ਲੁਧਿਆਣਾ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਆਸਟਰੀਆ ਦੇ ਸ਼ਹਿਰ ਵਿਆਨਾ ਵਿਖੇ ਭਗਤ ਰਵਿਦਾਸ ਨਾਲ ਸਬੰਧਤ ਧਰਮ ਅਸਥਾਨ ਵਿਖੇ ਵਾਪਰੀ ਬੇਹੱਦ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰ ਰਹੀਆਂ ਜਥੇਬੰਦੀਆਂ ਨਾਲ ਦਿੱਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ ਅਤੇ ਆਪਸੀ ਭਾਈਚਾਰਾ, ਪਰਸਪਰ ਪ੍ਰੇਮ ਪਿਆਰ ਬਰਕਰਾਰ ਰੱਖਦਿਆ ਸੰਜਮ ਵਿਚ ਰਹਿਣ ਦੀ ਅਪੀਲ ਕੀਤੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਉਚੇਚੇ ਤੌਰ ਤੇ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਿੱਖ ਧਰਮ ਸਾਰੇ ਭਗਤਾਂ ਦਾ ਅਥਾਹ ਸਨਮਾਨ ਕਰਦਾ ਹੈ ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ ਜਾਤ-ਪਾਤ ਅਤੇ ਕਿੱਤੇ-ਖਿਤੇ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਸ਼ਾਮਲ ਕਰਕੇ ਨਾ ਕੇਵਲ ਭਗਤਾਂ ਨੂੰ ਬਰਾਬਰ ਰੱਖਿਆ ਹੈ ਬਲਕਿ “ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੇ ਭਗਤ ਨਾ ਛੂਟਸ ਮੋਹੇ” ਅਨੁਸਾਰ ਭਗਤਾਂ ਨੂੰ ਗੁਰੂ ਸਾਹਿਬਾਨ ਨਾਲੋਂ ਵੀ ਵੱਧ ਸਤਿਕਾਰ ਦਿੱਤਾ ਹੈ। ਉਨ੍ਹਾਂ ਹੋਰ ਕਿਹਾ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਵੀ ਮਾਨਵੀ ਕਲਿਆਣ, ਮਨੁੱਖੀ ਬਰਾਬਰੀ, ਪਰਮ ਪਿਤਾ ਪਰਮਾਤਮਾ ਦੀ ਸਿਫਤ ਸਲਾਹ ਅਤੇ ਪਰਵਦਗਾਰ ਵਲੋਂ ਸਾਰੀ ਕਾਇਨਾਤ ਨਾਲ ਪਿਆਰ ਕਰਨ ਦਾ ਸੰਦੇਸ਼ ਦੇਂਦੀ ਹੈ ਏਸੇ ਲਈ ਸਿੱਖ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਗੁਰੂ ਬਾਣੀ ਨੂੰ ਸਤਿਕਾਰ ਭੇਟ ਕਰਦਾ ਹੈ ਉਸੇ ਸਮੇਂ ਉਹ ਭਗਤ ਜੀ ਦੀ ਬਾਣੀ ਨੂੰ ਵੀ ਨਤਮਸਤਕ ਹੋ ਰਿਹਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਵਿਆਨਾਂ ’ਚ ਵਾਪਰੀ ਮੰਦਭਾਗੀ ਘਟਨਾਂ ਨਾਲ ਸਿੱਖ ਸੰਗਤਾਂ ਦੇ ਮਨਾਂ ’ਚ ਭਾਰੀ ਦੁਖ ਪੁੱਜਾ ਹੈ। ਉਨ੍ਹਾਂ ਇਸ ਘਟਨਾਂ ’ਚ ਅਕਾਲ ਚਲਾਣਾ ਕਰ ਗਏ ਸੰਤ ਰਾਮਾਨੰਦ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਜਖ਼ਮੀਆਂ ਦੇ ਜਲਦੀ ਸੇਹਤਯਾਬ ਹੋਣ ਦੀ ਵੀ ਕਾਮਨਾ ਕੀਤੀ।