ਅੰਮ੍ਰਿਤਸਰ- ਪਿੱਛਲੇ ਕੁਝ ਅਰਸੇ ਤੋਂ ਸ੍ਰੀ ਦਰਬਾਰ ਸਾਹਿਬ ਵਿਚ ਮਰਿਆਦਾ ਭੰਗ ਹੋਣ ਦੀਆਂ ਕੁਝ ਘਟਨਾਵਾਂ ਹੋਈਆਂ ਹਨ। ਮਰਿਆਦਾ ਭੰਗ ਹੋਣ ਦੀ ਇਕ ਤਾਜ਼ਾ ਘਟਨਾ ਬੀਤੇ ਐਤਵਾਰ ਨੂੰ ਰਾਤ ਦੇ 11 ਵਜੇ ਗੁਰੂ ਰਾਮਦਾਸ ਲੰਗਰ ਹਾਲ ਵਿਚ ਉਸ ਸਮੇਂ ਘਟੀ ਜਦੋਂ ਇਕ ਨਿਹੰਗ ਸਿੰਘ ਨੇ ਪੰਗਤ ਵਿਚ ਬੈਠ ਕੇ ਮੀਟ ਖਾਣਾ ਸ਼ੁਰੂ ਕਰ ਦਿਤਾ।
ਇਕ ਨਿਹੰਗ ਸਿੰਘ ਥਾਲੀ ਲੈ ਕੇ ਲੰਗਰ ਹਾਲ ਵਿਚ ਬੈਠ ਗਿਆ ਪਰ ਉਸਨੇ ਲੰਗਰ ਵਿਚ ਵਰਤਾਈ ਜਾਣ ਵਾਲੀ ਦਾਲ ਸਬਜ਼ੀ ਨਹੀਂ ਲਈ ਅਤੇ ਆਪਣੇ ਨਾਲ ਲਿਆਂਦਾ ਮੀਟ ਥਾਲੀ ਵਿਚ ਪਾ ਕੇ ਖਾਣਾ ਸ਼ੁਰੂ ਕਰ ਦਿਤਾ। ਜਦੋਂ ਲਾਗੇ ਬੈਠੀ ਸੰਗਤ ਨੂੰ ਇਸ ਬਾਰੇ ਪਤਾ ਚਲਿਆ ਤਾਂ ਸੰਗਤ ਨੇ ਇਸ ਤੇ ਇਤਰਾਜ਼ ਕੀਤਾ ਅਤੇ ਲੰਗਰ ਵਿਚ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਇਸ ਦੀ ਸਿ਼ਕਾਇਤ ਕੀਤੀ। ਸੇਵਾਦਾਰਾਂ ਅਤੇ ਸੰਗਤ ਨੇ ਉਸਦੀ ਥੋੜੀ ਬਹੁਤ ਕੁਟਮਾਰ ਵੀ ਕੀਤੀ ਅਤੇ ਫਿਰ ਪੁਲਿਸ ਚੌਂਕੀ ਲੈ ਗਏ। ਅਰੋਪੀ ਦੇ ਸੰਗਤ ਤੋਂ ਮਾਫੀ ਮੰਗਣ ਤੇ ਉਸ ਨੂੰ ਛੱਡ ਦਿਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਮੈਨੇਜਰ ਨੇ ਲੰਗਰ ਹਾਲ ਵਿਚ ਨਿਹੰਗ ਵਲੋਂ ਮੀਟ ਖਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਹੰਗ ਨੂੰ ਮੀਟ ਖਾਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਸੀ।