ਨਵੀਂ ਦਿੱਲੀ- ਡਾਕਟਰ ਮਨਮੋਹਨ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸ਼ੁਕਰਵਾਰ ਨੂੰ ਸ਼ਾਮੀਂ ਰਾਸ਼ਟਰਪਤੀ ਭਵਨ ਦੇ ਅਸ਼ੋਕ ਹਾਲ ਵਿਚ ਇਕ ਸਮਾਗਮ ਵਿਚ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜਵਾਹਰ ਲਾਲ ਨਹਿਰੂ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਆਪਣਾ ਪੰਜ ਸਾਲ ਦਾ ਪਹਿਲਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਹ ਕਾਂਗਰਸ ਦੀ ਅਗਵਾਈ ਵਾਲੇ ਸਾਂਝੇ ਪ੍ਰਗਤੀਸ਼ੀਲ ਗਠਜੋੜ ( ਯੂਪੀਏ ) ਸਰਕਾਰ ਦੇ ਪ੍ਰਧਾਨ ਮੰਤਰੀ ਬਣੇ ਹਨ।
ਹਾਲ ਹੀ ਵਿਚ ਹੋਈਆਂ ਲੋਕਸਭਾ ਚੋਣਾਂ ਵਿਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਸੀ ਅਤੇ ਯੂਪੀਏ ਨੂੰ 250 ਤੋਂ ਵਧੇਰੇ ਸੀਟਾਂ ਮਿਲੀਆਂ ਹਨ। ਮਨਮੋਹਨ ਸਿੰਘ ਤੋਂ ਬਾਅਦ ਪ੍ਰਣਬ ਮੁਖਰਜੀ, ਸ਼ਰਦ ਪਵਾਰ, ਏ ਕੇ ਐਂਟਨੀ ਅਤੇ ਪੀ ਚਿਦੰਬਰਮ ਨੇ ਸਹੁੰ ਚੁੱਕੀ। ਕਮਲਨਾਥ ਨੇ ਤਾਂ ਰਾਸ਼ਟਰਪਤੀ ਦੇ ਸਹੁੰ ਚੁਕਾਉਣ ਤੋਂ ਪਹਿਲਾਂ ਹੀ ਸਹੁੰ ਚੁਕਣੀ ਸ਼ੁਰੂ ਕਰ ਦਿੱਤੀ ਸੀ ਅਤੇ ਹੋਰ ਤਾਂ ਹੋਰ ਸਹੁੰ ਤੋਂ ਬਾਅਦ ਬਿਨਾ ਦਸਤਖਤ ਕੀਤਿਆਂ ਹੀ ਆਪਣੀ ਸੀਟ ਵੱਲ ਜਾਣ ਲੱਗੇ। ਇਸਤੋਂ ਬਾਅਦ ਉਨ੍ਹਾਂ ਨੂੰ ਵਾਪਸ ਬੁਲਾਇਆ ਗਿਆ, ਤਾਂ ਕਿਤੇ ਜਾਕੇ ਉਨ੍ਹਾਂ ਨੇ ਦਸਤਖਤ ਕੀਤੇ। ਡਾਕਟਰ ਮਨਮੋਹਨ ਸਿੰਘ ਨੇ ਅੰਗ੍ਰੇਜ਼ੀ ਵਿਚ ਸਹੁੰ ਚੁੱਕੀ ਪਰ ਸ਼ਰਦ ਪਵਾਰ, ਕਮਲਨਾਥ, ਮੀਰਾ ਕੁਮਾਰ ਅਤੇ ਸੀਪੀ ਜੋਸ਼ੀ ਨੇ ਹਿੰਦੀ ਵਿਚ ਸਹੁੰ ਚੁੱਕੀ।
ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਇਕ ਪ੍ਰੈਸ ਰਲੀਜ਼ ਜਾਰੀ ਕਰਕੇ ਕਹਿ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਦੇ ਨਾਲ 19 ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਜਿਨ੍ਹਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਵਿਚ ਪ੍ਰਣਬ ਮੁਖਰਜੀ, ਪੀ ਚਿਦੰਬਰਮ, ਏ ਕੇ ਐਂਟਨੀ, ਕਪਿਲ ਸਿੱਬਲ, ਕਮਲਨਾਥ, ਸ਼ਰਦ ਪਵਾਰ, ਮਮਤਾ ਬੈਨਰਜੀ, ਐਸਐਮ ਕ੍ਰਿਸ਼ਨਾ, ਗੁਲਾਮ ਨਬੀ ਆਜ਼ਾਦ, ਸੁਸ਼ੀਲ ਸਿ਼ੰਦੇ, ਵਾਇਲਰ ਰਵੀ, ਮੁਰਲੀ ਦੇਵੜਾ, ਐਮ ਵੀਰੱਪਾ ਮੋਇਲੀ, ਐਸ ਜੈਪਾਲ ਰੈੱਡੀ, ਅੰਬਿਕਾ ਸੋਨੀ, ਬੀਕੇ ਹਾਂਡਿਕ ਆਦਿ ਦੇ ਨਾਮ ਪ੍ਰਮੁੱਖ ਤੌਰ ‘ਤੇ ਸ਼ਾਮਲ ਹਨ।
ਕਾਂਗਰਸ ਦੇ ਨਾਲ ਯਪੀਏ ਵਿਚ ਸ਼ਾਮਲ ਭਾਈਵਾਲੀ ਪਾਰਟੀਆਂ ਚੋਂ ਸਿਰਫ਼ ਮਮਤਾ ਬੈਨਰਜੀ ਅਤੇ ਸ਼ਰਦ ਪਵਾਰ ਨੇ ਹੀ ਸ਼ੁਕਰਵਾਰ ਦੇ ਸਮਾਗਮ ਵਿਚ ਮੰਤਰੀ ਮੰਡਲ ਵਿਚ ਸ਼ਾਮਲ ਹੋਏ। ਇਸ ਸਬੰਧ ਵਿਚ ਜਿ਼ਕਰਯੋਗ ਹੈ ਕਿ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੇ 21 ਮੈਂਬਰ ਚੁਣਕੇ ਆਏ ਹਨ ਪਰ ਉਨ੍ਹਾਂ ਚੋਂ ਕਿਸੇ ਦਾ ਵੀ ਨਾਮ ਇਸ ਸੂਚੀ ਵਿਚ ਸ਼ਾਮਲ ਨਹੀਂ ਹੈ। ਬਾਕੀ ਦੇ ਮੰਤਰੀ ਮੰਡਲ ਦਾ ਵਿਸਤਾਰ ਫਿਲਹਾਲ 26 ਮਈ ਨੂੰ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਸਤਾਰ ਵਿਚ ਹੋਰਨਾਂ ਕੈਬਿਨੇਟ ਮੰਤਰੀਆਂ ਦੇ ਨਾਲ ਹੀ ਰਾਜ ਮੰਤਰੀ ਨੂੰ ਸ਼ਾਮਲ ਕੀਤਾ ਜਾਵੇਗਾ। ਦਫ਼ਤਰ ਅਨੁਸਾਰ ਉਸ ਵਿਚ ਸਹਿਯੋਗੀ ਪਾਰਟੀਆਂ ਨੂੰ ਲੋੜੀਂਦੀ ਅਗਵਾਈ ਦਿੱਤੀ ਜਾਵੇਗੀ। ਯੂਪੀਏ ਵਿਚ ਸ਼ਾਮਲ ਡੀਐਮਕੇ ਦੇ ਨਾਲ ਮੰਤਰੀ ਮੰਡਲ ਦੀ ਵੰਡ ਸਬੰਧੀ ਕੋਈ ਅੰਤਮ ਰਾਏ ਨਹੀਂ ਬਣ ਸਕੀ ਅਤੇ ਇਸ ਲਈ ਡੀਐਮਕੇ ਨੇ ਫਿਲਹਾਲ ਸਰਕਾਰ ਵਿਚ ਸ਼ਾਮਲ ਨਾ ਹੁੰਦੇ ਹੋਏ ਬਾਹਰੋਂ ਹੀ ਸਮਰਥਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇਥੇ ਇਹ ਵੀ ਜਿ਼ਕਰਯੋਗ ਹੈ ਕਿ ਯੂਪੀਏ ਦੇ ਸਭ ਤੋਂ ਵੱਡੇ ਭਾਈਵਾਲ ਡੀਐਮਕੇ ਵਲੋਂ ਨੌ ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਕਰਕੇ ਕਾਂਗਰਸ ਅਤੇ ਡੀਐਮਕੇ ਵਿਚਕਾਰ ਕੋਈ ਸਮਝੌਤਾ ਨਹੀਂ ਹੋ ਸਕਿਆ। ਇਹੀ ਕਾਰਨ ਹੈ ਕਿ ਕਰੁਣਾਨਿਧੀ ਨੇ ਨਰਾਜ਼ਗੀ ਪ੍ਰਗਟਾਉਂਦੇ ਹੋਏ ਬਾਹਰੋਂ ਹਿਮਾਇਤ ਦਾ ਐਲਾਨ ਕਰ ਦਿੱਤਾ।