ਪਟਿਆਲਾ -‘‘ ਸ਼੍ਰੀ ਅਰਪਿਤ ਸੁਕਲਾ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਨੂੰ ਫੜਨ ਲਈ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਸਿਵਲ ਲਾਈਨ ਪੁਲਿਸ ਨੇ ਯੂ.ਪੀ. ਦੇ ਰਹਿਣ ਵਾਲੇ ਚੋਰਾਂ ਦੇ ਗਿਰੋਹ ਨੂੰ ਕਾਬੂ ਕੀਤਾ । ’’ ਇਹ ਜਾਣਕਾਰੀ ਸ਼੍ਰੀ ਆਰ.ਕੇ. ਸਰਮਾਂ ਐਸ. ਪੀ. (ਸਿਟੀ) ਨੇ ਅੱਜ ਥਾਣਾ ਸਿਵਲ ਲਾਈਨਜ਼ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ । ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਧਰਮਿੰਦਰ ਪੁੱਤਰ ਇੰਦਰ ਸਿੰਘ, ਸੁਨੀਲ ਪੁੱਤਰ ਜੈ ਪ੍ਰਕਾਸ਼ ਅਤੇ ਸੋਗਿੰਦਰ ਪੁੱਤਰ ਓਮਪਾਲ ਜੋ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਬਤ ਦੇ ਪਿੰਡ ਜੋਨ ਮਾਣਾ ਦੇ ਰਹਿਣ ਵਾਲੇ ਹਨ, ਪਿਛਲੇ 7-8 ਮਹੀਨਿਆਂ ਤੋਂ ਪਟਿਆਲਾ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ । ਇਹਨਾਂ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਹਿਲਾਂ ਪਟਿਆਲਾ ਆ ਕੇ ਕਿਸੇ ਛੋਟੇ ਹੋਟਲ ਵਿੱਚ ਕਮਰਾ ਕਿਰਾਏ ਤੇ ਲੈ ਕੇ ਰਹਿੰਦੇ ਸਨ ਅਤੇ ਆਪਣੇ ਇੱਕ ਸਾਥੀ ਦੀ ਮਦਦ ਨਾਲ ਕਿਰਾਏ ਤੇ ਸਾਇਕਲ ਲੈ ਕੇ ਅਰਬਨ ਅਸਟੇਟ, ਪੰਜਾਬੀ ਬਾਗ ਅਤੇ ਮਾਡਲ ਟਾਊਨ ਦੇ ਉਹਨਾਂ ਘਰਾਂ ਦੀ ਪਛਾਣ ਕਰਦੇ ਸਨ ਜਿਥੇ ਜਾਂ ਤਾਂ ਜਿੰਦਰੇ ਲੱਗੇ ਹੋਏ ਹੁੰਦੇ ਸਨ ਜਾਂ ਫਿਰ ਬਾਹਰ ਕੁਝ ਦਿਨਾਂ ਦੇ ਅਖਬਾਰ ਪਏ ਹੁੰਦੇ ਸਨ ਜਿਸ ਤੋਂ ਇਹ ਸਮਝ ਜਾਂਦੇ ਸਨ ਕਿ ਘਰ ਦੇ ਮਾਲਕ ਘਰ ਨਹੀਂ ਹਨ ਫਿਰ ਇਹ ਰਾਤ ਦੇ ਸਮੇਂ ਉਹਨਾਂ ਮਕਾਨਾਂ ਵਿੱਚ ਵੜ ਕੇ ਵਿਸ਼ੇਸ਼ ਕਰਕੇ ਸੋਨਾਂ, ਚਾਂਦੀ ਜਾਂ ਕੋਈ ਇਲੈਕਟ੍ਰੋਨਿਕ ਚੀਜ ਚੁੱਕ ਕੇ ਵਾਪਸ ਯੂ.ਪੀ. ਚਲੇ ਜਾਂਦੇ ਸਨ ਅਤੇ ਚੋਰੀ ਕੀਤੇ ਸਮਾਨ ਨੂੰ ਵੇਚ ਕੇ 10-15 ਦਿਨਾਂ ਬਾਅਦ ਇਹ ਮੁੜ ਪਟਿਆਲਾ ਆ ਜਾਂਦੇ ਸਨ । ਇਹਨਾਂ ਦੋਸ਼ੀਆਂ ਦਾ ਇੱਕ ਸਾਥੀ ਫਰਾਰ ਹੈ ਅਤੇ ਇਹਨਾਂ ਨੇ ਪਟਿਆਲਾ ਵਿੱਚ 15 ਚੋਰੀਆਂ ਕਰਨ ਬਾਰੇ ਮੰਨਿਆਂ ਹੈ।
ਸ਼੍ਰੀ ਸ਼ਰਮਾਂ ਨੇ ਹੋਰ ਦੱਸਿਆ ਕਿ 25 ਮਈ ਨੂੰ ਸਿਵਲ ਲਾਈਨ ਥਾਣੇ ਵਿੱਚ ਸ਼੍ਰੀਮਤੀ ਰਮਨਦੀਪ ਕੌਰ ਦੇ ਭਰਾ ਬਬਨਦੀਪ ਸਿੰਘ ਪੁੱਤਰ ਲੇਟ ਸ੍ਰਂ. ਗੁਰਿੰਦਰ ਸਿੰਘ ਵਾਸੀ 264/1 ਸੁਖਦਾਸਪੁਰਾ ਮੁਹੱਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਦਾ ਪਰਸ ਕੋਈ ਖੋਹ ਕੇ ਲੈ ਗਿਆ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 60 ਹਜ਼ਾਰ ਰੁਪਏ ਨਗਦ, ਇੱਕ ਮੋਬਾਇਲ ਅਤੇ ਹੋਰ ਦਸਤਾਵੇਜ ਬਰਾਮਦ ਕਰ ਲਏ ਹਨ ਗ੍ਰਿਫਤਾਰ ਦੋਸ਼ੀ ਨੇ ਦੱਸਿਆ ਕਿ ਉਹ ਪਲਸਰ ਮੋਟਰ ਸਾਈਕਲ ’ਤੇ ਆਪਣੇ ਸਾਥੀਆਂ ਨਾਲ ਔਰਤਾਂ ਦੇ ਗਲੇ ਦੀਆਂ ਚੇਨੀਆਂ ਅਤੇ ਪਰਸ ਆਦਿ ਖੋਹ ਕੇ ਫਰਾਰ ਹੋ ਜਾਂਦੇ ਸਨ , ਇਸ ਦੇ ਦੋ ਸਾਥੀ ਅਜੇ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਏ। ਫੜੇ ਗਏ ਦੋਸ਼ੀ ਨੇ 15 ਤੋਂ 20 ਖੋਹਾਂ ਕਰਨ ਬਾਰੇ ਮੰਨਿਆਂ ਹੈ।
ਸ਼੍ਰੀ ਸ਼ਰਮਾਂ ਨੇ ਬੀਤੇ ਦਿਨੀ ਵਿਆਨਾਂ ਵਿਖੇ ਵਾਪਰੀ ਦੁਖਦਾਈ ਘਟਨਾਂ ’ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਅਰਪਿਤ ਸ਼ੁਕਲਾ ਦੀ ਸੁਚੱਜੀ ਅਗਵਾਈ ਅਤੇ ਲੋਕਾਂ ਤੇ ਪ੍ਰੈਸ ਦੇ ਸਹਿਯੋਗ ਨਾਲ ਵੱਡੇ ਸ਼ਹਿਰਾਂ ਵਿਚੋਂ ਪਟਿਆਲਾ ਅਜਿਹਾ ਸ਼ਹਿਰ ਰਿਹਾ ਹੈ ਜਿਥੇ ਕੋਈ ਵੱਡੀ ਘਟਨਾਂ ਨਹੀਂ ਹੋਈ ਅਤੇ ਨਾਂ ਹੀ ਕਰਫਿਊ ਲੱਗਿਆ । ਉਹਨਾਂ ਇਸ ਵਿੱਚ ਪ੍ਰੈਸ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ । ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਆਪਣੇ ਘਰਾਂ ਤੋਂ ਬਾਹਰ ਜਾਣ ਤਾਂ ਆਪਣੀਆਂ ਕੀਮਤੀ ਚੀਜਾਂ ਘਰ ਵਿੱਚ ਰੱਖ ਕੇ ਨਾ ਜਾਣ ਕਿਉਂਕਿ ਇਸ ਤਰ੍ਹਾਂ ਜਿਥੇ ਚੋਰੀਆਂ ’ਤੇ ਠੱਲ ਪਵੇਗੀ ਉਥੇ ਲੋਕਾਂ ਦੇ ਮਾਲ ਦੀ ਰੱਖਿਆ ਵੀ ਹੋ ਸਕੇਗੀ। ਇਸ ਮੌਕੇ ਸ਼੍ਰੀ ਅਰਸ਼ਦੀਪ ਸਿੰਘ ਡੀ.ਐਸ.ਪੀ. ਅਤੇ ਮੁੱਖ ਥਾਣਾ ਅਫਸਰ ਸਿਵਲ ਲਾਈਨਜ਼ ਸ੍ਰ: ਸੁਖਮਿੰਦਰ ਸਿੰਘ ਵੀ ਮੌਜੂਦ ਸਨ ।