ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਨਤਾ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਭਾਰੀ ਬਹੁਮੱਤ ਨਾਲ ਜਿਤਾਇਆ ਹੈ ਤਾਂ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੀਏ। ਚੋਣਾਂ ਸਮੇਂ ਦੇਸ਼ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਹਨ, ਉਨ੍ਹਾਂ ਨੂੰ ਪੂਰਾ ਕਰਨ ਵਿਚ ਸਫਲਤਾ ਹਾਸਿਲ ਕਰੀਏ।
ਦੂਸਰੀ ਵਾਰ ਪ੍ਰਧਾਨਮੰਤਰੀ ਬਣਨ ਜਾ ਰਹੇ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਜਨਤਾ ਚਾਹੁੰਦੀ ਹੈ ਕਿ ਅਸੀਂ ਨਵੀਂ ਊਰਜਾ ਨਾਲ ਕੰਮ ਕਰੀਏ ਅਤੇ ਉਨ੍ਹਾਂ ਨੂੰ ਜਵਾਬਦੇਹ ਹੋਈਏ। ਲੋਕ ਕੰਮ ਕਰਨ ਦੇ ਪੁਰਾਣੇ ਢੰਗ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰਥਿਕ ਵਿਕਾਸ ਦੀ ਰਫਤਾਰ ਨੂੰ ਸਥਾਈ ਬਣਾਈ ਰੱਖਣ ਲਈ ਨਵੇਂ ਨਿਵੇਸ਼ ਦੀ ਜਰੂਰਤ ਹੈ। ਇਸ ਲਈ ਅਜਿਹਾ ਰਾਜਨੀਤਕ ਅਤੇ ਸਮਾਜਿਕ ਮਹੌਲ ਪੈਦਾ ਕਰਨ ਦੀ ਜਰੂਰਤ ਹੈ ਜਿਸ ਨਾਲ ਨਿਵੇਸ਼ ਵਧੇ। ਇਸ ਲਈ ਆਰਥਿਕ ਸੁਧਾਰ ਅਤੇ ਚੰਗੇ ਪ੍ਰਬੰਧ ਦੀ ਲੋੜ ਹੈ। ਡਾ: ਮਨਮੋਹਨ ਸਿੰਘ ਨੇ ਇਹ ਭਰੋਸਾ ਦਿਵਾਇਆ ਕਿ ਜੇ ਪਿੱਛਲੇ ਪੰਜ ਸਾਲਾਂ ਦੀ ਵਿਕਾਸ ਦਰ ਸਥਿਰ ਰਹੀ ਤਾਂ ਗਰੀਬੀ ਦੂਰ ਕਰਨ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਪੇਂਡੂ ਵਿਕਾਸ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰੀਵਰਤਣ ਦੀ ਸਪੀਡ ਵਧਾਉਣ ਦੀ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵਿਰੋਧੀ ਦਲਾਂ ਨੂੰ ਸਕਾਰਤਮਕ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।