ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਗਵਾਂਤਨਾਮੋ ਜੇਲ੍ਹ ਨੂੰ ਬੰਦ ਕਰਨ ਦੀ ਯੋਜਨਾ ਨੂੰ ਭਾਰੀ ਧਕਾ ਲਗਾ ਹੈ। ਅਮਰੀਕੀ ਸੈਨਿਟ ਨੇ ਭਾਰੀ ਬਹੁਮੱਤ ਨਾਲ ਗਵਾਂਤਨਾਮੋ ਜੇਲ੍ਹ ਬੰਦ ਕਰਨ ਲਈ ਪੈਸਾ ਦੇਣ ਅਤੇ ਉਸਦੇ ਬੰਦ ਹੋਣ ਤੋਂ ਬਾਅਦ ਕੈਦੀਆਂ ਨੂੰ ਅਮਰੀਕਾ ਭੇਜਣ ਦੀ ਰਾਸ਼ਟਰਪਤੀ ਓਬਾਮਾ ਦੀ ਯੋਜਨਾ ਨੂੰ ਖਾਰਿਜ ਕਰ ਦਿਤਾ ਹੈ।ਇਸ ਪ੍ਰਸਤਾਵ ਦੇ ਹੱਕ ਵਿਚ 6 ਅਤੇ ਖਿਲਾਫ 90 ਵੋਟ ਪਏ ਹਨ।
ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਦੇ ਅਧਿਕਾਰੀ ਰਾਬਰਟ ਮੁਲਰ ਨੇ ਅਮਰੀਕਾ ਦੀ ਇਕ ਸੰਸਦੀ ਕਮੇਟੀ ਨੂੰ ਦਸਿਆ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ “ ਜੇ ਗਵਾਂਤਾਨਾਮੋ ਬੇ ਦੇ ਕੈਦੀਆਂ ਨੂੰ ਅਮਰੀਕਾ ਆਉਣ ਦਿਤਾ ਜਾਂਦਾ ਹੈ ਤਾਂ ਉਹ ਅਤਵਾਦ ਨੂੰ ਸਮਰਥਣ ਅਤੇ ਕਟੜਪੰਥੀ ਸੋਚ ਨੂੰ ਵਧਾ ਸਕਦੇ ਹਨ।”
ਇਥੇ ਇਹ ਵਰਨਣਯੋਗ ਹੈ ਕਿ ਵੀਰਵਾਰ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਗਲੇ ਸਾਲ ਜਨਵਰੀ ਵਿਚ ਗਵਾਂਤਾਨਾਮੋ ਬੇ ਨੂੰ ਬੰਦ ਕਰਨ ਦੀ ਆਪਣੀ ਯੋਜਨਾ ਦੇ ਬਾਰੇ ਵਿਚ ਵਿਸਥਾਰਪੂਰਵਕ ਜਾਣਕਾਰੀ ਦੇਣੀ ਹੈ। ਗਵਾਂਤਨਾਮਾ ਵਿਚ ਅਜੇ ਵੀ 240 ਕੈਦੀ ਹਨ। ਅਮਰੀਕੀ ਸਰਕਾਰ ਇਸ ਸ਼ਸ਼ੋਪੰਜ ਵਿਚ ਹੈ ਕਿ ਕੈਦੀਆਂ ਦਾ ਕੀ ਕੀਤਾ ਜਾਵੇ। ਰੀਪਬਲੀਕਨ ਅਤੇ ਡੈਮੋਕਰੇਟ ਸੈਨੇਟਰ ਇਸ ਗੱਲ ਤੇ ਚਿੰਤਤ ਹਨ ਕਿ ਜੇ ਕੈਦੀਆਂ ਨੂੰ ਅਮਰੀਕਾ ਲਿਆਂਦਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਚੋਣ ਖੇਤਰਾਂ ਵਿਚ ਭੇਜਿਆ ਜਾ ਸਕਦਾ ਹੈ।