ਫਰਿਜ਼ਨੋ ( ਵਿਸ਼ੇਸ਼ ਪ੍ਰਤੀਨਿਧੀ)-”ਅੱਜਕਲ ਦਾ ਵੋਟਰ ਸਭ ਕੁਝ ਜਾਣਦਾ ਹੈ ਕਿ ਕਿਹੜਾ ਨੇਤਾ ਉਨ੍ਹਾਂ ਦੇ ਭਵਿੱਖ ਨੂੰ ਉਜੱਲ ਬਨਾਉਣ ਲਈ ਕੰਮ ਕਰ ਰਿਹਾ ਹੈ ਅਤੇ ਕਿਹੜੇ ਲੀਡਰ ਆਪਣਾ ਮਤਲਬ ਹਲ ਕਰਨ ਲਈ ਸਿਰਫ਼ ਬਿਆਨਬਾਜ਼ੀ ਕਰਕੇ ਚੰਗੇ ਅਤੇ ਨੇਕ ਲੀਡਰਾਂ ਦੀ ਵਿਰੋਧਤਾ ਕਰਨ ‘ਤੇ ਹੀ ਲੱਗੇ ਹੋਏ ਹਨ।” ਇਹ ਸ਼ਬਦ ਸ: ਕ੍ਰਿਪਾਲ ਸਿੰਘ ਸਹੋਤਾ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਨੇ ਕਾਂਗਰਸ ਦੀ ਜਿੱਤ ਉਪਰ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਹੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਲੋਕਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਹੀ ਅਜਿਹੇ ਨੇਤਾ ਹਨ ਜਿਹੜੇ ਦੇਸ਼ ਨੂੰ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਵੱਲ ਲਿਜਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਪਾਰਟੀਆਂ ਨੇ ਪਿਛਲੀ ਯੂਪੀਏ ਸਰਕਾਰ ਵਲੋਂ ਕੀਤੇ ਗਏ ਪ੍ਰਮਾਣੂ ਸਮਝੌਤੇ ਨੂੰ ਨਾਕਾਮ ਕਰਨ ਲਈ ਸਿਰਤੋੜ ਯਤਨ ਕੀਤੇ ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਸ਼ਰਮਨਾਕ ਹਾਰ ਦਾ ਮੂੰਹ ਵੇਖਣਾ ਪਿਆ। ਇਸਤੋਂ ਇਹੀ ਸਾਬਤ ਹੁੰਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਵਲੋਂ ਅਪਨਾਈਆਂ ਗਈਆਂ ਪਾਲਿਸੀਆਂ ਦੀ ਵੋਟਰਾਂ ਵਲੋਂ ਵੀ ਪੂਰਨ ਹਿਮਾਇਤ ਕੀਤੀ ਗਈ ਅਤੇ ਉਹ ਸਾਰੇ ਹੀ ਡਾਕਟਰ ਮਨਮੋਹਨ ਸਿੰਘ ਦੀ ਪਾਲਿਸੀਆਂ ਦੇ ਹੱਕ ਵਿਚ ਭੁਗਤੇ। ਸ: ਕ੍ਰਿਪਾਲ ਸਿੰਘ ਸਹੋਤਾ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਦੁਬਾਰਾ ਪ੍ਰਧਾਨ ਮੰਤਰੀ ਐਲਾਨੇ ਜਾਣ ਤੋਂ ਬਾਅਦ ਹੀ ਭਾਰਤੀ ਨਿਵੇਸ਼ਕਾਂ ਵਲੋਂ ਆਪਣੇ ਧਨ ਦਾ ਨਿਵੇਸ਼ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਭਾਰਤੀ ਸ਼ੇਅਰ ਮਾਰਕੀਟ ਸੇਂਸੇਕਸ ਵਿਚ ਹੋਇਆ ਰਿਕਾਰਡ ਤੋੜ ਵਾਧਾ ਇਸਦਾ ਸਭ ਤੋਂ ਵੱਡਾ ਸਬੂਤ ਹੈ।
ਪਿਛਲੇ ਕੁਝ ਹਫਤਿਆਂ ਤੋਂ ਪੰਜਾਬ ਵਿਚ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪਹੁੰਚੇ ਓਵਰਸੀਜ਼ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਟਿਵਾਣਾ ਨੇ ਸਾਡੇ ਪਤਰਕਾਰ ਨਾਲ ਗੱਲ ਬਾਤ ਦੌਰਾਨ ਦਸਿਆ ਕਿ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਵੋਟਰਾਂ ਵਲੋਂ ਮਿਲੇ ਇਸ ਭਰਪੂਰ ਹੁੰਗਾਰੇ ਸਦਕਾ ਕਾਂਗਰਸ ਵਿਚ ਇਕ ਨਵਾਂ ਜੋਸ਼ ਭਰਿਆ ਹੋਇਆ ਹੈ। ਲੋਕਾਂ ਵਲੋਂ ਆਪਣੀ ਖੁਸ਼ੀ ਸੰਭਾਲਿਆਂ ਨਹੀਂ ਸੰਭਲ ਰਹੀ। ਸਾਰਿਆਂ ਦੀ ਜ਼ਬਾਨ ‘ਤੇ ਇਹੀ ਸ਼ਬਦ ਹਨ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੀ ਅਜਿਹੇ ਲੀਡਰ ਹਨ ਜਿਹੜੇ ਦੇਸ਼ ਨੂੰ ਤਰੱਕੀ, ਖੁਸ਼ਹਾਲੀ ਅਤੇ ਆਰਥਕ ਉਸਾਰੀ ਦੀਆਂ ਰਾਹਾਂ ਵੱਲ ਲਿਜਾ ਸਕਦੇ ਹਨ। ਸ: ਟਿਵਾਣਾ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਵਿਦੇਸ਼ ਵਿਚ ਜਿਹੜੀ ਭਾਰਤ ਦੀ ਸ਼ਾਨ ਵਧਾਈ ਇਹ ਸਭ ਉਸਦਾ ਹੀ ਨਤੀਜਾ ਹੈ ਕਿ ਯੂਪੀਏ ਗਠਜੋੜ ਦੇ ਅਗੇ ਕੋਈ ਵੀ ਹੋਰ ਪਾਰਟੀ ਟਿਕ ਨਹੀਂ ਸਕੀ। ਜਿਸ ਲਈ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ, ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਸਮੁੱਚੇ ਤੌਰ ‘ਤੇ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਵੀ ਯੂਪੀਏ ਗਠਜੋੜ ਦੇ ਹੱਥ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।