ਭਾਰਤੀ ਜਨਤਾ ਪਾਰਟੀ ਦੀ ਸੰਸਦੀ ਦਲ ਦੀ ਮੀਟਿੰਗ ਵਿਚ ਲਾਲ ਕ੍ਰਿਸ਼ਨ ਅਡਵਾਨੀ ਨੂੰ ਲੋਕਸਭਾ ਵਿਚ ਪਾਰਟੀ ਦਾ ਲੀਡਰ ਚੁਣ ਲਿਆ ਗਿਆ ਹੈ। ਅਡਵਾਨੀ ਪਿਛਲੀ ਲੋਕਸਭਾ ਵਿਚ ਵੀ ਵਿਰੋਧੀ ਧਿਰ ਦੇ ਲੀਡਰ ਸਨ।
ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੈ ਕਿ ਅਡਵਾਨੀ ਅਗਲੇ ਪੰਜਾਂ ਸਾਲਾਂ ਲਈ ਇਸ ਅਹੁਦੇ ‘ਤੇ ਰਹਿਣਗੇ ਜਾਂ ਨਹੀਂ। ਅਡਵਾਨੀ ਨੇ ਇਸ ਮੌਕੇ ਪਾਰਟੀ ਦੇ ਲੀਡਰਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਕਾਂਗਰਸ ਇਹ ਸਮਝਣ ਦੀ ਗਲਤੀ ਨਾ ਕਰੇ ਕਿ ਇਹ ਲੋਕਾਂ ਦੀ ਹਿਮਾਇਤ ਯੂਪੀਏ ਸਰਕਾਰ ਦੇ ਪਿਛਲੇ ਪੰਜਾਂ ਸਾਲਾਂ ਦੇ ਪ੍ਰਦਰਸ਼ਨ ਨੂੰ ਮਿਲੀ ਹੈ। ਵਿਰੋਧੀ ਪਾਰਟੀ ਦੇ ਲੀਡਰ ਦਾ ਕਹਿਣਾ ਸੀ ਕਿ ਜਨਤਾ ਨੇ “ਸਥਾਈਕਰਨ ਅਤੇ ਦੋ ਧੁਰੀ ਸਿਆਸਤ ਦੀ ਚਾਹਤ ਵਿਚ ਅਜਿਹੀ ਵੋਟ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਭਾਰਤ ਦੀ ਸਿਆਸਤ ਦਾ ਦੂਜਾ ਧੁਰ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਫਤਵਾ ਤੀਜੇ ਮੋਰਚੇ ਦੇ ਖਿਲਾਫ਼ ਹੈ ਜਿਸਦਾ ਫਾਇਦਾ ਕਾਂਗਰਸ ਨੂੰ ਹੋਇਆ ਹੈ। ਅਡਵਾਨੀ ਨੇ ਆਸ ਪ੍ਰਗਟਾਈ ਹੈ ਕਿ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ “ਜਿ਼ੰਮੇਵਾਰ ਸਰਕਾਰ” ਦੀ ਭੂਮਿਕਾ ਨਿਭਾਏਗੀ ਅਤੇ ਲੋਕਾਂ ਦੀਆਂ ਆਸਾਂ ‘ਤੇ ਖਰੀ ਉਤਰੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਬੀਜੇਪੀ ਸਕਾਰਾਤਮਕ ਵਿਰੋਧੀ ਦੀ ਭੂਮਿਕਾ ਨਿਭਾਏਗੀ। ਇਸਤੋਂ ਬਾਅਦ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਲੀਡਰ ਅਡਵਾਨੀ ਆਉਣ ਵਾਲੇ ਦਿਨਾਂ ਵਿਚ ਰਾਜਸਭਾ ਵਿਚ ਪਾਰਟੀ ਦੇ ਲੀਡਰ ਅਤੇ ਦੋਵੇਂ ਸਦਨਾਂ ਵਿਚ ਪਾਰਟੀ ਦੇ ਉਪਨੇਤਾ ਅਤੇ ਵਿਹਿਪ ਦੀ ਚੋਣ ਕਰਨਗੇ। ਇੰਨਾ ਹੀ ਨਹੀਂ ਸੰਸਦੀ ਕਾਰਜ ਕਾਰਣੀ ਕਮੇਟੀ ਬਨਾਉਣ ਦਾ ਅਧਿਕਾਰ ਵੀ ਵਿਰੋਧੀ ਧਿਰ ਦੇ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਿੱਤਾ ਗਿਆ ਹੈ।
ਅਡਵਾਨੀ ਨੂੰ ਲੋਕਸਭਾ ਵਿਚ ਪਾਰਟੀ ਦਾ ਲੀਡਰ ਬਨਾਉਣ ਦਾ ਮਤਾ ਜਸਵੰਤ ਸਿੰਘ ਨੇ ਰੱਖਿਆ ਜਿਸਦੀ ਮੁਰਲੀ ਮਨੋਹਰ ਜੋਸ਼ੀ ਅਤੇ ਸੁਸ਼ਮਾ ਸਵਰਾਜ ਨੇ ਹਿਮਾਇਤ ਕੀਤੀ। ਹਾਲਾਂਕਿ ਅਡਵਾਨੀ ਨੇ ਪਹਿਲਾਂ ਇਹ ਜਿ਼ੰਮੇਵਾਰੀ ਲੈਣ ਤੋਂ ਇਨਕਾਰਕਰ ਦਿੱਤਾ ਸੀ ਪਰ ਬਾਅਦ ਵਿਚ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਇਹ ਜਿ਼ੰਮੇਵਾਰੀ ਲੈਣ ਲਈ ਮਨਾਇਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅਜੇ ਇਸ ਬਾਰੇ ਸਪਸ਼ਟ ਤੌਰ ‘ਤੇ ਕੋਈ ਕੁਝ ਨਹੀਂ ਕਹਿ ਰਿਹਾ ਕਿ ਅਡਵਾਨੀ ਅਗਲੇ ਪੰਜ ਸਾਲ ਇਸ ਅਹੁਦੇ ‘ਤੇ ਰਹਿਣਗੇ ਜਾਂ ਨਹੀਂ