ਕੋਲੰਬੋ- ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਨੇ ਆਪਣੀ ਸੈਨਾ ਦੇ ਲਿਟੇ ਤੇ ਫਤਿਹ ਦਾ ਐਲਾਨ ਕਰ ਦਿਤਾ ਹੈ। ਤਮਿਲ ਵਿਦਰੋਹੀਆਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਰਾਜਪਕਸ਼ੇ ਦੇ ਜਿੱਤ ਦੇ ਐਲਾਨ ਤੋਂ ਬਾਅਦ ਲੋਕ ਖੁਸ਼ੀ ਵਿਚ ਸੜਕਾਂ ਤੇ ਨਿਕਲ ਆਏ ਅਤੇ ਜਲੂਸ ਕਢ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਰਾਜਪਕਸ਼ੇ ਜਾਰਡਨ ਵਿਚ ਜੀ-11 ਸੰਮੇਲਨ ਵਿਚ ਹਿੱਸਾ ਲੈਣ ਲਈਗਏ ਸਨ । ਵਾਪਿਸ ਸ੍ਰੀਲੰਕਾ ਪ੍ਰਤਣ ਤੇ ਰਾਜਪਕਸ਼ੇ ਨੇ ਸਿਰ ਜਮੀਨ ਤੇ ਰੱਖ ਕੇ ਆਪਣੀ ਮਾਤਰਭੂਮੀ ਨੂੰ ਆਦਰ ਮਾਣ ਦਿਤਾ ਅਤੇ ਪੂਜਾ ਕੀਤੀ।
ਇਥੇ ਇਹ ਵਰਨਣਯੋਗ ਹੈ ਕਿ ਸ੍ਰੀਲੰਕਾ ਵਿਚ ਸੈਨਾ ਅਤੇ ਵਿਦਰੋਹੀਆਂ ਵਿਚਕਾਰ ਚਲੇ ਯੁਧ ਵਿਚ ਲਿਬਰੇਸ਼ਨ ਟਾਈਗਰਜ ਅਤੇ ਤਮਿਲ ਈਲਮ ਦੇ ਮੁਖੀ ਪ੍ਰਭਾਕਰਣ ਪਿਲੈ ਫਰਾਰ ਹੋਣ ਦੀ ਕੋਸਿ਼ਸ਼ ਕਰਦਾ ਮਾਰਿਆ ਗਿਆ। ਸੈਨਾ ਦੇ ਇਕ ਅਧਿਕਾਰੀ ਨੇ ਦਸਿਆ ਕਿ 54 ਸਾਲਾ ਪ੍ਰਭਾਕਰਣ ਆਪਣੇ ਕੁਝ ਵਿਸ਼ਵਾਸ਼ਯੋਗ ਸਾਥੀਆਂ ਸਮੇਤ ਇਕ ਵੈਨ ਅਤੇ ਇਕ ਐਂਬੂਲੈਂਸ ਦੇ ਕਾਫਲੇ ਵਿਚ ਸੀ। ਸ੍ਰੀਲੰਕਾ ਦੀ ਸੈਨਾ ਨੇ ਇਸ ਕਾਫਲੇ ਤੇ ਹਮਲਾ ਕਰ ਦਿਤਾ ਜਿਸ ਵਿਚ ਪ੍ਰਭਾਕਰਣ ਮਾਰਿਆ ਗਿਆ। ਇਥੇ ਇਹ ਵੀ ਵਰਨਣ ਯੋਗ ਹੈ ਕਿ ਹਾਲ ਹੀ ਵਿਚ ਪ੍ਰਭਾਕਰਣ ਦੇ ਸਮੂਹਿਕ ਆਤਮਹਤਿਆ ਕਰਨ ਦੀਆਂ ਖਬਰਾਂ ਵੀ ਆਈਆਂ ਸਨ। ਉਸ ਦੀ ਮੌਤ ਨੂੰ ਲੈ ਕੇ ਅਜੇ ਵੀ ਸ਼ਕ ਕੀਤਾ ਜਾ ਰਿਹਾ ਹੈ।
ਸ੍ਰੀਲੰਕਾ ਦੀ ਸੈਨਾ ਨੇ ਲਿਟੇ ਦੇ ਆਖਰੀ ਗੜ੍ਹ ਤੇ ਸਿ਼ਕੰਜਾ ਕਸਦੇ ਹੋਏ 7 ਵਿਦਰੋਹੀਆਂ ਨੂੰ ਮਾਰ ਦਿਤਾ ਹੈ ਜਿਨ੍ਹਾਂ ਵਿਚ ਪ੍ਰਭਾਕਰਣ ਦਾ ਪੁੱਤਰ ਚਾਰਲਸ ਐਂਥਨੀ ਵੀ ਸ਼ਾਮਿਲ ਹੈ। ਲਿਟੇ ਦੇ ਸ਼ਾਂਤੀ ਵਿਭਾਗ ਦੇ ਮੁੱਖੀ ਪੁਲਿਦੇਵਨ ਅਤੇ ਲਿਟੇ ਦੇ ਰਾਜਨੀਤਕ ਮਾਮਲਿਆਂ ਦੇ ਮੱਖੀ ਬੀ ਨਾਦੇਸਨ ਅਤੇ ਸਪੈਸ਼ਲ ਬਲ ਦੇ ਸੈਨਿਕ ਨੇਤਾ ਰਮੇਸ਼ ਦੀਆਂ ਲਾਸ਼ਾਂ ਯੁਧ ਖੇਤਰ ਵਿਚੋਂ ਮਿਲੀਆਂ ਹਨ। ਸੈਨਿਕਾਂ ਵਲੋਂ ਲਿਟੇ ਦੇ ਪੁਲਿਸ ਵਿੰਗ ਦੇ ਮੁੱਖੀ ਇਲਾਂਗੋ ਅਤੇ ਖਾਸ ਵਿਦਰੋਹੀ ਨੇਤਾ ਸੁੰਦਰਮ ਅਤੇ ਕਪਿਲ ਅਮਾਨ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ।