ਅੱਜ ਤੋਂ ਪੰਜ ਸਾਲ ਪਹਿਲਾਂ ਮੈਂ ਜਦੋਂ ਪਹਿਲੀ ਵਾਰ ਇੰਗਲੈਂਡ ਗਿਆ ਤਾਂ ਬੱਚਿਆਂ ਦੀ ਤਰਾਂ ਹਰ ਚੀਜ ਵੇਖਕੇ ਹੈਰਾਂਨ ਹੁੰਦਾ ਸੀ। ਗੋਰਿਆਂ ਦਾ ਅਨੁਸਾਸ਼ਨ, ਕਾਨੂੰਨ, ਹੱਸਦੀਆਂ ਮੁਸਕਰਾਉਂਦੀਆਂ ਫਿਰਦੀਆਂ ਮੇਮਾਂ, ਸਾਹਮਣੇ ਆਦਮੀਂ ਆਇਆ ਵੇਖਕੇ ਆਪਣੇ ਆਪ ਖੁੱਲਦੇ ਸ਼ੀਸ਼ੇ ਦੇ ਬੂਹੇ, ਬਿਜਲੀ ਨਾਲ ਚੱਲਦੀਆਂ ਪੌੜੀਆਂ, ਅਸਮਾਂਨ ਛੁਹਦੀਆਂ ਸ਼ੀਸ਼ੇ ਦੀਆਂ ਇਮਾਰਤਾਂ ਤੇ ਇੰਗਲੈਂਡ ਦੀ ਟਰਾਂਸਪੋਰਟ ਵੇਖਕੇ ਬਹੁਤ ਪ੍ਰਭਾਵਤ ਹੋਇਆ ਸੀ। ਹੁਣ ਆਦੀ ਹੋ ਗਿਆ ਹਾਂ। ਨਂਾਲ ਹੀ ਇਹ ਵੀ ਸਮਝ ਗਿਆ ਹਾਂ ਕਿ ਵਿਕਾਸ ਵਿੱਚ ਤਾਂ ਸ਼ਾਇਦ ਅਸੀਂ ਇਸ ਸਦੀ ਦੇ ਅੰਤ ਤੱਕ ਉਨ੍ਹਾਂ ਦੇ ਨੇੜੇ ਤੇੜੇ ਹੋ ਜਾਈਏ ( ਉਹ ਵੀ ਉਨ੍ਹਾਂ ਦੀ ਮੱਦਤ ਨਾਲ) ਪਰ ਕੌਮੀਂ ਆਚਰਣ ਪੱਖੋਂ ਸ਼ਾਇਦ ਕਦੀ ਵੀ ੳਨ੍ਹਾਂ ਬਰਾਬਰ ਨਹੀਂ ਹੋ ਸਕਦੇ। ਉਸ ਸਾਲ ਮੈਂ ਤਿੰਨ ਹਫਤੇ ਇੰਗਲੈਡ ਰਿਹਾ ਸੀ । ਰੈਣਬਸੇਰਾ ਮੇਰਾ ਮੇਰੇ ਰਿਸ਼ਤੇਦਾਰਾਂ ਕੋਲ ਸੀ ਪਰ ਉਨ੍ਹਾਂ ਕੋਲ ਮੈਨੂੰ ਘੁੰਮਾਉਣ ਦਾ ਵਕਤ ਨਹੀਂ ਸੀ। ਇਸ ਕਰਕੇ ਪਹਿਲੇ ਦਿਨ ਹੀ ਉਨ੍ਹਾਂ ਮੈਨੂੰ ਇਗਲੈਂਡ ਦੀ ਟਰਾਂਸਪੋਰਟ ਤੇ ਇੱਕ ਚੱਕਰ ਲੁਆ ਕੇ ਖੁਦ ਹੀ ਘੁੰਮਣਾ ਸਮਝਾ ਦਿੱਤਾ। ਮੈਂ ਸਵੇਰੇ ਹੀ ਪਰੌਂਠੇ ਆਂਮਲੇਟ ਖਾ ਕੇ ਨੇੜੇ ਦੀ ਦੁਕਾਂਨ ਤੋਂ ਸਾਰੇ ਦਿਨ ਵਾਲਾ ਟਰੇਵਲ ਕਾਰਡ ਲੈਂਦਾ ਤੇ ਕੈਂਟ ਤੋਂ ਸੈਂਟਰਲ ਲੰਦਨ ਪਹੁੰਚ ਜਾਂਦਾ। ਪਹਿਲਾਂ ਕਬੂਤਰਾਂ ਵਾਲੇ ਟਰੈਫਲਗਾਰ ਸੁਕੇਅਰ ਗੇੜਾ ਮਾਰਦਾ। ਆਪਣੇ ਕਿਸੇ ਵੀ ਮਿਲਣ ਵਾਲੇ ਨੂੰ ਮੈਂ ਟਰੈਫਲਗਾਰ ਸੁਕੇਅਰ ਤੇ ਮਿਲਣ ਆ ਸਮਾਂ ਦਿੰਦਾ ਤੇ ਉੱਥੋੰ ਅਗਾਂਹ ਕਿਸੇ ਪਾਸੇ ਨਿੱਕਲ ਜਾਂਦੇ। ਅਕਸਰ ਹੀ ਸਵੇਰੇ ਗਿਆਰਾਂ ਕੁ ਵਜੇ ਮੈਂ ਉੱਥੇ ਪਹੁੰਚ ਜਾਂਦਾ। ਫਿਰ ਸਾਰਾ ਦਿਨ ਚੱਲ ਸੋ ਚੱਲ। ਮੇਰੇ ਗਵਾਂਢੀ ਪਿੰਡ ਤੋਂ ਇੰਗਲੈਂਡ ਰਹਿੰਦੇ ਮਿੱਤਰ ਅਮਰੀਕ ਸਿੰਘ ਨੇ ਮੈਨੂੰ ਸਟੇਸ਼ਨ ਤੋਂ ਮੁਫਤ ਮਿਲਦਾ ਲੰਡਨ ਟਿਊਬ ਦਾ ਨਕਸ਼ਾ ਸਮਝਾਕੇ ਦੱਸ ਦਿੱਤਾ ਸੀ ਕਿ “ਫਿਕਰ ਦੀ ਉੱਕਾ ਹੀ ਕੋਈ ਲੋੜ ਨਹੀਂ। ਨਾਂ ਹੀ ਕਸੇ ਦਾ ਸਾਥ ਉਡੀਕਣ ਦੀ ਲੋੜ ਹੈ। ਇਹੀ ਤਾਂ ਇਸ ਟਿਊਬ ਦਾ ਕਮਾਲ ਹੈ। ਜੇ ਗਲਤ ਟਰੇਂਨ ਵੀ ਚੜ੍ਹ ਗਿਆ ਤਾਂ ਉਸ ਲਾਇਨ ਦੇ ਕਿਸੇ ਵੀ ਸਟੇਸ਼ਨ ਤੋਂ ਵਾਪਸ ਆ ਸਕਦਾ ਹੈਂ । ਕਿਉਂਕੇ ਹਰ ਟਿਊਬ ਸੈਂਟਰਲ ਲੰਦਨ ਸਟੇਸ਼ਨ ਚੇਰਿੰਗ ਕਰਾਸ ਤੇ ਆਉਂਦੀ ਹੈ ਤੇ ਉੱਥੋਂ ਹਰ ਪਾਸੇ ਜਾਂਦੀ ਹੈ।” ਇੰਜ ਮੈਂ ਸਿਰਫ ਸੌ ਕੁ ਪੌਂਡ ਦੇ ਕਿਰਾਏ ਵਿੱਚ ਰੱਜਕੇ ਗੋਰੀਆਂ ਰੇਲਾਂ ਤੇ ਝੂਟੇ ਲਏ।
ਲੰਦਨ ਦੀ ਅੰਡਰਗਰਾਊਂਡ ਰੇਲਵੇ ਦੁਨੀਆਂ ਦੀ ਸੱਭ ਤੋਂ ਪੁਰਾਣੀ ਅੰਡਰਗਰਾਊਂਡ ਰੇਲਵੇ ਹੈ। ਇਸਨੂੰ ਟਿਊਬ ਵੀ ਕਿਹਾ ਜਾਂਦਾ ਹੈ। 1863 ਵਿੱਚ ਸ਼ੁਰੂ ਹੋਈ 400 ਕਿਲੋਮੀਟਰ ਲੰਬੀ ਇਸ ਰੇਲ ਦੇ ਗਰੇਟਰ ਲੰਦਨ ਵਿੱਚ 270 ਸਟੇਸ਼ਨ ਹਨ। ਜਮੀਂਨ ਦੋਜ਼ ਇਹਨਾਂ ਸਟੇਸ਼ਨਾਂ ਤੇ ਇੰਨੀ ਰੋਸ਼ਨੀ ਦਾ ਪ੍ਰਬੰਧ ਹੈ ਕਿ ਇਥੇ ਦਿਨ ਵਾਂਗ ਹੀ ਚਾਨਣ ਹੁੰਦਾ ਹੈ। ਇਸ ਤੇ ਰੋਜਾਨਾਂ 30 ਲੱਖ ਲੋਕ ਸਫਰ ਕਰਦੇ ਹਨ। ਇਸ ਦੀਆਂ ਗਿਆਰਾਂ ਲਾਇਨਾਂ ਇੱਕੋ ਸਮੇਂ ਵੱਖ ਵੱਖ ਦਿਸ਼ਾਵਾਂ ਵਿੱਚ ਚੱਲਦੀਆਂ ਹਨ। ਇਨ੍ਹਾਂ ਰੇਲਾਂ ਦੇ ਬੇਕਰਲੂ,ਸੈਂਟਰਲ,ਸਰਕਲ,ਡਿਸਟਰਿਕਟ,ਸਿਟੀ,ਜੁਬਲੀ,ਮੈਟਰੋਪੋਲਿਟਨ,ਨਾਰਦਰਨ,ਪਿਕਾਡਲੀ,ਵਿਕਟੋਰੀਆ ਅਤੇ ਵਾਟਰਲੂ ਆਦਿ ਨਾਂਮ ਹਨ ਅਤੇ ਵੱਖੋ ਵੱਖਰੇ ਭੂਰਾ,ਲਾਲ,ਹਰਾ,ਪੀਲਾ,ਗੁਲਾਬੀ, ਉਨਾਭੀ,ਕਾਲਾ ਆਦਿ ਰੰਗ ਹਨ। ਛੇ ਕਰੋੜ ਦੀ ਅਬਾਦੀ ਵਾਲੇ ਇੰਗਲੈਂਡ ਦੇ ਇੱਕ ਸਾਲ ਵਿੱਚ ਇਸ ਟਿਊਬ ਤੇ ਵੱਖੋ ਵੱਖਰੇ ਦੇਸ਼ਾਂ,ਰੰਗਾਂ ਨਸਲਾਂ ਵਾਲੇ ਇੱਕ ਅਰਬ ਯਾਤਰੀ ਸਫਰ ਕਰਦੇ ਹਨ । ਕਈ ਸਟੇਸ਼ਨਾਂ ਤੇ ਪੰਜ ਪੰਜ ਮਿਨਟ ਦੀ ਸਰਵਿਸ ਹੈ।ਇਹ ਰੇਲ ਜਦੋਂ ਬਨਣੀ ਸ਼ੁਰੂ ਹੋਈ ਸੀ ਓਦੋਂ ਅਸੀਂ ਅਜਾਦੀ ਦੀ ਪਹਿਲੀ ਲੜਾਈ ਲੜ ਰਹੇ ਸੀ ਜਿਸ ਨੂੰ 1857 ਦਾ ਗਦਰ ਕਹਿੰਦੇ ਹਨ। ਪੈਸੇ ਦੀ ਘਾਟ ਕਾਰਨ ਕਈ ਸਾਲ ਕੰਮ ਰੁਕਿਆ ਰਿਹਾ। ਪੱਛਮ ਨਾਲੋਂ ਵਿਕਾਸ ਵਿੱਚ ਸਾਡੇ ਪਛੜਣ ਦਾ ਇੱਕ ਇਤਿਹਾਸਕ ਕਾਰਨ ਇਹ ਵੀ ਹੈ ਕਿ ਜਦੋਂ ਗੋਰੇ ਸੁਰੰਗਾਂ ਪੁੱਟਕੇ ਰੇਲ ਲਾਇਨਾਂ ਵਿਛਾ ਰਹੇ ਸਨ ਤਾਂ ਅਸੀਂ ਹਥਿਆਰ ਚੁੱਕਕੇ ਅੰਗਰੇਜਾਂ ਤੋਂ ਅਜਾਦ ਹੋਣ ਲਈ ਹੰਭਲਾ ਮਾਰ ਰਹੇ ਸਾਂ। ਵਿਸ਼ਵ ਵਿੱਚ ਸੱਭ ਤੋਂ ਪਹਿਲਾਂ ਬ੍ਰਿਟਸ਼ ਰੇਲਾਂ ਬਿਜਲੀ ਨਾਲ ਚੱਲਣ ਲੱਗੀਆਂ ਸਨ। ਇਨ੍ਹਾ ਨੂੰ ਬਿਜਲੀ ਸਾਡੇ ਦੇਸ਼ ਦੀਆਂ ਰੇਲਾਂ ਵਾਂਗ ਉੱਪਰੋਂ ਬਿਜਲੀ ਦੀਆਂ ਤਾਰਾਂ ਤੋਂ ਨਹੀਂ ਮਿਲਦੀ । ਇਨ੍ਹਾਂ ਦੇ ਹੇਠਾਂ ਸੱਜੇ ਪਾਸੇ ਦੀ ਲਾਇਨ ਦੇ ਅੰਦਰਵਾਰ ਇੱਕ ਪਤਲੀ ਜਿਹੀ ਲਾਇਨ ਹੁੰਦੀ ਹੈ ਜਿਸ ਨਾਲ ਰੇਲ ਦੇ ਪਹੀਏ ਘਿਸਰਕੇ ਚੱਲਦੇ ਹਨ। ਸ਼ੁਰੂ ਵਿੱਚ ਇਹ ਰੇਲ ਪ੍ਰਾਈਵੇਟ ਸੀ ਪਰ 1948 ਵਿੱਚ ਲੇਬਰ ਸਰਕਾਰ ਨੇ ਇਸਦਾ ਕੌਮੀਂਕਰਨ ਕਰ ਦਿੱਤਾ। ਦੂਜੀ ਸੰਸਾਰ ਜੰਗ ਦੇ ਅੰਤ ਤੇ ਰੇਲ ਚਲਾ ਰਹੀਆਂ ਚਾਰੋਂ ਕੰਪਨੀਆਂ ਦਵਾਲੀਆ ਹੋ ਗਈਆਂ ਸਨ। ਇਸ ਲਈ ਟਿਊਬ ਨੂੰ ਚੱਲਦੀ ਰੱਖਣ ਲਈ ਇਸ ਨੂੰ ਸਰਕਾਰ ਨੇ ਆਪਣੇ ਹੱਥ ਲੈ ਲਿਆ। ਹੁਣ ਫੇਰ ਕੰਪਨੀਆਂ ਬਣ ਗਈਆਂ ਹਨ। ਦੂਜੀ ਸੰਸਾਰ ਜੰਗ ਵੇਲੇ ਜਦੋਂ ਹਿਟਲਰ ਦੇ ਜਹਾਜ ਲੰਦਨ ਤੇ ਛਾਂ ਕਰ ਦਿੰਦੇ ਸਨ ਤਾਂ ਹਜਾਰਾਂ ਲੋਕੀਂ ਇਸਦੇ ਭੂੰਮੀਗਤ ਸਟੇਸ਼ਨਾਂ ਨੂੰ ਤਹਿਖਾਂਨਿਆਂ ਵਜੋਂ ਵਰਤਦੇ ਸਨ। ਕਈ ਸੁਰੰਗਾਂ ਡੂੰਘੀਆਂ ਹੋਣ ਕਾਰਨ ਗਰਮੀਆਂ ਵਿੱਚ ਕਈ ਵਾਰ ਟੈੰਪਰੇਚਰ 45 ਡਿਗਰੀ ਤੱਕ ਚਲਾ ਜਾਂਦਾ। ਇਸ ਕਰਕੇ ਕਈ ਸਟੇਸ਼ਨਾਂ ਤੇ ਬਿਜਲੀ ਦੇ ਅੱਖਰਾਂ ਨਾਲ ਲਿਖਿਆ ਹੋਇਆ ਸੀ ਕਿ ਮੁਸਾਫਰ ਆਪਣੇ ਨਾਲ ਪਾਣੀ ਦੀਆਂ ਬੋਤਲਾਂ ਰੱਖਣ। ਗੱਡੀਆਂ ਦਾ ਆਉਣਾ ਜਾਣਾ ਹੁਣ ਕੰਪਿਊਟਰਾਂ ਨਾਲ ਕੰਟਰੋਲ ਹੁੰਦਾ ਹੈ।
ਇਹ ਰੇਲ ਨੈੱਟ ਵਰਕ 6 ਜੋਨਾਂ ਵਿੱਚ ਵੰਡਿਆ ਹੋਇਆ ਹੈ। ਜੋਨ ਇੱਕ ਕੇਂਦਰੀ ਲੰਦਨ ਵਿੱਚ ਘੁੰਮਦਾ ਹੈ ਜਦੋਂ ਕਿ ਜੋਂਨ 6 ਲੰਦਨ ਦੇ ਬਾਹਰੀ ਹਿੱਸੇ ਦਵਾਲੇ ਹੀਥਰੋ ਏਅਰਪੋਰਟ ਤੱਕ ਜਾਂਦਾ ਹੈ।ਟਿਕਟਾਂ ਦੇਣ ਲਈ ਟਿਕਟ ਮਸ਼ੀਨਾਂ ਹਨ। ਕਈ ਮਸ਼ੀਨਾਂ ਵਿੱਚ ਸਿਰਫ ਸਿੱਕੇ ਹੀ ਪੈਂਦੇ ਹਨ ਜਦੋਂ ਕਿ ਕਈ ਮਸ਼ੀਨਾਂ ਨੋਟ ਵੀ ਸਵੀਕਾਰ ਕਰਦੀਆਂ ਹਨ ਤੇ ਬਾਕੀ ਬਚਦੀ ਭਾਂਨ ਮੋੜ ਦਿੰਦੀਆਂ ਹਨ। ਇਹਨਾਂ ਮਸੀਨਾਂ ਤੇ ਕਰੈਡਿਟ ਤੇ ਡੈਬਟ ਕਾਰਡ ਵੀ ਚੱਲਦੇ ਹਨ। ਅਮਰੀਕਾ ਦੀ ਤਰਜ ਤੇ ਹੁਣ ਕਈ ਮਸ਼ੀਨਾਂ ਸਿਰਫ ਕਾਰਡ ਹੀ ਲੈਂਦੀਆਂ ਹਨ। ਦੁਕਾਨਾਂ ਤੋਂ ਸਾਰੇ ਦਿਨ ਲਈ 5.50 ਪੌਂਡ ਦਾ ਸਫਰ ਕਾਰਡ ਵੀ ਮਿਲ ਜਾਂਦਾ ਹੈ। ਇਸ ਪਾਸ ਨਾਲ ਸਵੇਰ ਦੇ 9.30 ਤੋਂ ਲੈ ਕੇ ਰਾਤ ਦੀ ਆਖਰੀ ਟਰੇਂਨ ਤੱਕ ਸਾਰਾ ਦਿਨ ਸਫਰ ਕੀਤਾ ਜਾ ਸਕਦਾ ਹੈ। ਇਸ ਪਾਸ ਨਾਲ ਕਿਸੇ ਵੀ ਰੇਲ, ਟਿਊਬ ਅਤੇ ਬੱਸ ਤੇ ਸਫਰ ਕੀਤਾ ਜਾ ਸਕਦਾ ਹੈ।
ਸਟੇਸ਼ਟਨਾਂ ਤੋਂ ਬਾਹਰ ਜਾਣ ਲਈ ਆਟੋਮੈਟਿਕ ਫਾਟਕ ਲੱਗੇ ਹੁੰਦੇ ਹਨ ਜੋ ਟਰੇਵਲ ਕਾਰਡ ਪਾਉਣ ਤੇ ਹੀ ਖੁੱਲ੍ਹਦੇ ਹਨ। ਇਹ ਡੰਡਾ ਨੁਮਾਂ ਫਾਟਕ ਲੰਘਣ ਤੋਂ ਬਾਅਦ ਆਪਣੇ ਆਪ ਬੰਦ ਹੋ ਜਾਂਦੇ ਹਨ। ਜੋ ਮੁਸਾਫਰ ਕੋਲ ਟਿਕਟ ਨਾ ਹੋਵੇ ਤਾਂ ਇਹ ਫਾਟਕ ਖੁੱਲ੍ਹਦੇ ਨਹੀਂ । ਵਗੈਰ ਟਿਕਟ ਤੋਂ ਸਫਰ ਕਰਨ ਦਾ ਜੁਰਮਾਨਾਂ 50 ਪੌਂਡ ਹੈ। ਇਸ ਕਰਕੇ ਛੇਤੀ ਕੀਤਿਆਂ ਕੋਈ ਵਗੈਰ ਟਿਕਟ ਸਫਰ ਕਰਨ ਦੀ ਗਲਤੀ ਨਹੀਂ ਕਰਦਾ। ਜੁਰਮਾਂਨੇ ਤੋਂ ਇਲਾਵਾ ਸਜਾ ਵੀ ਦਿੱਤੀ ਜਾ ਸਕਦੀ ਹੈ ਤੇ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਇੱਕ ਹਜਾਰ ਪੌਂਡ ਜੁਰਮਾਨਾਂ ਤੇ ਤਿੰਨ ਮਹੀਨੇਂ ਸਜਾ ਹੋ ਸਕਦੀ ਹੈ। ਇੱਕ ਵਾਰ ਪ੍ਰਧਾਂਨ ਮੰਤਰੀ ਟੋਨੀ ਬਲੱਅਰ ਦੀ ਪਤਨੀ ਕਾਹਲੀ ਵਿੱਚ ਟਿਕਟ ਲੈਣੀ ਭੁੱਲ ਗਈ ਸੀ ਤੇ ਚੈੱਕਰ ਨੇ ਮੌਕੇ ਤੇ ਹੀ ਪੰਜਾਹ ਪੌਡ ਜੁਰਮਾਨਾਂ ਕਰਕੇ ਹੀ ਸਟੇਸ਼ਨ ਤੋਂ ਬਾਹਰ ਜਾਣ ਦਿੱਤੀ ਸੀ। ਸਾਡੇ ਦੇਸ਼ ਵਿੱਚ ਚੈਕਿੰਗ ਵਾਲਾ ਰਿਸ਼ਵਤ ਲੈ ਕਿ ਜਾਂ ਵੱਡਾ ਅਫਸਰ ਸਮਝਕੇ ਛੱਡ ਦਿੰਦਾ ਹੈ।
ਗੱਡੀਆਂ ਸਹੀ ਵਕਤ ਹੀ ਚੱਲ ਰਹੀਆਂ ਹੁੰਦੀਆਂ ਹਨ। 24 ਘੰਟੇ ਚੱਲਣ ਵਾਲੀ ਇਹ ਟਿਊਬ ਸੇਵਾ ਰਾਤੀਂ ਡੇਢ ਤੋਂ ਲੈ ਕੇ ਸਵੇਰੇ ਸਾਢੇ ਚਾਰ ਵਜੇ ਤੱਕ ਸਿਰਫ ਤਿੰਨ ਘੰਟੇ ਲਾਇਨਾਂ ਦੀ ਮੁਰੰਮਤ ਲਈ ਬੰਦ ਰਹਿੰਦੀ ਹੈ। ਇਹ ਗੋਰਿਆਂ ਦੀ ਤਕਨੀਕ ਦਾ ਕਮਾਲ ਹੈ ਕਿ ਰੇਲ ਦਾ ਡੱਬਾ ਪਲੇਟਫਰਮ ਦੇ ਨਾਲ ਦੋ ਇੰਚ ਦੀ ਦੂਰੀ ਤੋਂ ਲੰਘਦਾ ਹੈ। ਜੇ ਕਿਤੇ ਦੂਰੀ ਚੱਪੇ ਜਿੰਨੀ ਵੀ ਹੋਵੇ ਉੱਥੇ ਫਰਸ਼ ਤੇ ਲਿਖਿਆ ਹੁੰਦਾ ਹੈ ਕਿ ਆਪਣੇ ਪੈਰਾਂ ਦਾ ਧਿਆਂਨ ਰੱਖੋ। ਅੰਡਰਗਰਾਊਂਡ ਸਟੇਸ਼ਨਾਂ ਤੱਕ ਜਾਣ ਤੇ ਉੱਪਰ ਆਉਣ ਲਈ ਹਰ ਸਮੇਂ ਬਿਜਲੀ ਨਾਲ 410 ਪੌੜੀਆਂ ਤਿੰਨ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀਆਂ ਰਹਿੰਦੀਆਂ ਹਨ ਜੋ ਭੱਜਕੇ ਪੌੜੀਆਂ ਚੜ੍ਹਣ ਦੇ ਬਰਾਬਰ ਹੈ।। ਤੁਸੀਂ ਸਿਰਫ ਪੌੜੀ ਤੇ ਖੜ੍ਹਣਾ ਹੀ ਹੁੰਦਾ ਹੈ। ਹੇਠਾਂ ਉੱਤੇ ਆਉਣ ਲਿਜਾਣ ਦਾ ਕੰਮ ਪੌੜੀਆਂ ਆਪੇ ਕਰਦੀਆਂ ਹਨ। ਕਈ ਸਟੇਸ਼ਨ ਇੰਨੇ ਡੂੰਘੇ ਹਨ ਕਿ ਹੇਠਾਂ ਜਾਣ ਤੱਕ 193 ਪੌੜੀਆਂ ਹਨ। ਪਰ ਕਈ ਥਾਈਂ ਇਹ ਡੁੰਘਾਈ ਨਲਕੇ ਜਿੰਨੀ ਹੀ ਹੁੰਦੀ ਹੈ।ਮੁੱਖ ਸਟੇਸ਼ਨਾਂ ਉੱਤੇ ਬਿਜਲਈ ਪੌੜੀਆਂ ਦੇ ਨਾਲ ਲਿਫਟਾਂ ਵੀ ਲੱਗੀਆਂ ਹਨ। ਇਸ ਟਿਊਬ ਦੀ ਇਹ ਕਮਾਲ ਹੈ ਕਿ ਹਾਦਸਾ ਹੋਣ ਦੀ ਸੰਭਾਵਨਾਂ ਨਾਂਮਾਤਰ ਹੀ ਹੈ। ਇਕ ਵਾਰ ਮੈਂ ਲੰਦਨ ਤੋਂ ਕੈਂਟ ਵੱਲ ਜਾਂਦਿਆਂ ਧਰਤੀ ੳੱਤੇ ਬਰਾਬਰੋਂ ਲੰਘ ਰਹੀਆਂ ਅੱਠ ਗੱਡੀਆ ਦੀ ਗਿਣਤੀ ਕੀਤੀ ਸੀ। ਇਹ ਸਾਰੀਆਂ ਸੌ ਦੀ ਸਪੀਡ ਤੇ ਆ ਜਾ ਰਹੀਆਂ ਸਨ। ਮੈਂ ਹੈਰਾਂਨ ਹੋ ਰਿਹਾ ਸੀ ਕਿ ਇਹ ਲਾਇਨਾਂ ਕਿੰਝ ਬਦਲ ਰਹੀਆਂ ਹਨ ? ਸਾਡੇ ਤਾਂ ਦੋ ਗੱਡੀਆਂ ਨੂੰ ਕਰਾਸ ਕਰਾਉਣ ਲੱਗੇ ਹੀ ਕਈ ਵਾਰ ਕਾਂਟਾ ਬਦਲਣਾ ਭੁੱਲ ਜਾਂਦੇ ਹਨ ਤੇ ਡੇਢ ਦੋ ਸੌ ਮੁਸਾਫਰ ਆਲੂਆਂ ਦੀ ਬੋਰੀ ਵਾਂਗੂੰ ਖਿੱਲਰਕੇ ਲਾਸ਼ਾਂ ਬਣ ਜਾਂਦੇ ਹਨ। ਕਦੀ ਕੋਈ ਅਧਿਕਾਰੀ ਜੇ਼ਲ੍ਹ ਕੱਟਦਾ ਨਹੀਂ ਵੇਖਿਆ। ਇਸੇ ਕਰਕੇ ਲਿਖਿਆ ਹੁੰਦਾ ਹੈ,ਸਵਾਰੀ ਆਪਣੇ ਸਮਾਂਨ (ਸਫਰ) ਦੀ ਖੁਦ ਜਿੰਮੇਵਾਰ ਹੈ। ਲੰਦਨ ਟਿਊਬ ਵਿੱਚ ਸਫਰ ਦੀ ਸਰਕਾਰ ਜਿੰਮੇਂਵਾਰ ਹੈ।
ਬ੍ਰਿਟਸ਼ ਰੇਲ ਅਤੇ ਟਿਊਬ ਜੋ ਅੱਧੀ ਧਰਤੀ ਦੇ ਉੱਪਰ ਅਤੇ ਅੱਧੀ ਭੂਮੀਂਗਤ ਚੱਲਦੀ ਹੈ,ਤੇ ਸਫਰ ਕਰਕੇ ਅੱਸ਼ ਅੱਸ਼ ਕਰ ਉੱਠੀਦਾ ਹੈ। ਹਰ ਡੱਬੇ ਦਾ ਬੂਹਾ ਸਟੇਸ਼ਨ ਤੇ ਆਪਣੇ ਆਪ ਖੁੱਲ੍ਹਦਾ ਹੈ ਅਤੇ ਗੱਡੀ ਚੱਲਣ ਤੋਂ ਕੁੱਝ ਸੈਕਿੰਡ ਪਹਿਲਾਂ ਆਪਣੇ ਆਪ ਬੰਦ ਹੋ ਜਾਂਦਾ ਹੈ। ਰੇਲ ਦੇ ਹਰ ਡੱਬੇ ਦੇ ਦੋਨੋਂ ਪਾਸੀਂ ਸਾਰੇ ਰੇਲ ਸਫਰ ਦਾ ਨਕਸ਼ਾ ਵਾਹਿਆ ਹੁੰਦਾ ਅਤੇ ਸਾਰੀ ਜਾਣਕਾਰੀ ਲਿਖੀ ਹੋਈ ਬਿਜਲੀ ਨਾਲ ਚਮਕਦੇ ਅੱਖਰਾਂ ਤੇ ਚੱਲਦੀ ਰਹਿੰਦੀ ਹੈ ਜਿਸ ਵਿੱਚ ਦੱਸਿਆ ਹੁੰਦਾ ਕਿ ਇਹ ਰੇਲ ਚੈਰੀਕਰਾਸਿੰਗ ਸਟੇਸ਼ਨ ਤੋਂ ਕੁਈਨਜ ਪਾਰਕ ਸਟੇਸ਼ਨ ਜਾ ਰਹੀ ਹੈ ਅਤੇ ਅਗਲਾ ਸਟੇਸ਼ਨ ਕੋਟਫੱਤਾ ਹੈ। ਨਾਲ ਨਾਲ ਕਿਸੇ ਮੇਂਮ ਦੀ ਅਵਾਜ ਵੀ ਬੋਲਕੇ ਦੱਸਦੀ ਰਹਿੰਦੀ ਹੈ। ਜਿਉਂ ਹੀ ਸਟੇਸ਼ਨ ਤੇ ਰੇਲ ਰੁਕਦੀ ਹੈ ਸਟੇਸ਼ਨ ਦਾ ਨਾਂਮ ਚਮਕਦਾ ਹੈ ਅਤੇ ਹਲਕੀ ਜਿਹੀ ਘੰਟੀ ਨਾਲ ਆਵਾਜ ਆਉਂਦੀ ਹੈ ਕਿ ‘ਸਟੇਸ਼ਨ ਆ ਗਿਆ ਹੈ’। ਇੰਜ ਕਿਸੇ ਵੀ ਮੁਸਾਫਰ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ। ਸਾਰੀਆਂ ਸੀਟਾਂ ਸਾਡੇ ਪਹਿਲੇ ਦਰਜੇ ਦੇ ਡੱਬਿਆਂ ਵਰਗੀਆਂ ਹੁੰਦੀਆਂ ਹਨ।
ਇੱਕ ਦਿਨ ਮੈਂ ਇਸ ਟਿਊਬ ਰਾਹੀਂ ਕਨੇਰੀ ਗਿਆ। ਇਹ ਲਾਇਨ ਬਹੁਤ ਡੂੰਘੀ ਸੀ।ਉੱਪਰ ਆਉਂਦਿਆਂ ਮੈਂ ਹੇਠਾਂ ਖੁਹ ਜਿੰਨੇ ਡੂੰਘੇ ਸਟੇਸ਼ਨ ਤੇ ਨਿਗਾਹ ਮਾਰਕੇ ਕਿਹਾ ਕਿ ਇਹ ਲਾਇਨ ਤਾਂ ਪਤਾਲ ‘ਚੋਂ ਲੰਘਦੀ ਆਈ ਹੈ। ਉਸ ਦਿਨ ਮੇਰੇ ਨਾਲ ਮੇਰੇ ਗਵਾਂਢੀ ਪਿੰਡ ਤੋਂ ਅਮਰੀਕ ਸਿੰਘ ਸੀ। ਉਹ ਮੈਨੂੰ ਕਹਿਣ ਲੱਗਾ ਕਿ ਇਹ ਕੋਈ ਇੱਕ ਕਿਲੋਮੀਟਰ ਥੇਂਮਜ ਦਰਿਆ ਹੇਠਾਂ ਸੁਰੰਗ ਵਿੱਚ ਚੱਲੀ ਹੈ। ਮੈਂ ਜਦੋਂ ਅਮਰੀਕ ਸਿੰਘ ਨੂੰ ਪੁਛਿਆ ਕਿ ਜੇ ਪਾਣੀ ਲੀਕ ਕਰ ਜਾਂਦਾ ਸਾਰੀ ਸੁਰੰਗ ਭਰ ਜਾਣੀ ਸੀ। ਆਪਾਂ ਬੋਕ ਦੇ ਸਿੰਗਾਂ ਨੂੰ ਕਿਉਂ ਹੱਥ ਪਾਇਆ ਬੱਸ ਤੇ ਆ ਜਾਂਦੇ। 1962 ਤੋਂ ਇੰਗਲੈਂਡ ਰਹਿੰਦਾ ਅਮਰੀਕ ਸਿੰਘ ਮੈਨੂੰ ਦੱਸਣ ਲੱਗਾ ਕਿ “ਅੰਗਰੇਜਾਂ ਨੂੰ ਦਰਿਆ ਕੁੱਝ ਨਹੀਂ ਕਹਿੰਦੇ। ਇਹ ਤਾਂ ਸਮੁੰਦਰਾਂ ਥੱਲੇ ਰੇਲਾਂ ਚਲਾ ਦਿੰਦੇ ਹਨ। ਲੰਦਨ ਦੇ ਵਿਚਕਾਰੋਂ ਲੰਘਦੇ ਥੇਂਮਜ ਦਰਿਆ ਹੇਠਾਂ ਇਨ੍ਹਾਂ ਨੇ ਬੱਸਾਂ,ਰੇਲਾਂ ਤੇ ਟਿਊਬਾਂ ਲੰਘਾਉਣ ਲਈ ਅਜਿਹੀਆਂ ਦਰਜਨ ਸੁਰੰਗਾਂ ਕੱਢੀਆਂ ਹੋਈਆਂ ਹਨ।” ਮੈਨੂੰ ਬਠਿੰਡੇ ਦਾ ਸੀਵਰੇਜ ਯਾਦ ਆ ਗਿਆ ਜੋ ਚਾਰ ਦਹਾਕਿਆਂ ਤੋਂ ਠੀਕ ਨਹੀਂ ਹੋ ਸਕਿਆ। ਜੇ ਇੱਕ ਪਾਸੇ ਠੀਕ ਹੁੰਦਾ ਹੈ ਤਾਂ ਦੂਜੇ ਪਾਸੇ ਸੜਕ ਪੁੱਟ ਲੈਂਦੇ ਹਨ। ਸਾਰੇ ਚੂਹੇ ਦੀ ਤਰਾਂ ਸਰਕਾਰੀ ਖਜਾਂਨੇ ਨੂੰ ਕੁਤਰ ਰਹੇ ਹਨ। ਅਮਰੀਕ ਸਿੰਘ ਮੈਨੂੰ ਦੱਸਣ ਲੱਗਾ ਕਿ “ਗੋਰਿਆਂ ਦੇ ਮਜਦੁਰ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਸੱਭ ਜਾਂਨ ਤੋੜਕੇ ਕੰਮ ਕਰਦੇ ਹਨ। ਆਪਣੇ ਕਿਸੇ ਵਿਰਲੇ ਟਾਂਵੇਂ ਨੂੰ ਛੱਡਕੇ, ਮਜਦੂਰ ਤੋਂ ਲੈ ਕੇ ਮਨਿਸਟਰ ਤੱਕ ਸਾਰੇ ਚੋਰ ਹਨ। ਗੋਰਿਆਂ ਦਾ ਬਣਾਇਆ ਬਠਿੰਡੇ ਵਾਲਾ ਰੇਲ ਪੁਲ ਅੱਜ ਤੱਕ ਨਹੀਂ ਜਰਕਿਆ। ਬਠਿੰਡੇ ਦਾ ਸੀਵਰੇਜ ਜੇ ਗੋਰਿਆਂ ਨੇ ਪਾਉਣਾ ਹੁੰਦਾ ਤਾਂ ਮਹੀਨਿਆਂ ਵਿੱਚ ਹੀ ਕਮਾਲ ਕਰਕੇ ਦਿਖਾ ਦਿੰਦੇ। ਮੀਂਹ ਸ਼ਹਿਰ ‘ਤੇ ਪੈਂਦਾ ਤੇ ਸੀਵਰੇਜ ਦਾ ਪਾਣੀ ਸੰਗਤ ਕੋਲੇ ਸੇਂਮ ਨਾਲੇ ਵਿੱਚ ਵਗਦਾ ਨਜਰ ਆਉਣਾ ਸੀ।ਲੋਕਾਂ ਨੇ ਇਸਨੂੰ ਜਾਦੂ ਜਾਂ ਕਰਾਮਾਤ ਸਮਝਕੇ ਪੂਜਣ ਲੱਗ ਪੈਣਾ ਸੀ।”