ਪੈਰਿਸ( ਸੁਖਵੀਰ ਸਿੰਘ ਸੰਧੂ)- ਇਥੇ ਦੇ ਬੁਤ ਛਾਮੋਨ ਨਾਂ ਦੇ ਪਾਰਕ ਵਿੱਚ ਪੀਥੋਨ ਨਸਲ ਦੇ ਇੱਕ ਸੱਪ ਨੂੰ ਗ੍ਰਿਫਤਾਰ ਕੀਤਾ ਹੈ।ਇਹ ਸਰਾਲ ਵਰਗਾ ਇੱਕ ਮੀਟਰ ਦੀ ਲੰਬਾਈ ਦਾ ਸੱਪ ਦਰੱਖਤ ਦੇ ਉਪਰ ਘੁੰਮ ਰਿਹਾ ਸੀ।ਪਾਰਕ ਵਿੱਚ ਸੈਰ ਕਰ ਰਹੇ ਇੱਕ ਵਿਆਕਤੀ ਦੀ ਨਿਗਾ ਪੈ ਜਾਣ ਤੇ ਉਸ ਨੇ ਪੁਲੀਸ ਨੂੰ ਫੋਨ ਕਰ ਦਿੱਤਾ।ਉਸ ਵਕਤ ਹੀ ਜਾਨਵਰਾਂ ਦੀ ਦੇਖਭਾਲ ਕਰਨ ਵਾਲੇ ਮਹਿਕਮੇ ਦੀ ਟੀਮ ਨੇ ਇਸ ਨੂੰ ਦਰੱਖਤ ਤੋਂ ਉਤਾਰ ਕੇ ਕਾਬੂ ਕੀਤਾ।ਮਹਿਕਮੇ ਦੇ ਦੱਸਣ ਮੁਤਾਬਕ ਪੈਰਿਸ ਵਿੱਚ ਕਦੇ ਨਾ ਕਦੇ ਜਿਵੇਂ ਕਿ ਪਾਉੜੀਆਂ, ਪਾਰਕਿੰਗ ਅਤੇ ਪਾਰਕਾਂ ਆਦਿ ਵਿੱਚ ਸੱਪ ਮਿਲਦੇ ਰਹਿੰਦੇ ਹਨ।ਉਹਨਾਂ ਇਹ ਵੀ ਕਿਹਾ ਕਿ ਲਗਦਾ ਹੈ ਇਹ ਕਿਸੇ ਦਾ ਪਾਲਤੂ ਸੱਪ ਹੈ।ਜਿਹੜੀ ਕਿ ਇਸ ਦੀ ਅੱਛੀ ਸਿਹਤਮੰਦ ਹੋਣ ਦੀ ਨਿਸ਼ਾਨੀ ਹੈ।ਉਹਨਾਂ ਇਹ ਵੀ ਦੱਸਿਆ ਕਿ ਇਹ ਪਾਰਕ ਵਿੱਚ ਬਹੁਤੀ ਦੇਰ ਤੋਂ ਨਹੀ ਸੀ ਰਹਿ ਰਿਹਾ, ਅਗਰ ਥੋੜੀ ਦੇਰ ਹੋਰ ਰਹਿ ਜਾਂਦਾ ਇਸ ਦੀ ਜਾਨ ਨੂੰ ਵੀ ਖਤਰਾ ਸੀ।ਯਾਦ ਰਹੇ ਕਿ ਕੁਝ ਦੇਰ ਪਹਿਲਾਂ ਪੈਰਿਸ ਦੇ ਨਾਲ ਲਗਦੇ ਪਾਂਤਾਂਤ ਨਾਂ ਦੇ ਏਰੀਏ ਇੱਕ ਅਵਾਰਾ ਮਗਰਮੱਛ ਦਾ ਬੱਚਾ ਵੀ ਮਿਲਿਆ ਸੀ।