ਚੰਡੀਗੜ੍ਹ :- “ਬਾਹਰਲੇ ਮੁਲਕਾਂ ਆਸਟ੍ਰੇਲੀਆ ਆਦਿ ਵਿੱਚ ਪੰਜਾਬੀ ਅਤੇ ਸਿੱਖ ਵਿਦਿਆਰਥੀਆਂ ਉੱਤੇ ਨਸਲੀ ਹਮਲੇ ਇਸ ਲਈ ਹੋ ਰਹੇ ਹਨ ਕਿ ਉਹ ਆਪਣੇ ਸਿੱਖੀ ਸਰੂਪ ਨੂੰ ਪੂਰਨ ਤੌਰ ‘ਤੇ ਅਲਵਿਦਾ ਕਹਿ ਗਏ ਹਨ। ਜੇਕਰ ਸਿੱਖ ਵਿਦਿਆਰਥੀ ਆਪਣੀਆਂ ਦਸਤਾਰਾਂ, ਕੇਸ ਰੱਖ ਕੇ ਅਤੇ ਪੰਜੇ ਕਰਾਰਾਂ ਨੂੰ ਪਹਿਣ ਕੇ ਵਿਚਰਨ ਤਾਂ ਸਿੱਖਾਂ ਨੂੰ ਤਾਂ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਤੇ ਉੱਥੇ ਵਿਚਰਨ ਵਾਲੀਆਂ ਕੌਮਾਂ ਕੁਝ ਨਹੀਂ ਕਹਿੰਦੀਆਂ। ਕਿਉਂਕਿ ਉਹਨਾਂ ਨੂੰ ਸਿੱਖ ਕੌਮ ਦੀ ਸਰਬੱਤ ਦੇ ਭਲੇ ਵਾਲੀ ਸੋਚ ਅਤੇ ਮਨੁੱਖਤਾ ਦੀ ਸੇਵਾ ਕਰਨ ਦੇ ਸਿੱਖੀ ਮਿਸ਼ਨ ਦੀ ਭਰਪੂਰ ਜਾਣਕਾਰੀ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਸਟ੍ਰੇਲੀਆ ਵਿੱਚ ਹੋ ਰਹੇ ਨਸਲੀ ਹਮਲਿਆਂ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਆਸਟ੍ਰੇਲੀਆ ਦੇ ਵਜ਼ੀਰ ਏ ਆਜਿ਼ਮ ਸ਼੍ਰੀ ਕੈਵਿਨ ਰੱਡ ਨੂੰ ਪੰਜਾਬੀ ਅਤੇ ਸਿੱਖ ਵਿਦਿਆਰਥੀਆਂ ਦੇ ਜਾਨ ਮਾਲ ਦੀ ਹਿਫਾਜਿ਼ਤ ਕਰਨ ਦੀ ਇੱਕ ਸੰਜੀਦਾ ਅਪੀਲ ਕਰਦੇ ਹੋਏ ਕੌਮਾਂਤਰੀ ਨੀਤੀ ਬਿਆਨ ਵਿੱਚ ਪ੍ਰਗਟਾਏ। ਉਹਨਾਂ ਕਿਹਾ ਕਿ ਬਾਹਰਲੇ ਮੁਲਕਾਂ ਦੀ ਕੋਈ ਵੀ ਸਰਕਾਰ ਸਿੱਖ ਕੌਮ ਉੱਤੇ ਨਸਲੀ ਹਮਲੇ ਹੋਣ ਦੇਣ ਦੇ ਹੱਕ ਵਿੱਚ ਨਹੀਂ ਹੈ। ਇਹ ਤਾਂ ਸਾਡੇ ਸੱਤਾ ਉੱਤੇ ਕਾਬਿਜ਼ ਅਤੇ ਧਾਰਮਿਕ ਸੰਸਥਾ ਐਸ ਜੀ ਪੀ ਸੀ ਉੱਤੇ ਕਾਬਿਜ਼ ਲੋਕਾਂ ਦਾ ਕੌਮੀ ਦੋਸ਼ ਹੈ ਕਿ ਉਹ ਸਿੱਖ ਬੱਚਿਆਂ ਨੂੰ ਮੁੱਢ ਤੋਂ ਹੀ ਇਤਿਹਾਸ ਦੀ ਜਾਣਕਾਰੀ ਤੋਂ ਕੋਰੇ ਰੱਖ ਕੇ ਕਲੀਨ ਸੇਵਨ ਬਣਨ, ਟੋਪੀਆਂ ਪਹਿਨਣ, ਕੰਨਾਂ ‘ਚ ਮੁੰਦਰਾ ਪਾਉਣ, ਛੋਟੀ ਉਮਰ ਵਿੱਚ ਹੀ ਨਸਿ਼ਆਂ ਦੇ ਸੇਵਨ ਦੇ ਰੁਝਾਨ ਵੱਲ ਤੋਰਨ ਦੇ ਖੁਦ ਭਾਗੀ ਬਣ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਸਮੇਂ ਅਤੇ ਅਜੋਕੇ ਸਮੇਂ ਵਿੱਚ ਇੱਕ ਵੱਡਾ ਫਰਕ ਆ ਗਿਆ ਹੈ ਕਿ ਪਹਿਲਾ “ਗੁਰਸਿੱਖ ਜਾਂ ਨਿਹੰਗ” ਨੂੰ ਵੇਖ ਕੇ ਹਿੰਦੂਆਣੀਆ ਪੁਕਾਰਦੀਆਂ ਹੁੰਦੀਆ ਸਨ ਕਿ “ਆ ਗਏ ਨਿਹੰਗ ਬੂਹੇ ਖੋਲ੍ਹਦੋ ਨਿਸੰਗ” ਇਸੇ ਤਰ੍ਹਾ ਜਦੋਂ ਧਾੜਵੀਂ ਹਿੰਦੂ ਬਹੁ-ਬੇਟੀਆਂ ਨੂੰ ਜ਼ਬਰੀ ਚੁੱਕ ਕੇ ਲਿਜਾਂਦੇ ਸਨ ਤਾਂ ਸਿੱਖੀ ਸਰੂਪ ਨੂੰ ਵੇਖ ਕੇ ਪੁਕਾਰਿਆ ਜਾਂਦਾ ਸੀ ਕਿ “ਬਚਾਈ ਵੇ ਭਾਈ ਕੱਛ ਵਾਲਿਆ ਮੇਰੀ ਧੀ ਬਸਰੇ ਨੂੰ ਗਈ”। ਉਸ ਸਮੇਂ ਸਿੰਘਾਂ ਨੂੰ ਹਰ ਕੋਈ ਆਪਣਾ ਰਖਵਾਲਾ ਵੀ ਸਮਝਦਾ ਸੀ ਅਤੇ ਦੁਸ਼ਮਣ ਨੂੰ ਸਿੰਘਾਂ ਤੋਂ ਵੱਡਾ ਭੈਅ ਵੀ ਹੁੰਦਾ ਸੀ। ਪਰ ਦੁੱਖ ਅਤੇ ਅਫਸੋਸ ਹੈ ਕਿ ਅੱਜ ਐਸ ਜੀ ਪੀ ਸੀ ਅਤੇ ਪੰਜਾਬ ਸਰਕਾਰ ਉੱਤੇ ਕਾਬਿਜ਼ ਅਖੌਤੀ ਆਗੂਆਂ ਦੀਆਂ ਖੁਦਗਰਜ਼ੀਆਂ ਸਦਕਾ ਸਿੱਖ ਕੌਮ ਦੀ ਪੁਰਾਣੀ ਪਹਿਚਾਣ ਧੁੰਦਲੀ ਹੁੰਦੀ ਜਾ ਰਹੀ ਹੈ ਕਿਉਂਕਿ ਸਿੱਖ ਨੌਜਵਾਨੀ ਆਪਣਾ ਅਸਲ ਸਿੱਖੀ ਸਰੂਪ ਤੇ ਉਚੇ ਸੁੱਚੇ ਇਖਲਾਕ ਨੂੰ ਕਾਇਮ ਰੱਖਣ ਤੋਂ ਤੇਜ਼ੀ ਨਾਲ ਮੂੰਹ ਮੋੜਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹੀ ਮੁੱਖ ਕਾਰਨ ਹੈ ਕਿ ਅੱਜ ਸਿੱਖਾਂ ਉੱਤੇ ਵੀ ਨਸਲੀ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਉਹਨਾਂ ਦਾਅਵਾ ਕਰਦੇ ਹੋਏ ਕਿਹਾ ਕਿ ਜੇਕਰ ਸਿੱਖ ਬੱਚੇ, ਵਿਦਿਆਰਥੀ ਵਿਦੇਸ਼ਾਂ ਵਿੱਚ ਵਿਚਰਦੇ ਹੋਏ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖ ਸਕਣ ਤਾਂ ਉਹਨਾਂ ਉੱਤੇ ਕਦੀ ਵੀ ਨਸਲੀ ਹਮਲੇ ਕਰਨ ਦੀ ਕੋਈ ਗੁਸਤਾਖੀ ਨਹੀਂ ਕਰ ਸਕੇਗਾ। ਸ: ਮਾਨ ਨੇ ਪੰਜਾਬੀ ਅਤੇ ਸਿੱਖ ਨੌਜਵਾਨਾਂ ਵੱਲੋਂ ਆਪਣੇ ਆਪ ਨੂੰ ਹਿੰਦੂ ਪਹਿਚਾਣ ਵਿੱਚ ਬਦਲਣ ਦੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ, ਸੱਭਿਆਚਾਰ, ਵਿਰਸੇ ਅਤੇ ਇਤਿਹਾਸਿਕ ਰਵਾਇਤਾਂ ਨੂੰ ਕਾਇਮ ਰੱਖ ਕੇ ਵਿਚਰਨਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਵੱਲ ਕੋਈ ਵੀ ਬੁਰੀ ਨਜ਼ਰ ਨਾਲ ਨਾ ਤੱਕ ਸਕੇ।
ਸ: ਮਾਨ ਨੇ ਇਸ ਗੱਲ ਤੇ ਹੈਰਾਨੀ ਪ੍ਰਗਟ ਕੀਤੀ ਕਿ ਅੱਜ ਸੁਖਬੀਰ ਬਾਦਲ ਅਤੇ ਐਸ ਜੀ ਪੀ ਸੀ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਮੱਕੜ੍ਹ ਦੋਵਾਂ ਦੇ ਬਿਆਨ ਆਏ ਹਨ ਕਿ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਲਈ ਪੰਜਾਬ ਵਿੱਚ ਅਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਸਖਤੀ ਵਰਤੀ ਜਾਵੇਗੀ ਅਤੇ ਟਾਸਕ ਫੋਰਸ ਲਾਈ ਜਾਵੇਗੀ। ਸ: ਮਾਨ ਨੇ ਕਿਹਾ ਕਿ ਨਾ ਤਾਂ ਪੰਜਾਬ ਦੀ ਹਕੂਮਤ ਕਿਸੇ ਮਿਸ਼ਨ ਦੀ ਪ੍ਰਾਪਤੀ ਲਈ ਜਾਂ ਸਮਾਜ ਵਿੱਚ ਸੁਧਾਰ ਲਿਆਉਣ ਲਈ ਕੋਈ ਜੰਗ ਲੜ ਰਹੀ ਹੈ ਅਤੇ ਨਾ ਹੀ ਐਸ ਜੀ ਪੀ ਸੀ ਸਿੱਖ ਧਰਮ ਵਿੱਚ ਉਤਪੰਨ ਹੋ ਚੁੱਕੀਆਂ ਗਿਰਾਵਟਾਂ ਵਿੱਚ ਕੋਈ ਸੁਧਾਰ ਕਰਨ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਕੋਈ ਅਮਲੀ ਕਾਰਵਾਈ ਕਰ ਰਹੀ ਹੈ। ਫਿਰ ਦਰਬਾਰ ਸਾਹਿਬ ਸਮੂਹ ਵਿੱਚ ਤਾਂ ਇਹਨਾਂ ਦੇ ਭਾਈਵਾਲ ਜਮਾਤ ਬੀ ਜੇ ਪੀ, ਆਰ ਐਸ ਐਸ ਅਤੇ ਹੋਰ ਫਿਰਕੂ ਸੰਗਠਨਾਂ ਵੱਲੋਂ ਨਿੱਤ ਦਿਹਾੜੇ ਕੋਈ ਨਾ ਕੋਈ ਮਰਿਯਾਦਾ ਨੂੰ ਭੰਗ ਕਰਨ ਵਾਲੀਆਂ ਕਾਰਵਾਈਆਂ ਕਰ ਰਹੀਆਂ ਹਨ। ਲੇਕਿਨ ਸਿੱਖਾਂ ਅਤੇ ਪੰਜਾਬੀਆਂ ਵੱਲੋਂ ਤਾਂ ਕੋਈ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਕਾਰਵਾਈ ਨਹੀਂ ਹੋ ਰਹੀ ਫਿਰ ਪੰਜਾਬ ਵਿੱਚ ਅਤੇ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚ ਸਖਤੀ ਵਰਤਣ ਦੀ ਦੁਹਾਈ ਕਿਸ ਲਈ ਦਿੱਤੀ ਜਾ ਰਹੀ ਹੈ? ਕੀ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਤੇ ਸੇਵਕਾਂ ਉੱਤੇ ਕੋਈ ਸਖਤੀ ਕਰਕੇ ਸਿੱਖ ਕੌਮ ਦੀ ਤੌਹੀਨ ਕਰਨ ਦੀ ਕਾਰਵਾਈ ਕਰਨਗੇ? ਕੀ ਸਿੱਖਾਂ ਉੱਤੇ ਹਮਲੇ ਕਰਨ ਵਾਲੇ ਡੇਰੇਦਾਰ ਅਤੇ ਗੁਰੂਡੰਮ ਦੀਆਂ ਦੁਕਾਨਾਂ ਚਲਾਉਣ ਵਾਲੇ ਜੋ ਮਾਹੌਲ ਨੂੰ ਗੰਧਲਾ ਕਰ ਰਹੇ ਹਨ, ਉਹਨਾਂ ਉੱਤੇ ਸਖਤੀ ਨਾ ਵਰਤ ਕੇ ਅਤੇ ਸਿੱਖ ਮਰਿਯਾਦਾਵਾਂ ਦਾ ਪਾਲਣ ਨਾ ਕਰਕੇ ਸ: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਸ਼੍ਰੀ ਅਤਵਾਰ ਸਿੰਘ ਮੱਕੜ੍ਹ ਅਤੇ ਜਥੇਦਾਰ ਸਾਹਿਬਾਨ ਆਪਣੀਆਂ ਜਿ਼ੰਮੇਵਾਰੀਆਂ ਤੋਂ ਕਿਉਂ ਭੱਜ ਰਹੇ ਹਨ?