ਨਵੀਂ ਦਿੱਲੀ- ਲੋਕਸਭਾ ਚੋਣਾਂ ਦੇ ਨਤੀਜਿਆਂ ਦੇ ਆਉਣ ਤੋਂ ਬਾਅਦ ਕਾਂਗਰਸ ਦੀ ਅਗਵਾਈ ਵਿਚ ਯੂਪੀਏ ਗਠਜੋੜ ਸਰਕਾਰ ਬਨਾਉਣ ਲਈ ਤਿਆਰ ਹੈ ਜਦਕਿ ਬੀਜੇਪੀ ਅਗਵਾਈ ਵਾਲੇ ਗਠਜੋੜ ਨੂੰ ਵਿਰੋਧੀ ਧਿਰ ਵਜੋਂ ਸੰਸਦ ਭਵਨ ਵਿਚ ਬੈਠਕੇ ਹੀ ਤੱਸਲੀ ਕਰਨੀ ਪੈਣੀ ਹੈ। ਇਸਤੋਂ ਇਹੀ ਸਾਬਤ ਹੁੰਦਾ ਹੈ ਕਿ ਦੇਸ਼ਵਾਸੀਆਂ ਨੇ ਮਨਮੋਹਨ ਸਿੰਘ ਦੇ ਅਮਰੀਕਾ ਨਾਲ ਹੋਏ ਪ੍ਰਮਾਣੂ ਸਮਝੌਤੇ ਨੂੰ ਪੂਰਨ ਤੌਰ ‘ਤੇ ਇਕ ਸਹੀ ਫੈਸਲਾ ਕਰਾਰ ਦਿੱਤਾ ਹੈ।
ਹੁਣ ਤੱਕ ਆਏ ਨਤੀਜਿਆਂ ਮੁਤਾਬਕ ਇਕਲੀ ਕਾਂਗਰਸ ਨੂੰ 205 ਸੀਟਾਂ ਮਿਲੀਆਂ ਹਨ। ਜਦਕਿ ਉਸਦੀਆਂ ਸਹਿਯੋਗੀ ਤ੍ਰਿਣਮੂਲ ਕਾਂਗਰਸ ਨੂੰ 19, ਦ੍ਰਮੁਕ ਨੂੰ 18 ਅਤੇ ਐਨਸੀਪੀ ਨੂੰ 9 ਸੀਟਾਂ ਮਿਲੀਆਂ ਹਨ। ਇਸਤੋਂ ਇਲਾਵਾ ਕੁਝ ਹੋਰ ਛੋਟੀਆਂ ਸਹਿਯੋਗੀ ਪਾਰਟੀਆਂ ਦੀਆਂ ਸੀਟਾਂ ਰਲਾਕੇ ਕਾਂਗਰਸ ਗਠਜੋੜ ਨੂੰ ਕੁਲ 261 ਸੀਟਾਂ ਮਿਲੀਆਂ ਹਨ।
ਕਾਂਗਰਸ ਦੀ ਇਸ ਜਿੱਤ ਨੂੰ ਇਕ ਇਤਿਹਾਸਕ ਜਿੱਤ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਚੋਣ ਮਾਹਿਰਾਂ ਅਨੁਸਾਰ ਇਸ ਸਭ ਕਾਰਜ ਦਾ ਸਿਹਰਾ ਮੁੱਖ ਤੌਰ ‘ਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਨੇਕ ਨੀਤੀ ਅਤੇ ਉਸਾਰੂ ਸੋਚ ਦੇ ਸਿਰ ਬੰਨ੍ਹਿਆਂ ਜਾ ਰਿਹਾ ਹੈ। ਇਸਤੋਂ ਬਾਅਦ ਮਾਹਿਰਾਂ ਵਲੋਂ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਵਲੋਂ ਪਾਏ ਗਏ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਕਾਂਗਰਸ ਨੂੰ ਮਿਲੀ ਇਸ ਭਾਰੀ ਜਿੱਤ ਤੋਂ ਬਾਅਦ ਕਾਂਗਰਸ ਨੂੰ ਬਹੁਮਤ ਲਈ ਸਿਰਫਲ 12 ਸੀਟਾਂ ਦੀ ਲੋੜ ਦਰਕਾਰ ਹੈ। ਜੇਕਰ ਇਸ ਵਿਚ ਲਾਲੂ ਪ੍ਰਸਾਦਿ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਦੀਆਂ 4 ਸੀਟਾਂ, ਸਮਾਜਵਾਦੀ ਪਾਰਟੀ ਦੀਆਂ 22 ਸੀਟਾਂ ਨੂੰ ਜੋੜ ਦਿੱਤਾ ਜਾਵੇ ਤਾਂ ਉਸਨੂੰ ਆਸਾਨੀ ਨਾਲ ਇਹ ਬਹੁਮਤ ਮਿਲ ਰਿਹਾ ਹੈ।
ਪਾਰਟੀ ਨੇ ਸਪਸ਼ਟ ਜਿੱਤ ਨੂੰ ਵੇਖਦੇ ਹੋਏ ਐਤਵਾਰ ਨੂੰ ਕਾਂਗਰਸ ਕਾਰਜਕਾਰਣੀ ਦੀ ਮੀਟਿੰਗ ਬੁਲਾਈ ਹੈ ਜਿਸ ਵਿਚ ਜਨਤਾ ਦਾ ਧੰਨਵਾਦ ਕੀਤਾ ਜਾਵੇਗਾ। ਇਸਦੇ ਨਾਲ ਹੀ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਡਾਕਟਰ ਮਨਮੋਹਨ ਸਿੰਘ ਹੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।
ਵੋਟਾਂ ਦੇ ਇਸ ਸਮੀਕਰਣ ਵਿਚ ਮੁਲਾਇਮ ਸਿੰਘ ਯਾਦਵ ਤੋਂ ਇਲਾਵਾ ਟੀਆਰਐਸ ਤੇ ਅਜੀਤ ਸਿੰਘ ਨੂੰ ਆਪਣੇ ਨਾਲ ਰਲਾਵੇ ਅਤੇ ਲਾਲੂ ਨੂੰ ਨਾਲ ਲੈਕੇ ਚਲੇ ਤਾਂ ਵੀ ਉਨ੍ਹਾਂ ਦਾ ਬਹੁਮਤ ਪੱਕਾ ਹੈ। ਪਰ ਇਸ ਲਈ ਉਨ੍ਹਾਂ ਟੀਆਰਐਸ ਨਾਲ ਕੋਈ ਸੌਦਾ ਕਰਨਾ ਪੈ ਸਕਦਾ ਹੈ ਪਰੰਤੂ ਮੌਜੂਦਾ ਸਮੇਂ ਕਾਂਗਰਸ ਕਿਸੇ ਪ੍ਰਕਾਰ ਦੇ ਸਮਝੌਤੇ ਦੇ ਹੱਕ ਵਿਚ ਨਹੀਂ ਹੈ।
ਇਥੋਂ ਤੱਕ ਕਿ ਨੀਤੀਸ਼ ਕੁਮਾਰ ਜਨਤਾ ਦਲ-ਯੂ ਯੂਪੀਏ ਵਿਚ ਸ਼ਾਮਲ ਹੋਣ ਨਾਲ ਵੀ ਇਹ ਅੰਕ ਹਾਸਲ ਹੋ ਸਕਦਾ ਹੈ ਪਰੰਤੂ ਇਸ ਲਈ ਨੀਤੀਸ਼ ਨੂੰ ਆਪਣੀ ਸਰਕਾਰ ਦੀ ਕੁਰਬਾਨੀ ਦੇਣੀ ਪਵੇਗੀ। ਜਨਤਾ ਦਲ ਦੇ ਐਨਕੇ ਸਿੰਘ ਜਿਸ ਟੋਨ ਵਿਚ ਹੁਣ ਟੀਵੀ ਚੈਨਲਾਂ ‘ਤੇ ਗੱਲ ਕਰਦੇ ਨਜ਼ਰ ਆਏ, ਉਸਤੋਂ ਇਸ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।