ ਹੈਰਾਨੀ-ਜਨਕ ਹੋਣ ਗੇ। ਕੇਂਦਰ ਵਿਚ ਡਾ. ਮਨਮੋਹਨ ਸਿੰਘ ਜਾਂ ਸ੍ਰੀ ਅਡਵਾਨੀ ਪ੍ਰਧਾਨ ਮੰਤਰੀ ਬਣਦੇ ਹਨ ਜਾਂ ਕੋਈ ਹੋਰ, ਇਸ ਦਾ ਸੰਕੇਤ ਵੀ 16 ਮਈ ਨੂੰ ਹੀ ਮਿਲ ਜਾਏਗਾ।