ਵਸਿ਼ਗਟਨ-ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਦੁਬਾਰਾ ਪ੍ਰਧਾਨਮੰਤਰੀ ਪਦ ਲਈ ਚੁਣੇ ਜਾਣ ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਵਧਾਈ ਦਿਤੀ। ਓਬਾਮਾ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਬਹੁਤ ਹੀ ਬੁਧੀਮਾਨ ਨੇਤਾ ਹਨ ਅਤੇ ਉਹ ਉਨ੍ਹਾਂ ਦਾ ਬਹੁਤ ਹੀ ਸਤਿਕਾਰ ਕਰਦੇ ਹਨ। ਓਬਾਮਾ ਨੇ ਇਹ ਸ਼ਬਦ ਅਮਰੀਕਾ ਵਿਚ ਨਵੀਂ ਭਾਰਤੀ ਰਾਜਦੂਤ ਮੀਰਾ ਸ਼ੰਕਰ ਨੂੰ ਵਾਈਟ ਹਾਊਸ ਦੇ ਔਵਲ ਆਫਿਸ ਵਿਚ ਕਹੇ। ਓਬਾਮਾ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਭਾਰਤ ਆਉਣਾ ਚਾਹੁੰਦੇ ਹਨ।
ਮੀਰਾ ਸ਼ੰਕਰ ਨੇ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਵਲੋਂ ਸ਼ੁਭਕਾਮਨਾਵਾਂ ਦਿਤੀਆਂ। ਭਾਰਤੀ ਰਾਜਦੂਤ ਨੇ ਇਹ ਉਮੀਦ ਜਤਾਈ ਹੈ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਡਾ: ਮਨਮੋਹਨ ਸਿੰਘ 22 ਮਈ ਨੂੰ ਇਕ ਵਾਰ ਫਿਰ ਪ੍ਰਧਾਨਮੰਤਰੀ ਪਦ ਦੀ ਸਹੁੰ ਚੁਕ ਰਹੇ ਹਨ। ਯੂਪੀਏ ਨੂੰ ਕੁਝ ਦਲ ਬਿਨ੍ਹਾਂ ਸ਼ਰਤ ਹਿਮਾਇਤ ਦੇ ਰਹੇ ਹਨ।