ਅੰਮ੍ਰਿਤਸਰ – ਆਸਟਰੀਆਂ ਦੇ ਸ਼ਹਿਰ ਵਿਆਨਾਂ ’ਚ ਭਗਤ ਰਵੀਦਾਸ ਟੈਂਪਲ ’ਚ ਵਾਪਰੀ ਮੰਦਭਾਗੀ ਘਟਨਾਂ ਕਾਰਨ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ’ਚ ਭਾਵੁਕ ਹੋਏ ਲੋਕਾਂ ਵਲੋਂ ਰੋਸ ਪ੍ਰਗਟ ਕਰਦਿਆਂ ਜਲੰਧਰ, ਲੁਧਿਆਣਾ ਤੇ ਅੰਬਾਲਾ ਤੀਕ ਰੇਲ ਤੇ ਸੜਕੀ ਮਾਰਗਾਂ ’ਤੇ ਆਵਾਜ਼ਾਈ ਰੋਕੇ ਜਾਣ ਕਾਰਨ, ਅੰਮ੍ਰਿਤਸਰ ਤੋਂ ਅੰਬਾਲਾ ਤੀਕ ਵੱਖ-ਵੱਖ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਫਸੇ ਯਾਤਰੂਆਂ ਨੂੰ ਲੰਗਰ ਆਦਿ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤੁਰੰਤ ਕਾਰਵਾਈ ਕਰਦਿਆਂ ਅਜਿਹੇ ਥਾਵਾਂ ਤੇ ਮੁਸ਼ਕਿਲ ਵਿਚ ਫਸੇ ਯਾਤਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਚਾਹ ਤੇ ਲੰਗਰ ਆਦਿ ਪਹੁੰਚਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੋਂ ਜਾਰੀ ਇਕ ਪ੍ਰੈਸ ਰਲੀਜ਼ ’ਚ ਦਿੱਤੀ।
ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ, ਅੰਤਰ-ਰਾਸ਼ਟਰੀ ਰੇਲਵੇ ਸਟੇਸ਼ਨ ਅਟਾਰੀ ਤੇ ਸਥਾਨਕ ਕੌਮਾਂਤਰੀ ਬਸ ਅੱਡੇ ਅੰਮ੍ਰਿਤਸਰ ਤੋਂ ਅੰਬਾਲਾ ਤੀਕ ਜਿਹੜੇ ਵੀ ਰੇਲਵੇ ਸਟੇਸ਼ਨਾਂ ਤੇ ਯਾਤਰੂ ਫਸੇ ਹੋਏ ਹਨ ਪਾਸ ਲੰਗਰ ਪਹੁੰਚਾਇਆ ਜਾ ਰਿਹਾ ਹੈ। ਜਥੇਦਾਰ ਅਵਤਾਰ ਸਿੰਘ ਨੇ ਕਾਮਨਾ ਕੀਤੀ ਕਿ ਹਾਲਾਤ ਜਲਦੀ ਸਾਜ਼ਗਾਰ ਹੋਣ ਅਤੇ ਯਾਤਰੂ ਆਪਣੀ ਮੰਜ਼ਲ ਲਈ ਰਵਾਨਾ ਹੋਣ। ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਖੌਫਨਾਕ ਕਾਰਵਾਈਆਂ ਦੇ ਮੱਦੇ ਨਜ਼ਰ ਪੰਜਾਬ ’ਚ ਰੇਲ ਤੇ ਸੜਕੀ ਮਾਰਗ ਬੰਦ ਹੋ ਜਾਣ ਕਾਰਨ ਸਟੇਸ਼ਨਾਂ ਤੇ ਯਾਤਰੂ ਖਾਣ-ਪੀਣ ਦੀ ਘਾਟ ਤੋਂ ਬਹੁਤ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੋਟਿਸ ਵਿਚ ਆਉਣ ’ਤੇ ਤੁਰੰਤ ਇਨ੍ਹਾਂ ਯਾਤਰੂਆਂ ਪਾਸ ਲੰਗਰ ਪਹੁੰਚਾਇਆ ਗਿਆ ਹੈ, ਜਿਸ ਤੋਂ ਯਾਤਰੂ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ।