ਮੁੰਬਈ- ਵਧਦੇ ਪ੍ਰਦੂਸ਼ਣ ਅਤੇ ਹੋਰਨਾਂ ਕਾਰ ਵਿਹਾਰਾਂ ਕਰਕੇ ਪੂਰੀ ਦੁਨੀਆਂ ਦੇ ਵਾਤਾਵਰਣ ਵਿਚ ਲਗਾਤਾਰ ਤਬਦੀਲੀ ਆ ਰਹੀ ਹੈ, ਜਿਸ ਕਰਕੇ ਹਰ ਸਾਲ ਅੰਦਾਜ਼ਨ ਤਿੰਨ ਲੱਖ ਲੋਕੀਂ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਹ ਗੱਲ ਗਲੋਬਲ ਹਿਊਮੇਨੀਟੇਰੀਅਨ ਫੋਰਮ ਦੀ ਇਕ ਰਿਪੋਰਟ ਰਾਹੀਂ ਸਾਹਮਣੇ ਆਈ ਹੈ। ਇਸ ਰਿਪੋਰਟ ਨੂੰ ਸੰਯੁਕਤ ਰਾਸ਼ਟਰ ਦੇ ਸਾਬਕਾ ਮੁਖੀ ਕੌਫ਼ੀ ਅੰਨਾਨ ਦੀ ਅਗਵਾਈ ਵਿਚ ਬਣਾਇਆ ਗਿਆ ਹੈ। ਰਿਪੋਰਟ ਮੁਤਾਬਕ ਜੇਕਰ ਵਾਤਾਵਰਣ ਵਿਚ ਇਵੇਂ ਤਬਦੀਲੀ ਜਾਰੀ ਰਹੀ ਤਾਂ ਵੀਹ ਸਾਲਾਂ ਦੇ ਅੰਦਰ ਕਾਫ਼ੀ ਮੁਸ਼ਕਲ ਹਾਲਾਤ ਪੈਦਾ ਹੋ ਜਾਣਗੇ। ਜਿਸਦਾ ਖਮਿਆਜਾ ਧਰਤੀ ‘ਤੇ ਰਹਿਣ ਵਾਲੇ ਹਰ ਪ੍ਰਕਾਰ ਦੇ ਜੀਵ ਜੰਤੂਆਂ ਨੂੰ ਉਠਾਉਣਾ ਪਵੇਗਾ। ਦੁਨੀਆਂ ਦੇ ਛੇ ਸੌ ਮਿਲੀਅਨ ਲੋਕਾਂ ਦਾ ਜੀਵਨ ਮੁਸ਼ਕਲਾਂ ਭਰਪੂਰ ਹੋ ਜਾਵੇਗਾ।
ਰਿਪੋਰਟ ਵਿਚ ਕੌਫ਼ੀ ਅੰਨਾਨ ਨੇ ਕਿਹਾ ਕਿ ਵਾਤਾਵਰਣ ਵਿਚ ਆ ਰਹੀ ਤਬਦੀਲੀ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਸਮਸਿਆ ਹੈ। ਇਸ ਨਾਲ ਸਭ ਤੋਂ ਵੱਧ ਗਰੀਬ ਮੁਲਕਾਂ ਦੇ ਲੋਕ ਪ੍ਰਭਾਵਿਤ ਹੋਣਗੇ, ਜਿਨ੍ਹਾਂ ਦਾ ਇਸ ਵਿਚ ਕਾਫ਼ੀ ਘੱਟ ਯੋਗਦਾਨ ਹੈ। ਅੰਨਾਨ ਨੇ ਕਿਹਾ ਕਿ ਗਲੋਬਲ ਵਾਰਮਿੰਗ ਦੇ ਲਈ ਸਭ ਤੋਂ ਵਧੇਰੇ ਜਿ਼ੰਮੇਵਾਰ ਵਿਕਸਿਤ ਦੇਸ਼ਾਂ ਨੂੰ ਨਜਿਠਣ ਲਈ ਉਪਾਅ ਕਰਨਾ ਚਾਹੀਦਾ ਹੈ। ਵਿਕਸਿਤ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਗਰੀਬ ਮੁਲਕਾਂ ਨੂੰ ਇਸ ਸਮਸਿਆ ਨਾਲ ਨਜਿੱਠਣ ਵਿਚ ਮਦਦ ਕਰਨ, ਉਹ ਉਨ੍ਹਾਂ ਨੂੰ ਤਕਨੀਕ ਮੁਹਈਆ ਕਰਾਉਣ, ਜਿਸ ਨਾਲ ਇਨਵਾਇਰਮੈਂਟ ਨੂੰ ਹੋ ਰਹੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਜਿ਼ਕਰਯੋਗ ਹੈ ਕਿ ਵਧਦੇ ਪ੍ਰਦੂਸ਼ਣ ਕਰਕੇ ਵਾਤਾਵਰਣ ਗਰਮ ਹੁੰਦਾ ਜਾ ਰਿਹਾ ਹੈ। ਇਸਦਾ ਸਭ ਤੋਂ ਭਿਅੰਕਰ ਨਤੀਜਾ ਬੇ ਮੌਸਮੀ ਵਰਖਾ ਅਤੇ ਵਧਦੇ ਸਮੁੰਦਰ ਦੇ ਪਾਣੀ ਵਜੋਂ ਸਾਹਮਣੇ ਆ ਰਿਹਾ ਹੈ। ਇਸ ਕਰਕੇ ਏਸ਼ੀਆ ਅਤੇ ਅਫ਼ਰੀਕਾ ਦੇ ਗਰੀਬ ਮੁਲਕ ਸਭ ਤੋਂ ਵਧੇਰੇ ਪ੍ਰਭਾਵਿਤ ਹੋ ਰਹੇ ਹਨ। ਇਥੋਂ ਤੱਕ ਕਿ ਬਰਫ਼ੀਲੇ ਇਲਾਕਿਆਂ ਵਿਚ ਵੀ ਗਰਮੀ ਕਰਕੇ ਲਗਾਤਾਰ ਬਰਫ਼ ਪਿਘਲਦੀ ਜਾ ਰਹੀ ਹੈ ਜਿਸਦਾ ਸਾਰਾ ਪਾਣੀ ਨਦੀਆਂ ਰਾਹੀਂ ਵਹਿਕੇ ਸਮੁੰਦਰ ਵਿਚ ਪੈ ਰਿਹਾ ਹੈ। ਇਥੋਂ ਤੱਕ ਸਾਊਥ ਪੋਲ ਅਤੇ ਨਾਰਥ ਪੋਲ ਦੀ ਬਰਫ਼ ਵੀ ਤੇਜ਼ੀ ਨਾਲ ਪਿਘਲ ਰਹੀ ਹੈ। ਬੇ ਮੌਸਮੀ ਵਰਖਾ ਕਰਕੇ ਇਨ੍ਹਾਂ ਦੀ ਖੇਤੀ ਬਾੜੀ ਦੇ ਪ੍ਰਬੰਧ ਪ੍ਰਭਾਵਿਤ ਹੋ ਰਹੇ ਹਨ, ਜਿਸ ਕਰਕੇ ਕਈ ਦੇਸ਼ ਭੁੱਖ ਮਰੀ ਦਾ ਸਾਹਮਣਾ ਕਰ ਰਹੇ ਹਨ। ਸਮੁੰਦਰ ਦੇ ਪਾਣੀ ਦੇ ਪੱਧਰ ਵਿਚ ਹੋ ਰਹੇ ਇਜਾਫ਼ੇ ਨਾਲ ਧਰਤੀ ਦਾ ਬਹੁਤ ਵੱਡਾ ਹਿੱਸਾ ਡੁੱਬਣ ਕਿਨਾਰੇ ਹੈ।