ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰ: ਕਾਹਨ ਸਿੰਘ ਪੰਨੂ ਨੂੰ ਮੁੜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਲਾਉਣ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਜਨ: ਸਕੱਤਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਉਨ੍ਹਾਂ ਦਾ ਇਸ ਕਾਰਜ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਨੂ ਸਾਹਿਬ ਨੇ ਅੰਮ੍ਰਿਤਸਰ ਦੇ ਬਤੌਰ ਡਿਪਟੀ ਕਮਿਸ਼ਨਰ ਸ਼ਾਨਦਾਰ ਕੰਮ ਕੀਤਾ ਹੈ। ਰਾਜ ਅਤੇ ਕੇਂਦਰੀ ਸਰਕਾਰ ਵੱਲੋਂ ਆਈਆਂ ਸਕੀਮਾਂ ਨੂੰ ਬੜੀ ਮਿਹਨਤ ਤੇ ਲਗਨ ਨਾਲ ਲਾਗੂ ਕਰਕੇ ਦੇਸ਼ ਭਰ ਵਿੱਚ ਆਪਣਾ ਨਾਮਣਾ ਖੱਟਿਆ ਹੈ। ਉਹ ਇਕ ਬਹੁਤ ਹੀ ਕਾਬਲ ਅਫਸਰ ਹਨ ਤੇ ਅੰਮ੍ਰਿਤਸਰ ਵਰਗੇ ਵਿਸ਼ਵ ਪੱਧਰੀ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਵਿਕਾਸ ਸਕੀਮਾਂ ਨੂੰ ਸਿਰੇ ਚਾੜ ਸਕਦੇ ਹਨ। ਇਸ ਸਮੇਂ ਵਿਸ਼ਵ ਪੱਧਰੀ ਯੂਨੀਵਰਸਿਟੀ ਲਈ 700 ਏਕੜ ਜਮੀਨ ਅਤੇ ਰਾਜਾ ਸਾਂਸੀ ਹਵਾਈ ਅੱਡੇ ਲਈ ਟੈਕਸੀ ਵੇਅ ਲਈ 44 ਏਕੜ ਜਮੀਨ ਫੋਰੀ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਮੋਹਾਲੀ ਵਾਂਗ ਅੰਮ੍ਰਿਤਸਰ ਡਿਵੈਲਪਮੈਂਟ ਆਥਾਰਟੀ ਜਿਸ ਦੇ ਕਿ ਪ੍ਰਧਾਨ ਡਿਪਟੀ ਕਮਿਸ਼ਨਰ ਹਨ ਨੂੰ ਫੰਡ ਮੁਹੱਈਆ ਕਰਨ ਦੀ ਲੋੜ ਹੈ ਤਾਂ ਜੋ ਮੋਹਾਲੀ ਵਾਂਗ ਇਹ ਵੀ ਅੰਮ੍ਰਿਤਸਰ ਵਿੱਚ ਵਪਾਰਕ ਅਤੇ ਰਿਹਾਇਸ਼ੀ ਅਦਾਰਿਆਂ ਲਈ ਜਮੀਨ ਪ੍ਰਾਪਤ ਕਰ ਸਕੇ। ਮੰਚ ਆਗੂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੀਆਂ ਸਮੱਸਿਆਵਾਂ ਜਿਵੇਂ ਟਰੈਫਿਕ, ਨਜਾਇਜ ਕਬਜੇ, ਹਵਾਈ ਤੇ ਅਵਾਜ਼ ਪ੍ਰਦੂਸ਼ਣ, ਸਫਾਈ ਆਦਿ ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਅਜ਼ਾਦਾਨਾ ਤੌਰ ਤੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਤੇ ਸਿਆਸਤਦਾਨਾਂ ਨੂੰ ਬੇਵਜ੍ਹਾ ਦਖਲ ਅੰਦਾਜੀ ਕਰਨ ਤੋਂ ਵਰਜਿਆ ਜਾਵੇ ਤਾਂ ਜੋ ਸਿੱਖਾਂ ਦਾ ਮੱਕਾ ਕਹਿਲਾਏ ਜਾਣ ਵਾਲੇ ਗੁਰੂ ਦੇ ਇਸ ਪਵਿੱਤਰ ਨਗਰ ਦਾ ਦੁਨੀਆਂ ਦੇ ਖੂਬਸੂਰਤ ਸ਼ਹਿਰਾਂ ਵਿੱਚ ਸ਼ਮਾਰ ਹੋ ਸਕੇ।