ਚੰਡੀਗੜ੍ਹ- ਨਸਿ਼ਆਂ ਦੇ ਵਧਦੇ ਰੁਝਾਨ ਨੇ ਪੰਜਾਬ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਪੰਜਾਬ ਵਿਚ ਨਸ਼ ਇਸ ਕਦਰ ਵੱਧ ਗਿਆ ਹੈ ਕਿ ਸਕੂਲਾਂ ਦੇ ਵਿਦਿਆਰਥੀ ਵੀ ਇਸ ਤੋਂ ਬੱਚ ਨਹੀਂ ਸਕੇ। ਆਦਮੀ ਹੀ ਨਹੀਂ ਔਰਤਾਂ ਵਿਚ ਵੀ ਨਸ਼ੇ ਦੀ ਲਤ ਤੇਜ਼ੀ ਨਾਲ ਵੱਧ ਰਹੀ ਹੈ। ਇਕ ਰਿਪੋਰਟ ਅਨੁਸਾਰ ਪੰਜਾਬ ਵਿਚ 66 ਫੀਸਦੀ ਸਕੂ਼ਲ ਜਾਣ ਵਾਲੇ ਵਿਦਿਆਰਥੀ ਗੁਟਖਾ ਦਾ ਸੇਵਨ ਕਰਦੇ ਹਨ ਜਿਸ ਵਿਚ ਹਰ ਦਸਵੀਂ ਲੜਕੀ ਹੁੰਦੀ ਹੈ। ਕਾਲਜ ਜਾਣ ਵਾਲੇ ਹਰ ਦਸ ਵਿਚੋਂ 7 ਨੌਜਵਾਨ ਨਸ਼ੇ ਦੇ ਆਦੀ ਹਨ। ਪੰਜਾਬ ਦਾ ਨੌਜਵਾਨ ਵਰਗ ਆਪਣਾ ਖੂਨ ਵੇਚਕੇ ਜਾਂ ਭੀਖ ਮੰਗ ਕੇ ਆਪਣੀ ਨਸ਼ੇ ਦੀ ਲਤ ਪੂਰੀ ਕਰ ਰਿਹਾ ਹੈ। ਇਹ ਸਨਸਨੀਖੇਜ਼ ਰਿਪੋਰਟ ਪੰਜਾਬ ਦੇ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਹਰਜੀਤ ਸਿੰਘ ਨੇ ਨਸ਼ਾ ਮੁਕਤੀ ਦੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਵਿਚ ਦਿਤੀ।
ਪੰਜਾਬ ਦੇ ਲਈ ਇਹ ਇਕ ਵੱਡੇ ਖਤਰੇ ਦੀ ਘੰਟੀ ਹੈ ਕਿ ਉਸਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ। ਜੇ ਪੰਜਾਬ ਵਿਚ ਨਸ਼ੇ ਦੀ ਵਰਤੌਂ ਇਸੇ ਤਰ੍ਹਾਂ ਨਾਲ ਵੱਧਦੀ ਰਹੀ ਤਾਂ ਪੰਜਾਬ ਆਪਣੇ ਨੌਜਵਾਨ ਵਰਗ ਨੂੰ ਗਵਾ ਬੈਠੇਗਾ। ਰਿਪੋਰਟ ਵਿਚ ਇਹ ਵੀ ਦਸਿਆ ਗਿਆ ਹੈ ਕਿ ਦੇਸ਼ ਵਿਚ ਪੰਜਾਬ ਨਸ਼ਾ ਕਰਨ ਵਿਚ ਨੰਬਰ ਵੰਨ ਹੈ। ਰਿਪੋਰਟ ਵਿਚ ਇਹ ਵੀ ਦਸਿਆ ਗਿਆ ਕਿ ਪੰਜਾਬ ਵਿਚ ਸ਼ਰਾਬ ਤੋਂ ਬਗੈਰ ਕੋਈ ਵੀ ਪ੍ਰੋਗਰਾਮ ਭਾਂਵੇ ਵਿਆਹ ਹੋਵੇ ਜਾਂ ਕੋਈ ਹੋਰ ਪਾਰਟੀ ਪੂਰੀ ਨਹੀਂ ਹੁੰਦੀ। ਹੁਣ ਸ਼ਰਾਬ ਨਾਲ ਹੋਰ ਨਸ਼ੀਲੇ ਪਦਾਰਥਾਂ ਦੀ ਵੀ ਵਰਤੋਂ ਹੋਣ ਲਗ ਪਈ ਹੈ। ਜਿੰਨੀ ਹੈਰੋਇਨ ਦੀ ਸਾਰੇ ਦੇਸ਼ ਵਿਚ ਖਪਤ ਹੁੰਦੀ ਹੈ ਉਸਦਾ ਪੰਜਵਾਂ ਹਿੱਸਾ ਇਕਲੇ ਪੰਜਾਬ ਵਿਚ ਵਰਤਿਆ ਜਾਂਦਾ ਹੈ। ਰਿਪੋਰਟ ਅਨੁਸਾਰ ਪੰਜਾਬ ਦੇ 70 ਫੀਸਦੀ ਲੋਕ ਹੈਰੋਇਨ, ਅਫੀਮ, ਗਾਂਜਾ ਅਤੇ ਨਸ਼ੀਲੀ ਦਵਾਈਆਂ ਦਾ ਪ੍ਰਯੋਗ ਕਰਦੇ ਹਨ।
ਇਸ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਦੋਆਬਾ ਵਿਚ 65 ਫੀਸਦੀ ਲੋਕ ਅਤੇ ਮਾਲਵਾ ਵਿਚ 64 ਫੀਸਦੀ ਲੋਕ ਨਸ਼ੇ ਤੋਂ ਪੀੜਿਤ ਹਨ। ਪੰਜਾਬ ਵਿਚ ਹੋਸਟਲ ਨਸ਼ੇ ਦੇ ਮੁੱਖ ਕੇਂਦਰ ਹਨ ਜਿਥੇ ਸੱਭ ਤੋਂ ਜਿਆਦਾ ਨਸ਼ਾ ਹੁੰਦਾ ਹੈ। ਪੰਜਾਬ ਵਿਚ ਤਰਨਤਾਰਨ ਦੇ ਪਿੰਡਾਂ ਅਤੇ ਅੰਮ੍ਰਿਤਸਰ ਦੇ ਸ਼ਹਿਰੀ ਖੇਤਰਾਂ ਵਿਚ ਸੱਭ ਤੋਂ ਜਿਆਦਾ ਨਸ਼ਾ ਹੁੰਦਾ ਹੈ। ਸ਼ਰਾਬ ਪੀਣ ਵਿਚ ਪੰਜਾਬ ਦੇਸ਼ ਵਿਚ ਨੰਬਰ ਵੰਨ ਹੈ ਅਤੇ ਜਿਲ੍ਹਿਆਂ ਵਿਚੋਂ ਤਰਨਤਾਰਨ ਨੰਬਰ ਵੰਨ ਹੈ। ਤਰਨਤਾਰਨ ਦੇ ਸੀਮਾ ਦੇ ਨਾਲ ਲਗਦੇ 15 ਤੋਂ 25 ਸਾਲ ਉਮਰ ਦੇ 70 ਤੋਂ 75 ਫੀਸਦੀ ਅਤੇ 35 ਤੋਂ 60 ਸਾਲ ਦੇ 40 ਫੀਸਦੀ ਲੋਕ ਨਸ਼ੇ ਦੇ ਕਾਰੋਬਾਰ ਤੇ ਨਿਰਭਰ ਹਨ। ਉਨ੍ਹਾਂ ਨੇ ਇਕ ਸਰਵੇ ਦਾ ਹਵਾਲਾ ਦੇ ਕੇ ਦਸਿਆ ਕਿ ਪੰਜਾਬ ਵਿਚ 53 ਫੀਸਦੀ ਆਦਮੀ ਅਤੇ 48 ਫੀਸਦੀ ਔਰਤਾਂ ਨਸ਼ੇ ਦੀਆਂ ਆਦੀ ਹਨ।