ਅੰਮ੍ਰਿਤਸਰ – ਟੋਰਾਂਟੋ (ਕਨੇਡਾ) ਤੋਂ ਵਰਲਡ ਪੰਜਾਬੀ ਕਾਨਫਰੰਸ ਦੇ ਕੋਆਰਡੀਨੇਟਰ ਸ. ਪ੍ਰਗਟ ਸਿੰਘ ਬੱਗਾ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਮੈਂਬਰ ਸ਼੍ਰੋਮਣੀ ਕਮੇਟੀ ਸ. ਬਲਦੇਵ ਸਿੰਘ ਐਮ.ਏ., ਨੇ ਸਿਰੋਪਾਓ, ਸ੍ਰੀ ਦਰਬਾਰ ਸਾਹਿਬ ਦੀ ਸੁਨਿਹਰੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਦੇ ਸੈਟ ਨਾਲ ਸਨਮਾਨਤ ਕੀਤਾ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਦੇ ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ ਸਰੋਆ, ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਅਤੇ ਸ. ਪ੍ਰਗਟ ਸਿੰਘ ਬੱਗਾ ਦੀ ਧਰਮ ਪਤਨੀ ਬੀਬੀ ਕ੍ਰਿਸ਼ਨਾ ਬੱਗਾ ਮੌਜੂਦ ਸਨ।
ਇਸ ਮੌਕੇ ਸ. ਪ੍ਰਗਟ ਸਿੰਘ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 22, 23 ਤੇ 24 ਜੁਲਾਈ ਨੂੰ ਟੋਰਾਂਟੋ ਵਿਖੇ ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਦੌਰਾਨ ਭਾਰਤ, ਪਾਕਿਸਤਾਨ ਤੇ ਸਮੁੱਚੇ ਯੂਰਪ ਵਿਚੋਂ 200 ਦੇ ਕਰੀਬ ਬੁੱਧੀਜੀਵੀ, ਵਿਦਵਾਨ, ਲੇਖਕ, ਪੱਤਰਕਾਰ, ਸਿੱਖਿਆ ਸ਼ਾਸ਼ਤਰੀ ਆਦਿ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੋਰਾਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਉਭਾਰਨ ਸਬੰਧੀ ਵਿਚਾਰ ਚਰਚਾ ਤੋਂ ਇਲਾਵਾ ਵਿਦਵਾਨਾਂ ਵਲੋਂ ਡੇਢ ਦਰਜਨ ਦੇ ਕਰੀਬ ਜਾਣਕਾਰੀ ਭਰਪੂਰ ਖੋਜ ਪੱਤਰ ਵੀ ਪੜ੍ਹੇ ਜਾਣਗੇ ਅਤੇ ਇਸ ਕਾਨਫਰੰਸ ’ਚ ਸ਼ਮੂਲੀਅਤ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਨਿੱਜੀ ਤੌਰ ’ਤੇ ਮਿਲਕੇ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਰ ਸਿੰਘ ਨੂੰ ਵੀ ਸੱਦਾ ਪੱਤਰ ਦੇਣਗੇ।