ਸਪਰਿੰਗਫੀਲਡ – ਅਮਰੀਕਾ ਵਿੱਚ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ ਮੈਮੋਰੀਅਲ ਡੇਅ ਬੜੀ ਧੂਮ-ਧਾਮ ਨਾਲ ਕੌਮੀ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਵੱਖ ਵੱਖ ਸ਼ਹਿਰਾਂ ਵਿੱਚ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ ਅਤੇ ਝਾਕੀਆਂ ਕੱਢੀਆਂ ਜਾਂਦੀਆਂ ਹਨ, ਜਿਸ ਵਿੱਚ ਸਾਬਕਾ ਫੌਜੀ ਬੱਘੀਆਂ ਅਤੇ ਘੋੜੀਆਂ ਤੇ ਚੜ੍ਹ ਕੇ ਆਪਣੇ ਹਥਿਆਰਾਂ ਅਤੇ ਮੈਡਲਾਂ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਦੇ ਮਨਮੋਹਣੇ ਬੈਂਡ ਇਸ ਸੁਹਾਣੇ ਸਮੇਂ ਨੂੰ ਚਾਰ ਚੰਨ ਲਾ ਦਿੰਦੇ ਹਨ। ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਓ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਵੀ ਇਹ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਦਾ ਕਿ 40 ਹਜ਼ਾਰ ਦੇ ਕਰੀਬ ਲੋਕਾਂ ਨੇ ਆਨੰਦ ਮਾਣਿਆ। ਸਾਬਕਾ ਫੌਜੀਆਂ ਤੋਂ ਇਲਾਵਾ ਕਈ ਹੋਰ ਜਥੇਬੰਦੀਆਂ ਵੀ ਝਾਕੀਆਂ ਵਿੱਚ ਸ਼ਾਮਿਲ ਹੋਈਆਂ। ਸੜਕਾਂ ਕੰਢੇ ਖੜੇ ਅਮਰੀਕਨਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਸਪਰਿੰਗਫੀਲਡ ਦੇ ਪੰਜਾਬੀ ਜੰਮਪਲ ਅਤੇ ਇਗਜੈਕਟਿਵ ਇਨ ਦੇ ਮਾਲਕ ਸ੍ਰ: ਅਵਤਾਰ ਸਿੰਘ ਸਪਰਿੰਗ ਫੀਲਡ ਨੇ ਵੀ ਸਿੱਖ ਪਹਿਰਾਵੇ ਵਿੱਚ ਆਪਣੀ ਝਾਕੀ ਕੱਢੀ, ਜਿਸ ਵਿੱਚ ਸ੍ਰੀਮਤੀ ਸਰਬਜੀਤ ਕੌਰ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ ਤੇ ਰਵਜੋਤ ਕੌਰ ਸ਼ਾਮਿਲ ਸਨ। ਦਸਤਾਰਧਾਰੀ ਅਤੇ ਕੇਸਾਧਾਰੀ ਹੋਣ ਕਰਕੇ ਉਨ੍ਹਾਂ ਦੀ ਵੱਖਰੀ ਪਹਿਚਾਣ ਸੀ। ਇਸ ਵੱਖਰੀ ਪਹਿਚਾਣ ਸਦਕਾ ਸੜਕਾਂ ਕੰਢੇ ਅਮਰੀਕਨਾਂ ਨੇ ਉਨ੍ਹਾਂ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ। ਸ਼ੁਰੂ ਵਿੱਚ ਇਕ ਪ੍ਰਭਾਵਸ਼ਾਲੀ ਸਮਾਗਮ ਹੋਇਆ, ਜਿਸ ਵਿੱਚ ਮੇਅਰ ਮਿਸਟਰ ਕੋਪਲੈਂਡ, ਪੁਲਿਸ ਮੁੱਖੀ ਮਿਸਟਰ ਸਟੀਵ ਮੂਵੀ, ਕਮਿਸ਼ਨਰ ਡੇਵਿਡ ਹਾਰਟਲੀ ਅਤੇ ਸਾਬਕਾ ਕਾਂਗਰਸਮੈਨ ਡੇਵ ਹੌਬਸਨ ਨੇ ਭਾਗ ਲਿਆ। ਉਨ੍ਹਾਂ ਨੇ ਝਾਕੀਆਂ ਨੂੰ ਰਵਾਨਾ ਕੀਤਾ।