ਵਸਿ਼ਗੰਟਨ- ਅਮਰੀਕਾ ਪਾਕਿਸਤਾਨ ਨੂੰ 11 ਕਰੋੜ ਡਾਲਰ ਦੀ ਫੌਰੀ ਮਦਦ ਦੇਵੇਗਾ ਤਾਂ ਜੋ ਪਾਕਿਸਤਾਨ ਵਿਚ ਸਵਾਤ ਘਾਟੀ ਵਿਚ ਤਾਲਿਬਾਨ ਦੇ ਵਿਰੁਧ ਚਲ ਰਹੇ ਸੰਘਰਸ਼ ਦੌਰਾਨ ਬੇਘਰ ਹੋਏ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਸਕੇ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਕਹਿਣਾ ਹੈ ਕਿ ਮਾਨਵੀ ਮਦਦ ਲਈ ਦਿਤਾ ਜਾ ਰਿਹਾ ਇਹ ਪੈਕਟ ਕਾਂਗਰਸ ਤੋਂ ਪਾਕਿਸਤਾਨ ਲਈ ਮੰਗੀ ਜਾ ਰਹੀ ਮਦਦ ਤੋਂ ਇਲਾਵਾ ਹੋਵੇਗਾ। ਸਵਾਤ ਘਾਟੀ ਵਿਚ ਤਾਲਿਬਾਨ ਦੇ ਖਿਲਾਫ ਪਾਕਿਸਤਾਨੀ ਸੈਨਾ ਰਾਹੀਂ ਕੀਤੀ ਜਾ ਰਹੀ ਕਾਰਵਾਈ ਦੌਰਾਨ 15 ਲਖ ਤੋਂ ਜਿਆਦਾ ਲੋਕ ਬੇਘਰ ਹੋ ਗਏ ਹਨ।
ਵਿਦੇਸ਼ਮੰਤਰੀ ਹਿਲਰੀ ਕਲਿੰਟਨ ਦਾ ਕਹਿਣਾ ਹੈ ਕਿ ਇਹ ਮਦਦ ਸਾਰੀ ਦੁਨੀਆਂ ਅਤੇ ਅਮਰੀਕਾ ਦੀ ਸੁਰੱਖਿਆ ਲਈ ਜਰੂਰੀ ਹੈ। ਪਿੱਛਲੇ 30 ਸਾਲਾਂ ਵਿਚ ਪਾਕਿਸਤਾਨ ਸਬੰਧੀ ਅਮਰੀਕਾ ਦੀ ਨੀਤੀ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਹਨ। ਇਸ ਸਮੇਂ ਦਿਤੀ ਜਾ ਰਹੀ ਮਦਦ ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਵਲੋਂ ਦਿਤੀ ਜਾਵੇਗੀ। ਜਿਸ ਵਿਚ ਘਰੋਂ ਬੇਘਰ ਹੋਏ ਲੋਕਾਂ ਲਈ ਜੈਨਰੇਟਰ, ਤੰਬੂ, ਪਾਣੀ ਅਤੇ ਖਾਧ ਸਮੱਗਰੀ ਦਿਤੀ ਜਾਵੇਗੀ। ਹਿਲਰੀ ਕਲਿੰਟਨ ਦਾ ਇਹ ਵੀ ਕਹਿਣਾ ਹੈ ਕਿ ਪਾਕਿਸਤਾਨ ਦੇ ਲੋਕਾਂ ਦਾ ਝੁਕਾਅ ਹੁਣ ਤਾਲਿਬਾਨ ਦੇ ਖਿਲਾਫ ਹੋ ਰਿਹਾ ਹੈ।