ਲੁਧਿਆਣਾ : – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਇਲਾਹਾਬਾਦ ਬੈਂਕ ਦੇ ਸੀਨੀਅਰ ਮੈਨੇਜਰ ਸ: ਲਾਲ ਸਿੰਘ ਵੱਲੋਂ ਲਿਖੀ ਅੰਗਰੇਜ਼ੀ ਪੁਸਤਕ ਭਗਤ ਧੰਨਾ ਜੀ ਦਾ ਖੇਤੀਬਾੜੀ ਮਾਡਲ ਰਿਲੀਜ਼ ਕਰਦਿਆਂ ਕਿਹਾ ਹੈ ਕਿ ਖੇਤੀ ਉਪਜ ਦੇ ਵਾਧੇ ਨਾਲ ਜੇਕਰ ਖੁਸ਼ਹਾਲੀ ਵਧੇ ਤਾਂ ਹੀ ਵਿਗਿਆਨ ਦਾ ਲਾਭ ਹੈ । ਜੇਕਰ ਲਗਾਤਾਰ ਕਰਜ਼ਾ ਵਧੇ ਤਾਂ ਯੋਗ ਪ੍ਰਬੰਧ ਦੀ ਕਮੀ ਹੈ। ਉਨ੍ਹਾਂ ਆਖਿਆ ਕਿ ਘੱਟ ਸੋਮਿਆਂ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਵੰਨ ਸੁਵੰਨੀ ਖੇਤੀ ਦਾ ਭਗਤ ਧੰਨਾ ਮਾਡਲ ਪਛਾਨਣਾ ਅਤੇ ਪੁਸਤਕ ਰੂਪ ਵਿੱਚ ਪੇਸ਼ ਕਰਨਾ ਬਿਲਕੁਲ ਨਿਵੇਕਲੀ ਗੱਲ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਵੰਨ-ਸੁਵੰਨੀ ਖੇਤੀ ਦਾ ਮਾਡਲ ਵੀ ਇਸ ਮਾਡਲ ਨਾਲ ਕਾਫੀ ਮੇਲ ਖਾਂਦਾ ਹੈ ਅਤੇ ਇਸ ਦੇ ਮੁਲਾਂਕਣ ਉਪਰੰਤ ਇਸ ਨੂੰ ਆਮ ਲੋਕਾਂ ਤੀਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਸ: ਲਾਲ ਸਿੰਘ ਨੂੰ ਮੁਬਾਰਕ ਦਿੱਤੀ ਜਿਨ੍ਹਾਂ ਨੇ ਇਸ ਕਿਤਾਬ ਦੇ ਪਹਿਲਾਂ ਪੰਜਾਬੀ ਐਡੀਸ਼ਨ ਦੀ ਪ੍ਰਕਾਸ਼ਨਾ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਰਾਹੀਂ ਕੀਤੀ ਅਤੇ ਹੁਣ ਇਸ ਦਾ ਅੰਗਰੇਜ਼ੀ ਸਰੂਪ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ। ਡਾ: ਕੰਗ ਨੇ ਭਗਤ ਧੰਨਾ ਜੀ ਦੀ ਆਰਤੀ ‘ਗੋਪਾਲ ਤੇਰਾ ਆਰਤਾ’ ਦੇ ਪ੍ਰਸੰਗ ਵਿੱਚ ਆਖਿਆ ਕਿ ਇਸ ਪ੍ਰਵਚਨ ਨੂੰ ਵਰਤਮਾਨ ਲੋੜਾਂ ਦੇ ਅਨੁਕੂਲ ਢਾਲਣ ਲਈ ਗਿਆਨ ਤੇ ਵਿਗਿਆਨ ਦਾ ਸੁਮੇਲ ਜ਼ਰੂਰੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕ ਡਾ: ਸ ਨ ਸੇਵਕ, ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ: ਦਲਜੀਤ ਸਿੰਘ ਗਿੱਲ ਸਦਰਪੁਰਾ, ਪੀ ਏ ਯੂ ਕਿਸਾਨ ਕੱਲਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ, ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ:ਜਗਤਾਰ ਸਿੰਘ ਧੀਮਾਨ ਤੋਂ ਇਲਾਵਾ ਮਾਸਕ ਪੱਤਰ ਚੰਗੀ ਖੇਤੀ ਦੇ ਸੰਪਾਦਕ ਗੁਰਭਜਨ ਗਿੱਲ ਨੇ ਵੀ ਲੇਖਕ ਦੀ ਸੋਚ ਅਤੇ ਹਿੰਮਤ ਦੀ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਸਤਵਿੰਦਰ ਕੌਰ ਮਾਨ , ਡੀਨ ਹੋਮ ਸਾਇੰਸ ਕਾਲਜ ਡਾ: ਨੀਲਮ ਗਰੇਵਾਲ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪੀ ਕੇ ਗੁਪਤਾ, ਡਾਇਰੈਕਟਰ ਫਾਰਮਜ਼ ਡਾ: ਗੁਰਕਿਰਪਾਲ ਸਿੰਘ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦੁਲਚਾ ਸਿੰਘ ਬਰਾੜ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਤੇਜਵੰਤ ਸਿੰਘ, ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਅਤੇ ਯੂਨੀਵਰਸਿਟੀ ਲਾਇਬ੍ਰੇਰੀਅਨ ਡਾ: ਬਿੱਕਰ ਸਿੰਘ ਸਿੱਧੂ ਤੋਂ ਇਲਾਵਾ ਪ੍ਰਤਾਪ ਵਿਦਿਅਕ ਅਦਾਰਿਆਂ ਦੇ ਮੁਖੀ ਡਾ: ਰਮੇਸ਼ ਇੰਦਰ ਕੌਰ ਬੱਲ ਤੋਂ ਇਲਾਵਾ ਪੀ ਏ ਯੂ ਕਿਸਾਨ ਕਲੱਬ ਅਤੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ।