ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਮੁਤਾਬਕ ਦੇਸ਼ ਵਿਚ ‘ਸਫ਼ਲਾਪੂਰਵਕ’ ਜ਼ਮੀਨ ਦੇ ਹੇਠਾਂ ਪ੍ਰਮਾਣੂ ਪਰੀਖਣ ਕੀਤੇ ਗਏ ਹਨ।
ਸਰਕਾਰੀ ਏਜੰਸੀ ਕੇਸੀਐਨਏ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਪਰੀਖਣ ਦੇਸ਼ ਦੀ ਆਤਮ ਰੱਖਿਆ ਅਤੇ ਪ੍ਰਮਾਣੂ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਹਨ। ਇਸਤੋਂ ਪਹਿਲਾਂ ਦੱਖਣ ਕੋਰੀਆ ਦੀ ਯੋਨਹਾਪ ਏਜੰਸੀ ਨੇ ਵੀ ਖ਼ਬਰ ਦਿੱਤੀ ਸੀ ਕਿ ਉੱਤਰ ਕੋਰੀਆ ਨੇ ਜ਼ਮੀਨ ਦੇ ਹੇਠਾਂ ਪ੍ਰਮਾਣੂ ਪਰੀਖਣ ਕੀਤੇ ਹਨ। ਉੱਤਰ ਕੋਰੀਆ ਦੀਆਂ ਸਰਗਰਮੀਆਂ ਨੂੰ ਲੈਕੇ ਦੁਨਿਆਵੀ ਭਾਈਚਾਰੇ ਦਾ ਇਕ ਹਿੱਸਾ ਲਗਾਤਾਰ ਚਿੰਤਾ ਪ੍ਰਗਟਾਉਂਦਾ ਰਿਹਾ ਹੈ। ਤਾਜ਼ਾ ਪਰੀਖਣਾਂ ਦੀ ਖ਼ਬਰ ਆਉਣ ਤੋਂ ਬਾਅਦ ਇਹ ਚਿੰਤਾ ਹੋਰ ਵਧਦੀ ਨਜ਼ਰ ਆ ਰਹੀ ਹੈ। ਭਾਰਤ ਦੇ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਉੱਤਰ ਕੋਰੀਆ ਦੇ ਇਸ ਕਦਮ ਨੂੰ ਪੂਰੀ ਦੁਨੀਆਂ ਲਈ ਚਿੰਤਾਜਨਕ ਕਰਾਰ ਦਿੱਤਾ ਹੈ।
ਉੱਤਰੀ ਕੋਰੀਆ ਨੇ ਅਕਤੂਬਰ 2006 ਵਿਚ ਪਹਿਲੀ ਵਾਰ ਪ੍ਰਮਾਣੂ ਤਜਰਬਾ ਕੀਤਾ ਸੀ। ਸਰਕਾਰੀ ਏਜੰਸੀ ਦਾ ਦਾਅਵਾ ਹੈ ਕਿ ਇਸ ਵਾਰ ਦੇ ਪ੍ਰਮਾਣੂ ਤਜਰਬੇ ਪਿਛਲੇ ਤਜਰਬਿਆਂ ਤੋਂ ਵਧੇਰੇ ਸ਼ਕਤੀਸ਼ਾਲੀ ਸਨ। ਯੋਨਹਾਪ ਏਜੰਸੀ ਨੇ ਦੱਖਣੀ ਕੋਰੀਆ ਦੇ ਸੱਤਾਧਾਰੀ ਪਾਰਟੀ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਸੀ ਪਰੰਤੂ ਅਧਿਕਾਰੀ ਨੇ ਆਪਣਾ ਨਾਮ ਨਹੀਂ ਸੀ ਦਸਿਆ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਮਯੂੰਗ ਬਾਕ ਨੇ ਇਸ ਮਾਮਲੇ ਵਿਚ ਇਕ ਐਮਰਜੰਸੀ ਸੁਰੱਖਿਆ ਮੀਟਿੰਗ ਸੱਦੀ ਹੈ।
ਦੱਖਣੀ ਕੋਰੀਆ ਅਤੇ ਅਮਰੀਕੀ ਭੂਗਰਭ ਸਰਵੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਮਵਾਰ ਦੀ ਸਵੇਰੇ ਜ਼ਮੀਨ ਵਿਚ ਕੁਝ ਝਟਕੇ ਮਹਿਸੂਸ ਕੀਤੇ ਸਨ ਜੋ ਪ੍ਰਮਾਣੂ ਪਰੀਖਣਾਂ ਵੱਲ ਇਸ਼ਾਰਾ ਕਰਦੇ ਹਨ।