ਕਾਂਗਰਸ ਦੀ ਜਿੱਤ!
ਬਾਕੀ ਪਾਰਟੀਆਂ ਦੀ ਹਾਰ!!
ਇਹ ਤਾਂ ਸਾਫ਼ ਜ਼ਾਹਰ ਹੈ ਕਿ ਜੇ ਇਕ ਪਾਰਟੀ ਦੀ ਜਿੱਤ ਹੋਈ ਹੈ ਤਾਂ ਬਾਕੀਆਂ ਦੀ ਹਾਰ ਹੋਣੀ ਮੁਮਕਿਨ ਹੈ, ਫਿਰ ਇਸ ਵਿਚ ਨਵੀਂ ਗੱਲ ਕੀ ਹੋਈ। ਇਥੇ ਇਕ ਨਹੀਂ ਕਈ ਨਵੀਆਂ ਗੱਲਾਂ ਹੋਈਆਂ। ਇਥੇ ਸਿਰਫ਼ ਕਾਂਗਰਸ ਦੀ ਜਿੱਤ ਨੂੰ ਜਿੱਤ ਵਜੋਂ ਵੇਖਣਾ ਅਤੇ ਦੂਜੀਆਂ ਪਾਰਟੀਆਂ ਦੀ ਹਾਰ ਨੂੰ ਸਿਰਫ਼ ਵੋਟਰਾਂ ਵਲੋਂ ਉਨ੍ਹਾਂ ਨੂੰ ਨਕਾਰੇ ਜਾਣ ਦੀ ਨਿਗਾਹ ਨਾਲ ਵੇਖਣਾ ਕੁਝ ਠੀਕ ਨਹੀਂ ਲਗਦਾ।
ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਵੱਡੀ ਗੱਲ ਇਹ ਵੇਖਣ ਨੂੰ ਮਿਲੀ ਕਿ ਕਿਸੇ ਵੀ ਪਾਰਟੀ ਵਲੋਂ ਇਸ ਵਾਰ ਵੋਟਰਾਂ ਨੂੰ ਇਹ ਵਿਸ਼ਵਾਸ ਨਹੀਂ ਦੁਆਇਆ ਗਿਆ ਕਿ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇਸ਼ ਲਈ ਕੀ ਕਰੇਗੀ, ਸਗੋਂ ਸਾਰੀਆਂ ਹੀ ਪਾਰਟੀਆਂ ਇਕ ਦੂਜੀ ਉਪਰ ਚਿਕੱੜ ਸੁਟਦੀਆਂ ਨਜ਼ਰ ਆਈਆਂ। ਵੋਟਰਾਂ ਨੂੰ ਪਤਾ ਹੈ ਕਿ ਕਿਸ ਲੀਡਰ ਦਾ ਕਿਰਦਾਰ ਚੰਗਾ ਹੈ ਅਤੇ ਕਿਸਦਾ ਮਾੜਾ? ਇਸ ਲਈ ਜਦੋਂ ਭਾਰਤ ਦੀਆਂ ਸਾਰੀਆਂ ਪਾਰਟੀਆਂ ਵਲੋਂ ਆਪਣੇ ਵਿਰੋਧੀ ਲੀਡਰਾਂ ਦੇ ਕੱਚੇ ਚਿੱਠੇ ਫੋਲਣ ਦਾ ਕੰਮ ਸ਼ੁਰੂ ਹੋਇਆ ਤਾਂ ਉਸ ਵੇਲੇ ਹੀ ਵੋਟਰਾਂ ਦੀ ਸੋਚ ਬਦਲਣੀ ਸ਼ੁਰੂ ਹੋ ਗਈ। ਵੋਟਰਾਂ ਦੀ ਸੋਚ ਵਿਚ ਇਸ ਗੱਲ ਦਾ ਵਾਧਾ ਹੋ ਗਿਆ ਕਿ ਇਸਤੋਂ ਚੰਗਾ ਤਾਂ ਯੂਪੀਏ ਗਠਜੋੜ ਹੀ ਹੈ। ਇਸਦੇ ਨਾਲ ਹੀ ਜਦੋਂ ਸਾਰੀਆਂ ਪਾਰਟੀਆਂ ਵਲੋਂ ਆਪਣੇ ਵਿਰੋਧੀਆਂ ਦੀਆਂ ਕਰਤੂਤਾਂ ਦੇ ਕੱਚੇ ਚਿੱਠੇ ਫੋਲਣ ਦਾ ਦੌਰ ਦੌਰਾ ਚਲਿਆ ਤਾਂ ਲੋਕਾਂ ਦੇ ਸਾਹਮਣੇ ਸਿਰਫ਼ ਇਕੋ ਇਕ ਲੀਡਰ ਅਜਿਹਾ ਦਿਸਣ ਲੱਗਾ ਜਿਸ ਦੇ ਖਿਲਾਫ਼ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਪਾਸ ਕਮਜ਼ੋਰ ਪ੍ਰਧਾਨ ਮੰਤਰੀ ਕਹਿਣ ਤੋਂ ਸਿਵਾਇ ਹੋਰ ਕੋਈ ਦੂਸ਼ਣ ਨਹੀਂ ਸੀ। ਉਹ ਲੀਡਰ ਸੀ ਡਾਕਟਰ ਮਨਮੋਹਨ ਸਿੰਘ। ਬਾਕੀ ਸਾਰੇ ਲੀਡਰਾਂ ਵਿਚ ਕਿਸੇ ਦਾ ਰਿਕਾਰਡ ਅਪਰਾਧੀ ਪਿੱਠ ਭੂਮੀ ਵਾਲਾ ਨਿਕਲਿਆ, ਕੋਈ ਲੀਡਰ ਕਿਸੇ ਨਾ ਕਿਸੇ ਪ੍ਰਕਾਰ ਦੇ ਘੁਟਾਲੇ ਵਿਚ ਫਸਿਆ ਹੋਇਆ ਨਜ਼ਰ ਆਇਆ। ਇਸ ਲਈ ਲੋਕਾਂ ਦੀ ਬਦਲਦੀ ਹੋਈ ਸੋਚ ਇਕ ਅਗਾਂਹਵਧੂ ਸੋਚ ਦੇ ਧਾਰਨੀ ਮਨਮੋਹਨ ਸਿੰਘ ਵੱਲ ਮੁੜਣੀ ਲਾਜ਼ਮੀ ਹੀ ਸੀ।
ਦੂਜੀ ਗੱਲ ਇਹ ਸਾਹਮਣੇ ਆਈ ਕਿ ਦੇਸ਼ ਦੀ ਤਰੱਕੀ ਲਈ ਜਿਸ ਪ੍ਰਮਾਣੂ ਸਮਝੌਤੇ ਨੂੰ ਨੇਪਰੇ ਚਾੜ੍ਹਣ ਲਈ ਕਾਂਗਰਸ ਦੇ ਯੂਪੀਏ ਗਠਜੋੜ ਨੇ ਆਪਣਾ ਭਵਿੱਖ ਤੱਕ ਦਾਅ ‘ਤੇ ਲਾ ਦਿੱਤਾ, ਉਸੇ ਪਾਰਟੀ ਦੀ ਵਿਰੋਧੀ ਪਾਰਟੀ ਭਾਜਪਾ ਦੇ ਇਕ ਲੀਡਰ ਵਲੋਂ ਇਹ ਬਿਆਨ ਦਾਗ ਦਿੱਤਾ ਗਿਆ ਕਿ ਜੇਕਰ ਸਾਡੀ ਪਾਰਟੀ ਸੱਤਾ ਵਿਚ ਆ ਜਾਂਦੀ ਹੈ ਤਾਂ ਅਸੀਂ ਇਸ ਸਮਝੌਤੇ ਨੂੰ ਰੱਦ ਕਰ ਦਿਆਂਗੇ। ਦੇਸ਼ ਦੀਆਂ ਅਨੇਕਾਂ ਲੋੜਾਂ ਨੂੰ ਪੂਰਿਆਂ ਕਰਨ ਵਾਲਾ ਇਹ ਸਮਝੌਤਾ ਰੱਦ ਹੋਣ ਦੀ ਗੱਲ ਸੁਣਦੇ ਹੀ ਵੋਟਰਾਂ ਦੀ ਵਿਚਾਰਧਾਰਾ ਬਦਲਣੀ ਲਾਜ਼ਮੀ ਹੀ ਸੀ।
ਇਥੇ ਇਹ ਵੀ ਵਰਣਨਯੋਗ ਹੈ ਕਿ ਜਿਸ ਲਾਲੂ ਪ੍ਰਸਾਦ ਯਾਦਵ ਵਲੋਂ ਪੰਜਾਂ ਸਾਲਾਂ ਵਿਚ ਰੇਲਵੇ ਦਾ ਬਜਟ ਇਕ ਵਾਰ ਵੀ ਘਾਟੇ ਵਾਲਾ ਨਹੀਂ ਰਿਹਾ ਉਸਦੀ ਪਾਰਟੀ ਨੂੰ ਵੀ ਲੋਕਾਂ ਵਲੋਂ ਸਿਰਿਉਂ ਨਕਾਰ ਦਿੱਤਾ ਗਿਆ। ਇਸਦਾ ਕਾਰਨ ਇਹ ਨਹੀਂ ਸੀ ਕਿ ਉਸਨੇ ਆਪਣੇ ਵਿਕਾਸ ਕਾਰਜਾਂ ਨੂੰ ਪੂਰਿਆਂ ਕਰਨ ਲਈ ਕੋਈ ਕੋਰ ਕਸਰ ਬਾਕੀ ਛੱਡੀ ਰੱਖੀ। ਇਸਦਾ ਇਕੋ ਇਕ ਕਾਰਨ ਇਹੀ ਸੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਛਾ ਰੱਖਣ ਵਾਲੇ ਇਸ ਸ਼ਖ਼ਸ ਦੀ ਸੋਚ ਵੋਟਰਾਂ ਦੇ ਸਾਹਮਣੇ ਆ ਗਈ ਅਤੇ ਉਨ੍ਹਾਂ ਨੇ ਇਸਦੀ ਪਾਰਟੀ ਨੂੰ ਸਿਰਫ਼ ਚਾਰ ਸੀਟਾਂ ਦੇਣਾ ਹੀ ਮੁਨਾਸਿਬ ਸਮਝਿਆ। ਉਸਦੇ ਹਿਮਾਇਤੀ ਪਾਸਵਾਨ ਤਾਂ ਆਪ ਹੀ ਚਾਰੇ ਖਾਨੇ ਚਿਤ ਹੋ ਗਏ।
ਇਹੀ ਹਿਸਾਬ ਪ੍ਰਧਾਨ ਮੰਤਰੀ ਦੀ ਇੱਛਾ ਮਨ ਵਿਚ ਜਗਾਈ ਬੈਠੀ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਲੀਡਰ ਮਾਇਆਵਤੀ ਦਾ ਹੋਇਆ। ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਇਹ ਵੇਖਿਆ ਕਿ ਆਪਣੇ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਇਸ ਨੇ ਸੂਬੇ ਦਾ ਕੁਝ ਨਹੀਂ ਸਵਾਰਿਆ ਤਾਂ ਦੇਸ਼ ਦੀ ਵਾਗਡੋਰ ਇਹ ਕਿਥੋਂ ਤੱਕ ਸਾਂਭ ਸਕੇਗੀ। ਇਸਦੇ ਪਿੱਛੇ ਜਾਤੀਵਾਦ ਨੂੰ ਵੀ ਇਕ ਕਾਰਨ ਮੰਨਿਆ ਜਾ ਸਕਦਾ ਹੈ। ਦੂਸਰੀ ਗੱਲ ਇਹ ਸਾਹਮਣੇ ਆਈ ਕਿ ਮਾਇਆਵਤੀ ਦੀ ਪਾਰਟੀ ਨੂੰ ਮਦਦ ਉਹ ਪਾਰਟੀ ਕਰ ਰਹੀ ਸੀ, ਜਿਸਨੇ ਮੌਕਾ ਪੈਣ ‘ਤੇ ਯੂਪੀਏ ਸਰਕਾਰ ਨੂੰ ਪਿੱਠ ਵਿਖਾਕੇ ਮੱਧਕਾਲੀ ਚੋਣਾਂ ਕਰਾਉਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਇਥੇ ਮੇਰਾ ਭਾਵ ਖੱਬੇ ਪੱਖੀਆਂ ਤੋਂ ਹੈ। ਦੇਸ਼ ਦਾ ਵੋਟਰ ਕਦੀ ਵੀ ਮੱਧਕਾਲੀ ਚੋਣਾਂ ਦੇ ਹੱਕ ਵਿਚ ਨਹੀਂ ਰਿਹਾ ਕਿਉਂ ਮੱਧਕਾਲੀ ਚੋਣਾਂ ਦੌਰਾਨ ਦੇਸ਼ ਦੀ ਜਨਤਾ ਦਾ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਰਿਹਾ ਹੈ। ਅਕਾਲੀਆਂ ਬਾਰੇ ਵੀ ਕਿਸੇ ਹੱਦ ਤੱਕ ਮਾਇਆਵਤੀ ਵਾਂਗ ਪੰਜਾਬ ਦੇ ਵਿਕਾਸ ਨੂੰ ਛੱਡਕੇ ਸਿਰਫ਼ ਅਤੇ ਸਿਰਫ਼ ਭਾਜਪਾ ਦੀ ਝੋਲੀ ਜਾ ਪੈਣਾ ਵੀ ਇਕ ਕਾਰਨ ਰਿਹਾ। ਦੂਜਾ ਕਾਰਨ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਕਾਰਜਕਾਲ ਦਾ ਸਮਾਂ ਬਾਦਲ ਪ੍ਰਵਾਰ ਦੇ ਖਿਲਾਫ਼ ਮੋਰਚਾ ਖੋਲ੍ਹੀ ਰੱਖਣ ਵਿਚ ਹੀ ਗੁਆ ਦਿੱਤਾ। ਇਹੀ ਕੁਝ ਹੁਣ ਬਾਦਲ ਸਾਹਿਬ ਕੈਪਟਨ ਦੇ ਖਿਲਾਫ਼ ਕਰ ਰਹੇ ਹਨ। ਇਸ ਦੌਰਾਨ ਸੂਬੇ ਦਾ ਕਰੋੜਾਂ ਰੁਪਿਆ ਜਾਂਚ ਪੜਤਾਲ ਵਿਚ ਹੀ ਅਜਾਈਂ ਖ਼ਰਾਬ ਹੋ ਗਿਆ। ਇਸ ਲਈ ਲੋਕਾਂ ਵਲੋਂ ਯੂਪੀਏ ਦੇ ਹੱਕ ਵਿਚ ਫ਼ਤਵਾ ਦੇਣ ਤੋਂ ਸਿਵਾਇ ਹੋਰ ਕੋਈ ਚਾਰਾ ਨਾ ਰਿਹਾ।
ਭਾਜਪਾ ਵਲੋਂ ਇਕ ਵਾਰ ਫਿਰ ਰਾਮ ਮੰਦਰ ਦੀ ਉਸਾਰੀ ਦਾ ਰਾਗ ਅਲਾਪਣਾ ਵੀ ਕਿਸੇ ਹੱਦ ਤੱਕ ਉਨ੍ਹਾਂ ਦੇ ਖਿਲਾਫ਼ ਰਿਹਾ। ਕਿਉਂਕਿ ਇਸ ਨਾਲ ਉਨ੍ਹਾਂ ਦੀ ਵੋਟਾਂ ਵੇਲੇ ਹੀ ਮੰਦਰ ਦਾ ਮਸਲਾ ਖੜਾ ਕਰਨ ਵਾਲੀ ਚਾਲ ਲੋਕਾਂ ਸਾਹਮਣੇ ਨੰਗੀ ਹੋ ਗਈ। ਇਸਦੇ ਨਾਲ ਹੀ ਇਸ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਲਾਲ ਕ੍ਰਿਸ਼ਨ ਅਡਵਾਨੀ ਅਤੇ ਨਰਿੰਦਰ ਮੋਦੀ ਵਰਗੇ ਫਿਰਕੂ ਸੋਚ ਦੇ ਲੀਡਰਾਂ ਦਾ ਨਾਮ ਅੱਗੇ ਆਉਣਾ ਵੀ ਇਕ ਕਾਰਨ ਰਿਹਾ।
ਇਸ ਪਿਛੇ ਸਭ ਤੋਂ ਵੱਡਾ ਅਤੇ ਅਹਿਮ ਕਾਰਨ ਇਹ ਵੀ ਰਿਹਾ ਕਿ ਇਸ ਵਾਰ ਭਾਜਪਾ ਦੀ ਹਿਮਾਇਤੀ ਕਈ ਪਾਰਟੀਆਂ ਵਲੋਂ ਉਸਦਾ ਸਾਥ ਛੱਡ ਦਿੱਤਾ ਗਿਆ। ਜਿਸ ਕਰਕੇ ਲੋਕਾਂ ਦੇ ਸਾਹਮਣੇ ਭਾਜਪਾ ਦਾ ਕਮਜ਼ੋਰ ਅਕਸ ਉਭਰਕੇ ਸਾਹਮਣੇ ਆਇਆ। ਲੋਕਾਂ ਨੂੰ ਇਹ ਡਰ ਲਗਣਾ ਲਾਜ਼ਮੀ ਸੀ ਕਿ ਜੇਕਰ ਭਾਜਪਾ ਜਿੱਤ ਵੀ ਜਾਂਦੀ ਹੈ ਤਾਂ ਉਹ ਰਾਜ ਸੱਤਾ ਤੱਕ ਨਹੀਂ ਪਹੁੰਚ ਸਕਦੀ। ਕਿਉਂਕਿ ਉਨ੍ਹਾਂ ਦੇ ਖਿਲਾਫ਼ ਕਾਂਗਰਸ ਦਾ ਯੂਪੀਏ ਗਠਜੋੜ, ਖੱਬੇ ਪੱਖੀਆਂ ਦਾ ਤੀਜਾ ਮੋਰਚਾ ਅਤੇ ਲਾਲੂ ਪ੍ਰਸਾਦਿ ਦਾ ਚੌਥਾ ਮੋਰਚਾ ਆ ਗਏ ਸਨ। ਇਸ ਲਈ ਲੋਕਾਂ ਵਲੋਂ ਭਾਜਪਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ।
ਰਹੀ ਗੱਲ ਤੀਜੇ ਅਤੇ ਚੌਥੇ ਮੋਰਚੇ ਦੀ ਉਸ ਵਿਚ ਜਿੰਨੀਆਂ ਪਾਰਟੀਆਂ ਸਨ ਉਨੇ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਸਾਹਮਣੇ ਲਾਈਨ ਲਾਈ ਖੜੇ ਸਨ। ਲੋਕਾਂ ਨੂੰ ਪਤਾ ਸੀ ਕਿ ਜੇਕਰ ਇਕ ਲੀਡਰ ਪ੍ਰਧਾਨ ਮੰਤਰੀ ਬਣ ਵੀ ਗਿਆ ਤਾਂ ਦੂਜੇ ਨੇ ਉਸਨੂੰ ਕੁਝ ਮਹੀਨਿਆਂ ਤੋਂ ਵੱਧ ਚਲਣ ਨਹੀਂ ਦੇਣਾ। ਇਸ ਲਈ ਉਨ੍ਹਾਂ ਦੇ ਸਾਹਮਣੇ ਦੇਸ਼ ਦੀ ਭਲਾਈ ਅਤੇ ਮੱਧਕਾਲੀ ਚੋਣਾਂ ਤੋਂ ਬਚਣ ਲਈ ਇਕੋ ਇਕ ਰਾਹ ਕਾਂਗਰਸ ਵੱਲ ਜਾਂਦਾਹੀ ਦਿਖਾਈ ਦੇ ਰਿਹਾ ਸੀ।
ਸਭ ਤੋਂ ਵੱਡੀ ਗੱਲ ਸ:ਮਨਮੋਹਨ ਸਿੰਘ ਦੀ ਲਿਆਕਤ ਅਤੇ ਦਿਆਨਤਦਾਰੀ ਵੀ ਕਹੀ ਜਾ ਸਕਦੀ ਹੈ। ਇਹ ਜਗ ਜ਼ਾਹਰ ਹੈ ਕਿ ਸਾਰੇ ਦੇਸ਼ਾਂ ਦੇ ਮੁਖੀਆਂ ਵਲੋਂ ਜਿਹੜੀ ਇੱਜ਼ਤ ਡਾਕਟਰ ਮਨਮੋਹਨ ਸਿੰਘ ਨੂੰ ਮਿਲੀ ਹੈ ਕਿਸੇ ਹੋਰ ਨੂੰ ਨਹੀਂ। ਇਹੀ ਕਾਰਨ ਸੀ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਵਜੋਂ ਨਾਮ ਸਾਹਮਣੇ ਆਉਂਦੇ ਹੀ ਭਾਰਤੀ ਸ਼ੇਅਰ ਮਾਰਕੀਟ ਦਾ ਗਰਾਫ਼ ਬਹੁਤ ਹੀ ਤੇਜ਼ੀ ਨਾਲ ਉਪਰ ਵਧਿਆ ਇਥੋਂ ਤੱਕ ਕਿ ਦੋ ਦਿਨ ਤਾਂ ਸ਼ੇਅਰ ਬਾਜ਼ਾਰ ਨੂੰ ਜਿ਼ਆਦਾ ਉਪਰ ਵਧਣ ਕਰਕੇ ਬੰਦ ਵੀ ਕਰਨਾ ਪਿਆ। ਹੁਣ ਵੇਖਣਾ ਇਹ ਹੈ ਕਿ ਯੂਪੀਏ ਸਰਕਾਰ ਅਤੇ ਡਾਕਟਰ ਮਨਮੋਹਨ ਸਿੰਘ ਦੇਸ਼ ਦੀ ਜਨਤਾ ਦੀਆਂ ਆਸਾਂ ਉਮੀਦਾਂ ਉਪਰ ਕਿਥੋਂ ਤੱਕ ਖਰੇ ਉਤਰਦੇ ਹਨ। ਇਸ ਵੇਲੇ ਦੁਨੀਆਂ ਭਰ ਵਿਚ ਮੰਦੀ ਦੇ ਦੌਰ ਦਾ ਸਾਹਮਣਾ ਕਰ ਰਹੇ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਵਲੋਂ ਵੀ ਇਸ ਮੰਦੀ ਅੱਗੇ ਗੋਡੇ ਟੇਕਣ ਦੀ ਹਾਲਤ ਆ ਗਈ ਹੈ। ਇਨ੍ਹਾਂ ਹਾਲਾਤ ਵਿਚ ਭਾਰਤਵਾਸੀਆਂ ਵਲੋਂ ਡਾਕਟਰ ਮਨਮੋਹਨ ਸਿੰਘ ਉਪਰ ਵਿਖਾਇਆ ਗਿਆ ਭਰੋਸਾ ਸਹੀ ਅਰਥਾਂ ਵਿਚ ਇਕ ਚੰਗੀ ਸੋਚ ਲਗਦਾ ਹੈ। ਬਾਕੀ ਨਿਰਭਰ ਕਰਦਾ ਹੈ ਕਿ ਕਾਂਗਰਸ ਦਾ ਇਹ ਯੂਪੀਏ ਗਠਜੋੜ ਕਿਸ ਹੱਦ ਤੱਕ ਲੋਕਾਂ ਦੀਆਂ ਆਰਥਕ ਔਕੜਾਂ ਨੂੰ ਦੂਰ ਕਰਦਾ ਹੋਇਆ ਦੇਸ਼ ਨੂੰ ਵਿਕਾਸ ਅਤੇ ਤਰੱਕੀ ਦੀਆਂ ਰਾਹਾਂ ਤੱਕ ਲਿਜਾਣ ਵਿਚ ਕਾਮਯਾਬ ਹੁੰਦਾ ਹੈ? ਇਸਦਾ ਫੈ਼ਸਲਾ ਤਾਂ ਆਉਣ ਵਾਲਾ ਸਮਾਂ ਹੀ ਕਰੇਗਾ।