ਕੋਲਕਤਾ- ਮਮਤਾ ਬੈਨਰਜੀ ਨੇ ਕੋਲਕਤਾ ਵਿਚ ਰੇਲ ਵਿਭਾਗ ਦਾ ਕੰਮਕਾਰ ਸੰਭਾਲ ਲਿਆ ਹੈ। ਵੀਸੀ ਰਾਏ ਇੰਸਟੀਚਿਊਟ ਵਿਚ ਇਸ ਸਬੰਧ ਵਿਚ ਇਕ ਸਾਦਗੀ ਪੂਰਣ ਸਮਾਰੋਹ ਦਾ ਅਯੋਜਨ ਕੀਤਾ ਗਿਆ।
ਮਮਤਾ ਬੈਨਰਜੀ ਨੇ ਬੰਗਾਲ ਵਿਚ ਆਏ ਭੀਸ਼ਣ ਤੂਫਾਨ ਕਰਕੇ ਆਪਣਾ ਦਿੱਲੀ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿਤਾ। ਰੇਲਵੇ ਮੰਤਰੀ ਨੇ ਇਕ ਸਪੈਸ਼ਲ ਟਰੇਨ ਰਾਹੀਂ ਤੂਫਾਨ ਪੀੜਤ ਖੇਤਰਾਂ ਦਾ ਦੌਰਾ ਕੀਤਾ।
ਰੇਲਮੰਤਰੀ ਬਣਨ ਤੇ ਜਲਦੀ ਹੀ ਮਮਤਾ ਨੇ ਤਿੰਨ ਮਹੱਤਵਪੂਰਣ ਘੋਸ਼ਣਾਵਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ 500 ਰੁਪੈ ਮਹੀਨਾ ਆਮਦਨੀ ਵਾਲੇ ਲੋਕਾਂ ਨੂੰ 20 ਰੁਪੈ ਵਿਚ ਰੇਲਵੇ ਪਾਸ ਦਿਤੇ ਜਾਣਗੇ। ਇਹ ਸਹੂਲਤ 100 ਕਿਲੋਮੀਟਰ ਦੀ ਦੂਰੀ ਤਕ ਦਿਤੀ ਜਾਵੇਗੀ।ਸ਼ਾਲੀਮਾਰ ਤੋਂ ਦੀਘਾ ਤਕ ਹਫਤੇ ਵਿਚ ਇਕ ਦਿਨ ਚਲਣ ਵਾਲੀ ਟਰੇਨ ਹੁਣ ਤਿੰਨ ਦਿਨ ਚਲੇਗੀ। ਇਸ ਟਰੇਨ ਦਾ ਨਾਂ ਬੰਗਲਾ ਦੇ ਵਿਦਰੋਹੀ ਕਵੀ ਦੇ ਨਾਂ ਤੇ ‘ਕੰਡਾਰੀ ਐਕਸਪ੍ਰੈਸ” ਰੱਖਿਆ ਗਿਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਰੇਲ ਵਿਭਾਗ ਨੂੰ ਵਪਾਰ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖ ਕੇ ਕਰਨਾ ਚਾਹੀਦਾ ਹੈ ਤਾਂ ਜੋ ਰੇਲਵੇ ਦੀ ਮਾਨਵੀ ਛਵੀ ਕਾਇਮ ਰਹੇ। ਮਮਤਾ ਨੇ ਤੂਫਾਨ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਰੇਲ ਕਰਮਚਾਰੀਆਂ ਦੀ ਮੌਜੂਦਗੀ ਵਿਚ ਇਕ ਮਿੰਟ ਦਾ ਮੋਨ ਵੀ ਰੱਖਿਆ।