ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਨੇ ਕੰਪਿਊਟਰ ਨੈਟਵਰਕ ਨੂੰ ਸਾਈਬਰ ਅਪਰਾਧਾਂ ਤੋਂ ਬਚਾਉਣ ਲਈ ਯੋਜਨਾ ਦਾ ਐਲਾਨ ਕੀਤਾ ਹੈ। ਓਬਾਮਾ ਨੇ ਕਿਹਾ ਕਿ ਅਮਰੀਕਾ ਦੇ ਵਾਈਟ ਹਾਊਸ ਵਿਚ ਸਾਈਬਰ ਸਕਿਓਰਟੀ ਦਾ ਦਫਤਰ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਅਮਰੀਕਾ ਦੇ ਡਿਜ਼ੀਟਲ ਬੁਨਿਆਦੀ ਢਾਂਚੇ ਨੂੰ ਰਾਸ਼ਟਰੀ ਰਣਨੀਤਕ ਸੰਪਤੀ ਐਲਾਨਿਆ।
ਅਮਰੀਕਾ ਵਿਚ ਪਿੱਛਲੇ ਕੁਝ ਸਾਲਾਂ ਤੋਂ ਸੈਨਾ ਦੇ ਕੁਝ ਵਿਭਾਗਾਂ ਅਤੇ ਸਰਕਾਰੀ ਸੰਸਥਾਵਾਂ ਵਲੋਂ ਇਹ ਸਿ਼ਕਾਇਤਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਦੇ ਨੈਟਵਰਕ ਨਾਲ ਛੇੜਛਾੜ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਓਬਾਮਾ ਨੇ ਕਿਹਾ ਕਿ ਅਮਰੀਕਾ ਦੇ ਡਿਜ਼ੀਟਲ ਢਾਂਚੇ , ਨੈਟਵਰਕ ਅਤੇ ਕੰਪਿਊਟਰਾਂ ਨੂੰ ਸੁਰੱਖਿਅਤ ਰੱਖਣ ਲਈ ਰਾਸ਼ਟਰੀ ਸੁਰੱਖਿਆ ਦੇ ਹਿਸਾਬ ਨਾਲ ਪਹਿਲ ਦਿਤੀ ਜਾਵੇਗੀ। ਇਸ ਨੈਟਵਰਕ ਨੂੰ ਸੁਰੱਖਿਅਤ ਰੱਖਣ ਦੀ ਪੂਰੀ ਕੋਸਿ਼ਸ਼ ਕੀਤੀ ਜਾਵੇਗੀ ਕਿ ਜੇ ਹੈਕਿੰਗ ਹੁੰਦੀ ਵੀ ਹੈ ਤਾਂ ਉਸ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਤਵਾਦੀ ਕਾਰਵਾਈ ਨੂੰ ਕਰਨ ਲਈ ਹੁਣ ਸਿਰਫ ਕੰਪਿਊਟਰ ਨੂੰ ਕਲਿਕ ਹੀ ਕਰਨਾ ਪੈਂਦਾ ਹੈ ਅਤੇ ਇਸ ਨੂੰ ਵਿਨਾਸ਼ਕਾਰੀ ਹੱਥਿਆਰ ਨਾਲ ਸੰਬੋਧਤ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਤਕਨੀਕ ਸਾਡੇ ਹੱਥ ਮਜ਼ਬੂਤ ਕਰਦੀ ਹੈ, ਉਹ ਤਬਾਹੀ ਵੀ ਲਿਆ ਸਕਦੀ ਹੈ।
ਸਾਈਬਰ ਸੁਰੱਖਿਆ ਦੀ ਇਸ ਯੋਜਨਾ ਦੇ ਤਹਿਤ ਕਈ ਮਿਲੀਅਨ ਡਾਲਰਜ਼ ਲਗਾਏ ਜਾਣਗੇ। ਓਬਾਮਾ ਨੇ ਕਿਹਾ ਕਿ ਇਸ ਯੋਜਨਾ ਨਾਲ ਆਮ ਨਾਗਰਿਕਾਂ ਨੂੰ ਵੀ ਫਾਇਦਾ ਹੋਵੇਗਾ। ਲਖਾਂ ਲੋਕ ਸਾਈਬਰ ਅਪਰਾਧਾਂ ਦਾ ਸਿ਼ਕਾਰ ਹੁੰਦੇ ਹਨ। ਪਿੱਛਲੇ ਦੋ ਸਾਲਾਂ ਵਿਚ ਸਾਈਬਰ ਅਪਰਾਧਾਂ ਨਾਲ ਅਮਰੀਕੀਆਂ ਨੂੰ 8 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।