ਚੁਨਾਵ – 2009 ਦਾ ਲੰਬਾ ਚੋਣ ਅਭਿਆਨ ਅਮਨ – ਸ਼ਾਂਤੀ ਨਾਲ ਪੂਰਾ ਹੋ ਚੁੱਕਾ ਹੈ। ਸਾਫ ਸੁਥਰੀਆਂ ਚੋਣਾ ਕਰਵਾਉਣ ਦਾ ਪੂਰਾ ਸਿਲਾ ਚੋਣ ਕਮਿਸ਼ਨ ਨੂੰ ਜਾਂਦਾ ਹੈ। ਭਾਰਤ ਵਰਗੇ ਵੱਢੇ ਦੇਸ਼ ਅਤੇ ਜਿਸ ਵਿੱਚ ਵੱਢੀ ਜੰਨ-ਸੰਖਿਆ ਨਿਵਾਸ ਕਰਦੀ ਹੈ, ਵਿੱਚ ਚੁਨਾਵ ਕਰਵਾਉਣਾ ਅਸਾਨ ਨਹੀਂ ਹੁੰਦਾ ਉਹ ਵੀ ਉਸ ਵੇਲੇ ਜਦੋਂ ਗੁਆਂਢੀ ਰਾਜਾਂ ਵਿੱਚ ਵੀ ਅਮਨ ਸ਼ਾਂਤੀ ਨਾ ਹੋਵੇ ਅਤੇ ਅੱਤਵਾਦ ਦਾ ਖਤਰਾ ਸਿੱਰ ਤੇ ਖੜਾ ਹੋਵੇ। ਫਿਰ ਵੀ ਸਾਫ ਸੁਥਰੀਆਂ ਚੋਣਾ ਕਰਵਾਉਣ ਲਈ ਚੋਣ ਕਮਿਸ਼ਨ ਵਧਾਈ ਦਾ ਪਾਤਰ ਹੈ ਜਿਸ ਕਾਰਨ ਭਾਰਤੀ ਲੋਕਤੰਤਰ ਹੋਰ ਮਜਬੂਤ ਹੋਇਆ ਹੈ।
ਮੌਜੂਦਾ ਚੋਣਾਂ ਵਿੱਚ ਕਾਂਗਰਸ ਉਮੀਦ ਤੋਂ ਵੱਧ ਸੱਭ ਤੋਂ ਵੱਧ ਸੀਟਾਂ ਹਾਂਸਿਲ ਕਰਕੇ ਸੱਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ। ਯੂ ਪੀ ਏ ਸਰਕਾਰ ਬਣਾਉਣ ਦੇ ਨੇੜੇ ਹੈ ਅਤੇ ਮਨਮੋਹਣ ਸਿੰਘ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਤੈਹਿ ਹੈ। ਭਾਜਪਾ ਦੀ ਕਾਰਗੁਜਾਰੀ ਕਾਫੀ ਖਰਾਬ ਰਹੀ ਹੈ। ਖੱਬੇ-ਪੱਖੀਆਂ ਦੀ ਹਾਰ ਦੁਖਦਾਇਕ ਰਹੀ ਹੈ। ਕਿਉਂਕਿ ਇਹ ਪਾਰਟੀਆਂ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਆਪਣੀ ਤਸਵੀਰ ਸਾਫ ਸੁਥਰੀ ਬਣਾ ਕਿ ਰੱਖਣ ਵਿੱਚ ਕਾਮਯਾਬ ਰਹੀਆਂ ਹਨ। ਪਰ ਨੀਤੀਆਂ ਵਿੱਚ ਇਕਸਾਰਤਾ ਦੀ ਘਾਟ ਕਾਰਨ ਇਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਸਪਾ, ਬਸਪਾ, ਰਾਜਦ ਆਦਿ ਵਰਗੀਆਂ ਵੱਡੀਆਂ ਖੇਤਰੀ ਪਾਰਟੀਆਂ ਨੂੰ ਜਨਤਾਂ ਨੇ ਇਸ ਵਾਰ ਨਿਕਾਰ ਦਿੱਤਾ ਹੈ।
ਚੁਨਾਵ – 2009 ਦੀ ਖਾਸ ਗੱਲ ਇਸ ਵਾਰ ਇਹ ਰਹੀ ਕਿ ਭਾਰਤੀ ਵੋਟਰ ਨੇ ਇਸ ਵਾਰ ਬਹੁਤ ਹੀ ਜਾਗਰੁਕ ਹੋ ਕੇ ਵੋਟ ਕੀਤੀ ਹੈ। ਉਸ ਨੇ ਇਸ ਵਾਰ ਉਹਨਾ ਸਾਰੇ ਲੀਡਰਾਂ ਅਤੇ ਸਿਆਸੀ ਪਾਰਟੀਆਂ ਨੂੰ ਧੂੜ ਚਟਾਈ ਹੈ ਜਿਹੜੇ ਕਿ ਧਰਮ, ਜਾਤ-ਪਾਤ, ਖੇਤਰਵਾਦ, ਰਾਖਵਾਕਰਨ ਆਦਿ ਦੀ ਸਿਆਸਤ ਕਰਦੇ ਸਨ। ਕਾਂਗਰਸ ਨੂੰ ਵੀ ਇਸ ਵਾਰ ਅਗਰ ਜਨਤਾਂ ਨੇ ਵੋਟ ਦਿੱਤੇ ਹਨ ਤਾਂ ਉਸ ਨੂੰ ਵੀ ਇਹ ਨਹੀਂ ਸਮਝਣਾ ਚਾਹੀਦਾ ਕਿ ਉਸ ਵਿੱਚ ਇਹ ਬੁਰਾਈਆ ਨਹੀਂ ਹਨ। ਪਰ ਜਨਤਾ ਕੋਲ ਇਸ ਤੋਂ ਬਿਹਤਰ ਵਿਕਲਪ ਨਹੀਂ ਸੀ। ਭਾਜਪਾ ਵਿਕੱਲਪ ਦੇ ਤੌਰ ਤੇ ਉੱਭਰ ਸਕਦੀ ਸੀ ਪਰ ਇਸ ਵਿੱਚ ਪਿਆ ਅੰਦਰੂਨੀ ਕਲੇਸ਼ ਅਤੇ ਨੀਤੀਆਂ ਵਿੱਚ ਦੋਹਰਾਪਨ ਜਨਤਾਂ ਨੂੰ ਰਾਸ ਨਹੀਂ ਆਇਆ। ਇੱਕ ਵੱਡਾ ਕਾਰਨ ਪਾਰਟੀ ਵਿੱਚ ਇੱਕ ਕ੍ਰਿਸ਼ਮਈ ਲੋਕ ਨੇਤਾ ਦੀ ਘਾਟ ਰਹੀ। ਅੱਟਲ ਬਿਹਾਰੀ ਵਾਜਪਾਈ ਤੋਂ ਬਾਅਦ ਪਾਰਟੀ ਵਿੱਚ ਅਜਿੱਹਾ ਨੇਤਾ ਨਹੀਂ ਹੈ ਜੋ ਵੱਡੀਆਂ ਭੀੜਾਂ ਖਿੱਚ ਸਕੇ ਅਤੇ ਆਪਣੀ ਸੋਚ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾ ਸਕੇ।
ਇਸ ਵਾਰ ਅਗਰ ਕਿਸੇ ਪਾਰਟੀ ਦੀ ਸੱਭ ਤੋਂ ਵੱਡੀ ਹਾਰ ਹੋਈ ਹੈ ਉਹ ਹੈ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਜਦ ਦੀ। ਲਾਲੂ ਪ੍ਰਸਾਦ ਨੇ ਰੇਲਵੇ ਵਿੱਚ ਵਧੀਆ ਕੰਮ ਕੀਤਾ ਹੈ ਪਰ ਉਹ ਬਿਹਾਰ ਵਿੱਚ ਇਸ ਨੂੰ ਬਿਲਕੁਲ ਕੈਸ਼ ਨਹੀਂ ਕਰ ਸਕੇ। ਪਰ ਇਸ ਹਾਰ ਦਾ ਵੱਡਾ ਕਾਰਨ ਉਹ ਖੁਦ ਹਨ। ਉਹਨਾਂ ਨੇ ਪਾਸਵਾਨ, ਮੁਲਾਇਮ ਯਾਦਵ ਨਾਲ ਮਿਲ ਕੇ ਜਾਤ-ਪਾਤ, ਧਰਮ ਆਦਿ ਦੀ ਸਿਆਸਿਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਇਸ ਵਾਰ ਜਨਤਾ ਨੇ ਨਿਕਾਰ ਦਿੱਤਾ। ਇਸ ਦਾ ਵੱਡਾ ਕਾਰਨ ਨੀਤਿਸ਼ ਕੁਮਾਰ ਸਰਕਾਰ ਦੀ ਬਿਹਾਰ ਵਿੱਚ ਕਾਰਗੁਜਾਰੀ ਬਹੁਤ ਹੀ ਸ਼ਾਨਦਾਰ ਰਹੀ ਹੈ। ਜਿਸ ਕਾਰਨ ਜਨਤਾ ਨੇ ਲਾਲੂ ਪ੍ਰਸਾਦ ਦੀ ਧਰਮ ਅਤੇ ਜਾਤ-ਪਾਤ ਵਾਲੀ ਸਿਆਸਤ ਨੂੰ ਪਸੰਦ ਨਹੀਂ ਕੀਤਾ। ਇਹੋ ਹੋਇਆ ਉੱਤਰ ਪ੍ਰਦੇਸ਼ ਵਿੱਚ ਬਸਪਾ ਨਾਲ। ਕੁਮਾਰੀ ਮਇਆਵਤੀ ਨੇ ਮੁਸਲਮ ਵੋਟ ਕੈਸ਼ ਕਰਨ ਲਈ ਵਰੁਣ ਗਾਂਧੀ ‘ਤੇ ਰਾਸੁੱਕਾ ਲਗਾ ਕਿ ਜੇਲ੍ਹ ਵਿੱਚ ਬੰਦ ਕਰ ਦਿਤਾ ਗਿਆ। ਜਿਸ ਕਾਰਨ ਬਸਪਾ ਸਰਕਾਰ ਦਾ ਰਾਜ ਵਿੱਚ ਅਕਸ ਖਰਾਬ ਹੋਇਆ। ਜਿਸ ਦਾ ਫਾਇਦਾ ਕਾਂਗਰਸ ਨੇ ਉਠਾਇਆ ਅਤੇ ਰਾਜ ਵਿੱਚ ਸ਼ਾਨਦਾਰ ਪ੍ਰਦਸ਼ਨ ਕੀਤਾ।
ਇਹ ਭਾਰਤੀ ਲੋਕਤੰਤਰ ਦੀ ਹਮੇਸ਼ਾ ਤਰਾਸਦੀ ਰਹੀ ਹੈ ਕਿ ਸਿਆਸੀ ਪਾਰਟੀਆਂ ਹਮੇਸ਼ਾ ਧਰਮ, ਜਾਤ-ਪਾਤ, ਖੇਤਰਵਾਦ ਆਦਿ ਦੇ ਨਾਂ ਤੇ ਹੀ ਕਿਂਉਂ ਵੋਟਾ ਮੰਗਦੀਆਂ ਹਨ। ਕੀ ਉਹ ਏਨੀਆਂ ਹੀ ਗਈਆਂ ਗੁਜਰੀਆਂ ਹਨ ਕਿ ਉਹਨਾਂ ਨੂੰ ਆਪਣੀ ਕਾਰਗੁਜਾਰੀ, ਨੀਤੀਆਂ ਤੇ ਵਿਸ਼ਵਾਸ਼ ਨਹੀਂ ਰਿਹਾ। ਕੀ ਇਸ ਵਾਰ ਜਾਂ ਪਹਿਲਾਂ ਵੀ, ਅਮਰੀਕੀ ਚੋਣਾਂ ਵਿੱਚ ਕਿਸੇ ਪਾਰਟੀ ਨੇ ਅਜਿਹੇ ਮੁੱਦੇ ਉਠਾਏ ਹਨ। ਉਬਾਮਾ ਨੇ ਅਮਰੀਕਾ ਦੀ ਸੁੱਰਖਿਆ ਅਤੇ ਵਿਕਾਸ ਦੇ ਨਾਂ ਤੇ ਚੋਣ ਜਿੱਤੀ ਹੈ ਨਾ ਕਿ ਕਿਸੇ ਧਰਮ ਜਾਂ ਜਾਤ-ਪਾਤ ਵਾਲੀ ਸਿਆਸਤ ਕਰਕੇ। ਪਰ ਸਾਡੇ ਇੱਥੇ ਸਿਆਸੀ ਪਾਰਟੀਆਂ ਦੀ ਪਛਾਣ ਇਸ ਤਰ੍ਹਾ ਹੈ, ਕਾਂਗਰਸ ਧਰਮ-ਨਿਰਪੱਖਤਾ ਦੀ ਰਖਿੱਅਕ, ਭਾਜਪਾ ਹਿੰਦੂਵਾਦ ਦੀ ਸਮਰੱਥਕ, ਲਾਲੂ-ਮੁਲਾਇਮ ਮੁਸਲਮਾਨਾਂ ਦੇ ਵੱਡੇ ਹਿਤਾਇਸ਼ੀ, ਸ਼ਿਵ ਸੈਨਾ ਹਿੰਦੂ ਹਿੱਤਾਂ ਦੀ ਪਹਿਰੇਦਾਰ ਬਸਪਾ ਦਲਿਤਾਂ ਦੀ ਮਸੀਹਾ ਆਦਿ ਤੋ ਹੈ। ਆਮ ਆਦਮੀ ਨੂੰ ਇਹਨਾਂ ਸਿਆਸੀ ਪਾਰਟੀਆਂ ਤੋਂ ਇਹ ਪ੍ਰਸ਼ਨ ਪੁਛਣਾ ਚਾਹੀਦਾ ਹੈ ਕਿ ਇਹ ਤੁਹਾਡਾ ਕੰਮ ਨਹੀਂ ਹੈ। ਤੁਹਾਡਾ ਕੰਮ ਹੈ ਦੇਸ਼ ਵਿੱਚ ਵਿਕਾਸ ਕਾਰਜ ਕਰੋ, ਰੋਜਗਾਰ ਪੈਦਾ ਕਰੋ, ਕਨੂੰਨ ਵਿਵਿਸਥਾਂ ਠੀਕ ਕਰੋ, ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਲਹਿਰ ਚਲਾਉ। ਅਗਰ ਦੇਸ਼ ਵਿੱਚ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਨੂੰ ਜਾਂ ਦਲਿਤਾਂ ਨੂੰ ਕੋਈ ਔਂਕੜ ਹੈ ਜਾਂ ਕੋਈ ਤੰਗ ਕਰ ਰਿਹਾਂ ਹੈ ਤਾਂ ਦੇਸ਼ ਵਿੱਚ ਨਿਰਪੱਖ ਅਦਾਲਤਾਂ ਕਿਸ ਵਾਸਤੇ ਹਨ। ਉਹ ਹੱਕ ਦਿਵਾਉਣਗੀਆਂ। ਤੁਹਾਡਾ ਕੰਮ ਹੈ ਕਨੂੰਨ ਬਣਾਉਣਾ ਅਤੇ ਉਸ ਨੂੰ ਲਾਗੂ ਕਰਨਾ। ਕਨੂੰਨ ਤੋੜਨ ਵਾਲੇ ਨੂੰ ਅਦਾਲਤ ਤੋਂ ਸਜਾ ਮਿਲੇਗੀ ਹੀ।
ਪਰ ਇਸ ਬੁਰਾਈ ਵਿੱਚ ਅਗਰ ਸੱਭ ਤੋਂ ਵੱਧ ਕੋਈ ਜਿੰਮੇਵਾਰ ਹੈ ਤਾਂ ਉਹ ਭਾਰਤੀ ਵੋਟਰ ਹੈ। ਉਹ ਧਰਮ ਜਾਂ ਜਾਤ-ਪਾਤ ਵਾਲੀ ਸਿਆਸਤ ਕਰਨ ਵਾਲੇ ਨੂੰ ਕਿੳਂ ਵੋਟ ਦਿੰਦਾ ਹੈ। ਉਸ ਦਾ ਟੀਚਾ ਵਿਕਾਸ ਹੋਣਾ ਚਾਹੀਦਾ ਹੈ। ਸਾਫ-ਸੁਥਰੀ ਸਰਕਾਰ ਹੋਣਾ ਚਾਹੀਦਾ ਹੈ। ਕਨੂੰਨ-ਵਿਵਿਸਥਾ ਦੀ ਬਹਾਲੀ ਹੋਣਾ ਚਾਹੀਦਾ ਹੈ।
ਇਸ ਵਾਰ ਕਾਂਗਰਸ ਅਗਰ ਜਿੱਤੀ ਹੈ ਤਾਂ ਉਸਦਾ ਕਾਰਨ ਯੂਪੀ ਹੈ। ਰਾਹੁਲ ਗਾਂਧੀ ਅਤੇ ਪ੍ਰਿੰਅਕਾਂ ਗਾਂਧੀ ਦੀ ਇਸ ਰਾਜ ਵਿੱਚ ਕੀਤੀ ਮਿਹਨਤ ਦਾ ਅਸਰ ਪੂਰੇ ਦੇਸ਼ ਵਿੱਚ ਪਿਆ ਹੈ। ਇਸ ਵਾਰ ਕਾਂਗਰਸ ਨੇ ਕਾਫੀ ਹੱਦ ਤੱਕ ਜਾਤ –ਪਾਤ, ਧਰਮ ਆਦਿ ਵਾਲੀ ਸਿਆਸਤ ਛੱਡ ਕੇ ਚੋਣ ਲੜੀ ਅਤੇ ਜਿੱਤੀ। ਇਸ ਵਾਰ ਉਹ ਨਰਿੰਦਰ ਮੋਦੀ ਦੇ ਪਿਛੇ ਨਾ ਪੈ ਕਿ ਧਰਮ-ਨਿਰਪੱਖਤਾਂ ਦੀ ਠੇਕੇਦਾਰ ਨਹੀਂ ਬਣੀ ਜਿਸ ਦਾ ਨਤੀਜਾ ਉਸ ਨੂੰ ਮਿਲਿਆ। ਅੱਜ ਨਰਿੰਦਰ ਮੋਦੀ ਆਪਣੇ ਵਿਕਾਸ ਕਾਰਜਾਂ ਅਤੇ ਵਧੀਆ ਪ੍ਰਬੰਧਕੀ ਸ਼ੈਲੀ ਲਈ ਜਾਣੇ ਜਾਂਦੇ ਹਨ ਜੋ ਕਿ ਸਹੀ ਹੈ ਪਰ ਜਦ ਗੁਜਰਾਤ ਦੰਗੇ ਹੋਏ ਸਨ ਤਾਂ ਉਸ ਸਮੇ ਨਰਿੰਦਰ ਮੋਦੀ ਇੱਕ ਆਮ ਮੁੱਖ-ਮੰਤਰੀ ਸਨ ਅਤੇ ਦੰਗਿਆਂ ਨਾਲ ਸਹੀ ਤਰ੍ਹਾਂ ਨਾਲ ਨਾਂ ਨਿਪਟਣ ਕਾਰਨ ਸਰਕਾਰ ਦੇ ਕਟਹਿਰੇ ਵਿੱਚ ਸੀ ਅਤੇ ਮੁੱਖ-ਮੰਤਰੀ ਵੀ ਦੋਸ਼ੀ ਸੀ ਪਰ ਉਸ ਸਮੇਂ ਧਰਮ-ਨਿਰਪੱਖ ਪਾਰਟੀਆਂ (ਕਾਂਗਰਸ, ਖੱਬੇਪੱਖੀ, ਰਾਜਦ ਆਦਿ) ਟੀ ਵੀ ਚੈਨਲਾਂ, ਅਖਬਾਰਾਂ (ਕੁਝ ਕੁ ਨੂੰ ਛੱਡ ਕੇ), ਵਿਦੇਸ਼ੀ ਸਰਕਾਰਾਂ, ਬੁੱਧੀਜੀਵੀ ਲੇਖਕਾਂ ਨੇ ਨਰਿੰਦਰ ਮੋਦੀ ਨੂੰ ਗੁਜਰਾਤ ਦਾ ਹੀਰੋ ਬਣਾ ਦਿੱਤਾ। ਇਹਨਾਂ ਸੱਭ ਨੇ ਮੋਦੀ ਦੀ ਏਨੀ ਅਲੋਚਨਾ ਕੀਤੀ ਜਿਨੀ ਕਿ ਸ਼ਾਇਦ ਇਤਿਹਾਸ ਵਿੱਚ ਜਰਮਨੀ ਤਾਨਾਸ਼ਾਹ ਹਿਟਲਰ ਦੀ ਵੀ ਨਹੀਂ ਹੋਈ ਹੋਵੇਗੀ। ਏਨੀ ਹੋ ਰਹੀ ਅਲੋਚਨਾਂ ਨੂੰ ਚਤੁਰ ਮੋਦੀ ਨੇ ਕੁਝ ਮੁਸਲਮਾਨ ਵਿਰੋਧੀ ਬਿਆਨ ਦੇ ਕੇ ਅਜਿਹੀ ਹਵਾ ਬਣਾਈ ਕਿ ਸੱਮੁਚੇ ਗੁਜਰਾਤੀ ਹਿੰਦੂਆਂ ਵਿੱਚ ਮੋਦੀ ਮਸੀਹਾ ਬਣ ਕੇ ਉਭਰਿਆ। ਸਮੁੱਚਾ ਗੁਜਰਾਤੀ ਹਿੰਦੂ ਸੋਚੀਂ ਪੈ ਗਿਆ ਕਿ ਇਹ ਠੀਕ ਹੈ ਕਿ ਦੰਗਿਆਂ ਵਿੱਚ ਬਹੁਤ ਸਾਰੇ ਨਿਰਦੋਸ਼ ਮੁਸਲਮਾਨ ਮਾਰੇ ਗਏ ਹਨ ਪਰ ਜਦ ਗੋਂਧਰਾ ਕਾਂਢ ਹੋਇਆ ਜਾਂ ਜੰਮੂ-ਕਸ਼ਮੀਰ ਵਿੱਚ ਜਿਹੜੇ ਹਿੰਦੂ ਮਾਰੇ ਗਏ ਜਾਂ ਕਸ਼ਮੀਰੀ ਪੰਡਿਤ ਜਿਨ੍ਹਾਂ ਨੂੰ ਬੇਘਰ ਕਰ ਦਿੱਤਾ ਗਿਆ ਸੀ ਉਸ ਵੇਲੇ ਇਹਨਾਂ ਟੀ ਵੀ ਚੈਨਲਾਂ, ਅਖਬਾਰਾਂ ਜਾਂ ਲੇਖਕਾਂ ਨੇ ਅਵਾਜ ਕਿੳਂ ਨਹੀਂ ਉਠਾਈ। ਕੀ ਇਹ ਠੀਕ ਹੈ ਕਿ ਅਗਰ ਕੋਈ ਘੱਟ ਗਿਣਤੀ ਮਤਲਬ ਮੁਸਲਮਾਨ ਦੀ ਹਿਮਾਇਤ ਕਰਦਾ ਹੈ ਤਾਂ ਉਹ ਧਰਮ-ਨਿਰਪੱਖ ਹੈ ਅਤੇ ਜਿਹੜਾ ਬਹੁ-ਗਿਣਤੀ ਭਾਵਿ ਹਿੰਦੂਆ ਦੀ ਹਿਮਾਇਤ ਕਰਦਾ ਹੈ ਉਹ ਫਿਰਕੂ ਹੈ। ਉਹਨਾਂ ਨੇ ਉਸ ਵੇਲੇ ਇੱਕ ਪਾਸੇ ਮੋਦੀ ਅਤੇ ਦੂਸਰੇ ਪਾਸੇ ਸਮੁਚੱਾ ਮੀਡੀਆ, ਧਰਮ-ਨਿਰਪੱਖ ਪਾਰਟੀਆਂ, ਉਘੇ ਲੇਖਕ ਸਨ ਵਿੱਚੋਂ ਮੋਦੀ ਆਪਣਾ ਹੀਰੋ ਲੱਗਿਆ ਜਿਹੜਾ ਉਹਨਾਂ ਦੇ ਹਿੱਤਾਂ ਦੀ ਗਲ ਕਰਦਾ ਹੈ। ਇਸੇ ਕਾਰਨ ਉਸ ਵੇਲੇ ਮੋਦੀ ਨੇ ਇੱਕਲੇ ਆਪਣੇ ਦਮ ਤੇ ਭਾਰੀ ਬਹੁਮਤ ਨਾਲ ਚੋਣ ਜਿੱਤੀ। ਜਿਸ ਨੂੰ ਉੱਘੇ ਅਤੇ ਸਨਮਾਨਿਤ ਲੇਖਕ ਕੁਲਦੀਪ ਨਈਅਰ ਨੇ ਇਸ ਚੋਣ ਨੂੰ ਲੋਕਾਂ ਦੀਆਂ ਭਾਵਨਾਂਵਾਂ ਭੜਕਾ ਕੇ ਜਿੱਤੀ ਗਈ ਚੋਣ ਕਰਾਰ ਦਿੱਤਾ ਸੀ।
ਪਰ ਇਹ ਕਿਉਂ ਹੋਇਆ? ਇਸ ਦੀ ਚਰਚਾ ਉਪੱਰ ਕਰ ਦਿੱਤੀ ਗਈ ਹੈ। ਦੰਗਿਆਂ ਤੋਂ ਬਾਅਦ ਕੀ ਹੋਣਾ ਚਾਹੀਦਾ ਸੀ? ਧਰਮ-ਨਿਰਪੱਖ ਪਾਰਟੀਆਂ, ਮੀਡੀਆ ਜਾਂ ਲੇਖਕ ਮੋਦੀ ਦੀ ਅਲੋਚਨਾ ਛੱਡ ਕੇ ਸਰਕਾਰ ਤੇ ਦਬਾ ਪਾਉਂਦੇ ਕਿ ਉਹ ਇਕ ਨਿਰਪੱਖ ਜਾਂਚ ਕਮਿਸ਼ਨ ਬਠਾਏ ਜਿਹੜਾ ਸੁਪਰੀਮ ਕੋਰਟ ਦੀ ਦੇਖ –ਰੇਖ ਵਿੱਚ ਜਾਂਚ ਕਰੇ ਅਤੇ ਸਚਾਈ ਸਾਹਮਣੇ ਲਿਆਵੇ ਅਤੇ ਅਗਰ ਮੋਦੀ ਦੋਸ਼ੀ ਸੀ ਤਾਂ ਉਸ ਨੂੰ ਸਜਾ ਦਵਾਏ। ਇਸ ਨਾਲ ਭਾਰਤ ਦਾ ਵਿਦੇਸ਼ਾਂ ਵਿੱਚ ਅਕਸ ਖਰਾਬ ਹੋਣੋਂ ਵੀ ਬਚ ਜਾਣਾ ਸੀ। ਉਸ ਵਕਤ ਅਗਰ ਚੁਨਾਵ ਵੀ ਹੁੰਦੇ ਤਾਂ ਮੋਦੀ ਦੀ ਜਿੱਤ ਯਕੀਨੀ ਨਾਂ ਹੁੰਦੀ ਅਤੇ ਹੋ ਸਕਦਾ ਸੀ ਕਿ ਅੱਜ ਮੋਦੀ ਮੁੱਖ-ਮੰਤਰੀ ਨਾ ਹੁੰਦੇ। ਧਰਮ –ਨਿਰਪੱਖ ਪਾਰਟੀਆਂ ਅਤੇ ਮੀਡੀਆਂ ਨੇ ਮੋਦੀ ਦੇ ਪਾਪ ਧੋ ਦਿੱਤੇ ਅਤੇ ਅੱਜ ਅਸੀਂ ਮੋਦੀ ਨੂੰ ਇੱਕ ਕੁਸ਼ਲ ਮੁੱਖ-ਮੰਤਰੀ ਮੰਨਦੇ ਹਾਂ ਅਤੇ ਜਿਸ ਤੇ ਮੋਹਰ ਉਹ ਵਿਦੇਸ਼ੀ ਹੀ ਲਗਾ ਰਹੇ ਹਨ ਜਿਹਨਾਂ ਨੇ ਉਹਨਾਂ ਨੂੰ ਦੰਗਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਇਸ ਲਈ ਧਰਮ-ਨਿਰਪੱਖ ਪਾਰਟੀਆਂ ਅਤੇ ਮੀਡੀਆ ਨੇ ਹੜਬਰਾਹਟ ਅਤੇ ਬਿਨਾਂ ਜਾਂਚ ਦੇ ਹੀ ਕੀਤੀ ਭਾਰੀ ਅਲੋਚਨਾ ਨੇ ਨਰਿੰਦਰ ਮੋਦੀ ਦਾ ਜੀਵਨ ਸਵਾਰ ਦਿੱਤਾ। ਉਸ ਵੇਲੇ ਉੱਘੇ ਲੇਖਕ ਅਰੁਣ ਨਹਿਰੂ ਨੇ ਸ਼ਾਇਦ ਹਾਲਾਤ ਨੂੰ ਪਹਿਚਾਣ ਲਿਆ ਸੀ ਜਦੋਂ ਉਸ ਨੇ ਗੁਜਰਾਤ ਚੋਣਾਂ ਤੋਂ ਪਹਿਲਾਂ ਹੀ ਨਰਿੰਦਰ ਮੋਦੀ ਦੀ ਭਾਰੀ ਜਿੱਤ ਦੀ ਭਵਿੱਖਵਾਣੀ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਇੱਕ ਸੱਚ ਇਹ ਵੀ ਹੈ ਜਿਹੜਾ ਬਾਕੀ ਭਾਰਤ ਨੂੰ ਨਜਰ ਨਹੀਂ ਆਇਆ ਪਰ ਗੁਜਰਾਤੀ ਉਸ ਨੂੰ ਜਾਣਦਾ ਸੀ। ੳਹੋ ਹੋਇਆ ਮੋਦੀ ਭਾਰੀ ਬਹੁਮਤ ਨਾਲ ਚੋਣ ਜਿੱਤੇ। ਚੋਣ ਪ੍ਰਚਾਰ ਵਿੱਚ ਧਰਮ-ਨਿਰਪਖਤਾ, ਫਿਰਕੂਵਾਦ ਵਰਗੇ ਸ਼ਬਦ ਛਾਏ ਰਹੇ ਸਨ।
ਪਰ ਇਸ ਵਾਰ ਧਰਮ, ਜਾਤ-ਪਾਤ ਆਦਿ ਦੀ ਸਿਆਸਤ ਕਰਨ ਵਾਲੇ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਮੁਖ ਮੰਤਰੀ ਦੇ ਚੰਗੇ ਅਕਸ ਕਾਰਨ ਕਾਂਗਰਸ ਰਾਜਸਥਾਨ ਵਿੱਚ ਜਿੱਤੀ। ਵਧੀਆ ਕਾਰਗੁਜਾਰੀ ਕਾਰਨ ਨੀਤੀਸ਼ ਕੁਮਾਰ ਬਿਹਾਰ ਵਿੱਚ, ਭਾਜਪਾ ਦੀ ਕਰਨਾਟਕ ਵਿੱਚ ਜਿੱਤ, ਨਰਿੰਦਰ ਮੋਦੀ ਦੀ ਗੁਜਰਾਤ ਵਿੱਚ ਆਦਿ।
ਪਰ ਖੱਬੇਪੱਖੀ ਕਿਉਂ ਹਾਰੇ? ਉਹਨਾਂ ਦਾ ਪ੍ਰਮਾਣੂ ਕਰਾਰ ਦੇ ਵਿਰੋਧ ਤੋਂ ਬਾਅਦ ਯੂ ਪੀ ਏ ਤੋਂ ਅਲੱਗ ਹੋਣਾ ਸਹੀ ਸੀ। ਕਿਉਂਕਿ ਇਸ ਵਿੱਚ ਕਾਂਗਰਸ ਨੇ ਸਾਂਝੇ ਏਜੰਡੇ ਦੀ ਪਰਵਾਹ ਨਾ ਕਰਦੇ ਹੋਏ ਖੱਬੇਪੱਖੀ ਪਾਰਟੀਆਂ ਨੂੰ ਭਰੋਸੇ ਵਿੱਚ ਨਹੀਂ ਸੀ ਲਿਆਂ। ਪਰ ਇਹ ਅਲੱਗ ਹੋਣਾ ਸਾਡੇ ਚਾਰ ਸਾਲ ਦੇ ਵੱਕਫੇ ਤੋਂ ਬਾਅਦ ਜਨਤਾਂ ਨੂੰ ਰਾਸ ਨਹੀਂ ਆਇਆ। ਸਿਰਫ ਭਾਜਪਾ ਨੂੰ ਸੱਤਾ ਵਿੱਚ ਆਉਣੋਂ ਰੋਕਣ ਲਈ ਕਾਂਗਰਸ ਦੀ ਹਮਾਇਤ ਕਰਨ ਨੂੰ ਵੀ ਜਨਤਾਂ ਨੇ ਪਸੰਦ ਨਹੀਂ ਕੀਤਾ। ਚੋਣਾਂ ਦੇ ਵਿਚਾਲੇ ਹੀ ਕਰਾਤ ਦਾ ਕਾਂਗਰਸ ਨੂੰ ਸਮਰਥਨ ਨਾ ਦੇਣ ਦਾ ਬਿਆਨ, ਭੱਟਾਚਾਰੀਆ ਦਾ ਕਾਂਗਰਸ ਨੂੰ ਸਮਰਥਨ ਦੇਣ ਦਾ ਬਿਆਨ। ਇਸ ਤਰ੍ਹਾਂ ਦੇ ਆਪਾ ਵਿਰੋਧੀ ਬਿਆਨਾ ਕਾਰਨ ਜਨਤਾਂ ਨੂੰ ਖੱਬੇਪੱਖੀਆਂ ਦਾ ਦੋਹਰਾਪਨ ਪਸੰਦ ਨਹੀਂ ਆਇਆ ਜਿਸ ਦੀ ਸਜਾ ਉਹਨਾਂ ਨੇ ਚੋਣਾ ਵਿੱਚ ਦਿੱਤੀ।
ਹੁਣ ਪੰਜਾਬ ਹੀ ਲਵੋ। ਜਿਥੱੇ ਕਾਂਗਰਸ ਨੇ 8 ਸੀਟਾਂ ਜਿੱਤੀਆਂ। ਪਰ ਅਕਾਲੀ ਭਾਜਪਾ 5 ਸੀਟਾਂ ਜਿੱਤ ਕੇ ਇੱਜਤ ਬਚਾਉਣ ਵਿੱਚ ਸਫਲ ਰਹੇ। ਇਸ ਨੂੰ ਵਧੀਆ ਕਾਰਗੁਜਾਰੀ ਮੰਨਿਆ ਜਾਵੇਗਾ ਕਿੳਂਕਿ ਪੰਜਾਬ ਵਿੱਚ ਇੱਕ ਸਿੱਖ ਪ੍ਰਧਾਨ ਮੰਤਰੀ ਹੋਣ ਕਾਰਨ ਕਾਂਗਰਸ ਦੇ ਹੱਕ ਵਿੱਚ ਲਹਿਰ ਸੀ। ਪਰ ਬਾਦਲ ਸਰਕਾਰ ਨੇ ਮਾਲਵੇ ਵਿੱਚ ਆਪਣਾ ਆਧਾਰ ਫਿਰ ਹਾਂਸਿਲ ਕਰ ਲਿਆ ਹੈ। ਸੱਭ ਤੋਂ ਵੱਧ ਚਰਚਾ ਅੰਮ੍ਰਿਤਸਰ ਸੀਟ ਦੀ ਸੀ ਜਿਥੋਂ ਭਾਜਪਾਂ ਦੇ ਨਵਜੋਤ ਸਿੱਧੂ ਦਾ ਮੁਕਾਬਲਾ ਕਾਂਗਰਸ ਦੇ ਓਪੀ ਸੋਨੀ ਨਾਲ ਸੀ। ਜਿਹੜਾ ਸੱਭ ਤੋਂ ਦਿਲਚਸਪ ਮੁਕਾਬਲਾ ਰਿਹਾ। ਦੁਪਹਿਰ 1 ਵੱਜੇ ਤਕ ਸੋਨੀ ਦੀ ਸ਼ਹਿਰੀ ਵੋਟਾਂ ਦੀ ਬਹੁਤਾਤ ਕਾਰਨ ਵੱਧ ਰਹੀ ਬੜਤ ਕਾਰਨ ਜਿੱਤ ਨਿਸ਼ਚਿਤ ਲਗ ਰਹੀ ਸੀ ਪਰ ਇਸ ਤੋਂ ਬਾਅਦ ਮਜੀਠਾ, ਅਟਾਰੀ ਅਤੇ ਰਾਜਾਸਾਂਸੀ ਦੀ ਵਾਰੀ ਆਂਉਦਿਆਂ ਹੀ ਸੋਨੀ ਦੀ ਬੜਤ ਖਤਮ ਹੋ ਗਈ ਅਤੇ 7 ਹਜਾਰ ਕਰੀਬ ਵੋਟ ਦੀ ਬੜਤ ਨਾਲ ਜੇਤੂ ਘੋਸ਼ਿਤ ਕਰ ਦਿਤਾ ਗਿਆ।
ਇਸ ਤਰ੍ਹਾਂ ਇਸ ਵਾਰ ਚੁਨਾਵ-2009, ਵਿੱਚ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਧਰਮ ਜਾਂ ਜਾਤ-ਪਾਤ, ਖੇਤਰਵਾਦ ਆਦਿ ਮੁੱਦਾ ਨਹੀਂ ਬਣੇ ਜੋ ਕੇ ਭਾਰਤੀ ਲੋਕਤੰਤਰ ਲਈ ਇੱਕ ਸ਼ੁੱਭ ਸੰਕੇਤ ਹੈ ਅਤੇ ਜਿਹੜੀਆਂ ਪਾਰਟੀਆਂ ਇਸ ਦੀ ਵਰਤੋਂ ਕਰਦੀਆਂ ਹਨ ਉਹਨਾਂ ਲਈ ਇੱਕ ਸਬਕ।