ਮੂੰਹ ਸਿਰ ਲਪੇਟ ਕੇ ਪਈ ਭਜਨ ਕੌਰ ਅਚਾਨਕ ਉੱਠ ਕੇ ਬੈਠ ਗਈ। ਆਪਣੀ ਛਾਤੀ ਨੂੰ ਪਿਟਦੀ ਹੋਈ ਉੱਚੀ ਉੱਚੀ ਕੀਰਨੇ ਪਾਉਣ ਲੱਗੀ, “ ਕਿਹਨੂੰ, ਕਿਹਨੂੰ ਭੁੱਲਾਂ ਦੱਸ ਤੂੰ ਮੈਨੂੰ, ਦੱਸ ਮੈਨੂੰ?” ਉਸ ਦੀ ਅਵਾਜ਼ ਤੋਂ ਇਸ ਤਰਾਂ ਲੱਗਦਾ ਸੀ ਜਿਵੇ ਉਸ ਦੀ ਹਰ ਨਸ ਨਸ ਤੋਂ ਚੀਖਾਂ ਨਿਕਲਦੀਆਂ ਹੋਣ।ਫਿਰ ਉਸ ਨੂੰ ਦੰਦਲ ਪੈ ਗਈ ਤੇ ਮੰਜ਼ੇ ਦੇ ਪਾਸੇ ਨੂੰ ਲੁੜਕ ਗਈ। ਘਰ ਵਾਲੇ ਉਸ ਦੇ ਆਲੇ- ਦੁਆਲੇ ਇਕੱਠੇ ਹੋ ਕੇ ਉਸ ਦੀ ਸੰਭਾਲ ਕਰਨ ਲੱਗੇ। ਕੋਈ ਚਮਚੇ ਨਾਲ ਦੰਦਲ ਭੰਨ ਰਿਹਾ ਸੀ ਤੇ ਕੋਈ ਉਸ ਦੇ ਹੱਥਾਂ ਅਤੇ ਪੈਰਾ ਦੀਆਂ ਤਲੀਆਂ ਚਸਨ ਲੱਗਾ।
“ਇਹ ਨੂੰ ਪਈ ਪਈ ਨੂੰ ਕੀ ਹੋ ਗਿਆ।” ਘਰ ਦੀ ਮਾਲਕਣ ਦਰਸ਼ਨ ਕੌਰ ਨੇ ਪੁੱਛਿਆ।
“ ਹਰੇਕ ਜੂਨ ਦੇ ਮਹੀਨੇ ਪਈ ਤਾਂ ਰਹਿੰਦੀ ਸੀ, ਪਰ ਪਹਿਲੀ ਵਾਰੀ ਇਹਨੇ ਆਹ ਬਿਰਲਾਪ ਕੀਤਾ।” ਦਰਸ਼ਨ ਕੌਰ ਦਾ ਪੁੱਤ ਤਾਰੂ ਕਹਿ ਰਿਹਾ ਸੀ, “ ਮਾਸੀ ਨੇ ਹੱਦ ਹੀ ਕਰ ਦਿੱਤੀ।”
ਛੇਤੀ ਹੀ ਉਸ ਨੂੰ ਹੋਸ਼ ਆ ਗਈ ਪਾਣੀ ਦਾ ਘੁੱਟ ਅੰਦਰ ਲੰਘਾਉਂਦੀ ਫਿਰ ਬੋਲੀ, “ ਕਿਵੇਂ ਭੁੱਲਾ?” ਕਹਿ ਕੇ ਮੂੰਹ ਸਿਰ ਲਪੇਟ ਕੇ ਫਿਰ ਪੈ ਗਈ।
ੳਦੋਂ ਹੀ ਗੁਆਢਣ ਬਚਨੋ ਆ ਗਈ ਤੇ ਆਉਂਦੀ ਹੀ ਕਹਿਣ ਲੱਗੀ, “ ਭਜਨ ਕੌਰ ਭੈਣ ਨੂੰ ਕੀ ਹੋ ਗਿਆ, ਇਸ ਦੀਆਂ ਲੇਰਾਂ ਦੀ ਅਵਾਜ਼ ਸੁਣੀ ਤਾਂ ਮੈ ਹੱਥਲਾ ਕੰਮ ਵਿਚ ਛੱਡ, ਭਜੀ ਆਈ।”
“ ਪਤਾ ਨਹੀ ਕੀ ਹੋਇਆ ਮੈ ਤਾਂ ਚੌਕੇ ਵਿਚ ਹੀ ਸਾਂ।” ਦਰਸ਼ਨ ਕੌਰ ਨੇ ਦੱਸਿਆ, “ ਤਾਰੂ ਨਾਉਂਦਾ ਪਿਆ ਸੀ।”
“ ਮੈ ਆਪ ਹੁਣ ਹੀ ਇਥੋਂ ਉੱਠ ਕੇ ਗਈ ਸੀ,ਟੀਵੀ ਤੇ ਖਬਰਾਂ ਦੇਖਦੀ।” ਦਰਸ਼ਨ ਕੌਰ ਦੀ ਨੂੰਹ ਕੁਲਵਿੰਦਰ ਨੇ ਦੱਸਿਆ, “ ਮਾਸੀ ਵੀ ਟੀ.ਵੀ ਦੇਖਦੀ ਸੀ, ਮੈ ਖਬਰਾਂ ਵਿਚ ਛੱਡ ਕੇ ਅੰਦਰ ਨੂੰ ਚਲੀ ਗਈ।”
“ਇਨਾ ਚਿਰ ਹੋ ਗਿਆ ਹਰ ਜੂਨ ਦਾ ਮਹੀਨਾ ਇਹਦੇ ਲਈ ਦੁੱਖ ਲੈ ਕੇ ਆਉਂਦਾ।” ਬਚਨੋ ਨੇ ਕਿਹਾ, “ ਬਖਸ਼ੀਸ ਕੌਰ ਤਾਂ ਆਹਦੀ ਸੀ ਪਈ ਜੂਨ ਦੇ ਮਹੀਨੇ ਇਹਨੂੰ ਬਾਹਰਲੀ ਕਸਰ ਹੋ ਜਾਂਦੀ ਆ।”
“ ਬਾਹਰਲੀ -ਬੂਰਲੀ ਤਾ ਕੋਈ ਕਸਰ ਨਹੀ।” ਦਰਸ਼ਨ ਕੌਰ ਨੇ ਹੌਲੀ ਅਵਾਜ਼ ਵਿਚ ਬਚਨੋ ਨੂੰ ਦੱਸਿਆ, “ ਜੂਨ ਦੇ ਮਹੀਨੇ ਇਹਨੂੰ ਸਾਰਾ ਕੁੱਝ ਯਾਦ ਆ ਜਾਂਦਾ ਹੈ ਜੋ ਵਿਚਾਰੀ ਤੇ ਗੁਜ਼ਰਿਆ ਸੀ।”
“ ਬੀਬੀ, ਮਾਸੀ ਹੁਣ ਜਰਾ ਟਿਕ ਗਈ ਲੱਗਦੀ ਆ।” ਤਾਰੂ ਨੇ ਵਿਚੋਂ ਹੀ ਉਹਨਾ ਨੂੰ ਟੋਕਿਆ, “ ਜੇ ਤੁਸੀ ਗੱਲਾਂ ਕਰਨੀਆਂ ਤਾਂ ਬਾਹਰਲੀ ਬੈਠਕ ਵਿਚ ਚਲੇ ਜਾਉ।”
ਬਚਨੋ ਤੇ ਦਰਸ਼ਨ ਕੌਰ ਬਾਹਰਲੀ ਬੈਠਕ ਨੂੰ ਤੁਰ ਪਈਆਂ।
“ ਭੈਣ, ਭਲਾ, ਭਜਨ ਕੌਰ ਸ਼ਰੀਕੇ ਚੋਂ ਤੇਰੀ ਭੈਣ ਲੱਗਦੀ ਆ।” ਬਚਨੋ ਨੇ ਪੁੱਛਿਆ, “ ਇਹਦਾ ਕੋਈ ਸਕਾਂ-ਸੋਧਰਾ ਹੋਰ ਕੋਈ ਨਹੀ।”
“ ਇਹ ਇਕੱਲੀ ਹੀ ਮਾਪਿਆ ਦੀ ਧੀ ਸੀ, ਚਾਵਾਂ- ਮਲਾਵਾਂ ਨਾਲ ਪਲੀ ਅਤੇ ਵਿਆਹੀ ਵੀ ਗਈ ਚੰਗੇ ਘਰ।” ਦਰਸ਼ਨ ਕੌਰ ਬਚਨੋ ਨੁੂੰ ਸਾਰੀ ਕਹਾਣੀ ਖੋਲ ਕੇ ਦੱਸਣ ਲੱਗੀ, “ ਘਰਵਾਲਾ ਤੇ ਉਸ ਦਾ ਬਾਪ ਹੀ ਘਰ ਵਿਚ ਸਨ।ਕੋਈ ਰੋਕਨ ਟੋਕਨ ਵਾਲਾ ਨਹੀ ਸੀ।”
“ ਸਮਝ ਗਈ ਮੈ ਤੇਰੀ ਗੱਲ।” ਬਚਨੋ ਵਿਚੋਂ ਹੀ ਬੋਲੀ, “ ਸੱਸ ਨਾ ਨਨਾਣ ਤੇ ਆਪੇ ਹੀ ਪ੍ਰਧਾਨ।”
“ ਸੱਚੀ, ਬਚਨੋ, ਦੋਹੇ ਪਿਉ ਪੁੱਤ ਇਹਦੀ ਗੱਲ ਭੂੰਜੇ ਨਹੀ ਸੀ ਪੈਣ ਦਿੰਦੇ, ਅਕਲ ਵਾਲੀ ਵੀ ਬਥੇਰੀ ਸੀ।”
“ ਹੈ ਤਾਂ ਵਿਚਾਰੀ ਹੁਣ ਵੀ ਭਲੀ ਲੋਕ।”
“ ਛੇਤੀ ਰੱਬ ਨੇ ਭਾਗ ਲਾ ਦਿੱਤੇ,ਜ਼ਮੀਨ ਜਾਈਦਾਦ ਦਿੱਤੀ, ਪੁੱਤ ਦਿੱਤਾ।”
“ ਇਕੋ ਹੀ ਮੁੰਡਾ ਸੀ?”
“ ਪਰ ਇਹ ਇਕੋ ਨਾਲ ਖੁਸ਼ ਸੀ, ਜਦੋਂ ਮੁੰਡੇ ਦਾ ਵਿਆਹ ਕੀਤਾ ਤਾਂ ਸਾਡੇ ਵਰਗਿਆਂ ਨੇ ਵੀ ਵਧਾਈਆਂ ਨਾਲ ਅਸੀਸ ਦਿੱਤੀ, ਰੱਬ ਕਰੇ ਤੇਰੇ ਇਕ ਤੋਂ ਅਨੇਕ ਬਣਨ। ਹੋਇਆਂ ਵੀ ਇਦਾ ਈ, ਵਿਆਹ ਤੋਂ ਦਸ ਮਹੀਨੀ ਬਾਅਦ ਹੀ ਸੁੱਖ ਨਾਲ ਪੋਤਾ ਹੋ ਗਿਆ। ਜੂਨ ਮਹੀਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਵਾਲੇ ਦਿਨਾਂ ਵਿਚ ਸਾਰਾ ਟੱਬਰ ਪੋਤੇ ਨੂੰ ਲੈ ਕੇ ਅੰਮ੍ਰਿਤਸਰ ਨੂੰ ਤੁਰ ਪਿਆ। ਬਸ ਫਿਰ ਕੀ ਸੀ ਤੈਨੂੰ ਪਤਾ ਹੀ ਆ ਫਿਰ ਦੋਖੀਆਂ ਨੇ ਹਰਿਮੰਦਰ ਸਾਹਿਬ ਕੀ ਕੁੱਝ ਕੀਤਾ।” ਇੰਨਾ ਕਹਿਣ ਨਾਲ ਦਰਸ਼ਨ ਕੌਰ ਦਾ ਗਲਾ ਅਤੇ ਅੱਖਾਂ ਭਰ ਆਈਆਂ। ਉਹ ਅਗਾਂਹ ਕੁੱਝ ਵੀ ਨਾ ਬੋਲ ਸਕੀ।
“ ਤਾਂਈਉ ਫਿਰ ਜੂਨ ਦੇ ਮਹੀਨੇ ਇਹਦੀ ਆਹ ਹਾਲਤ ਹੋ ਜਾਂਦੀ ਏ।” ਬਚਨੋ ਨੇ ਕਿਹਾ, “ ਟੱਬਰ ਦਾ ਕੋਈ ਜੀਅ ਨਾ ਬਚ ਸਕਿਆ।”
ਚੂੰਨੀ ਨਾਲ ਅਪਣੀਆਂ ਅੱਖਾਂ ਪੂੰਝਦੀ ਦਰਸ਼ਨ ਕੌਰ ਬੋਲੀ, “ ਘਰ ਦੇ ਪੰਜ ਜੀਅ ਚਲੇ ਗਏ, ਪਰ ਇਹ ਦੁੱਖਾਂ ਦੀ ਮਾਰ ਸਹਿਨ ਲਈ ਬਚ ਗਈ, ਹੁਣ ਇੰਨੇ ਇਹ ਸਾਰਾ ਜੂਨ ਦਾ ਮਹੀਨਾ ਇਦਾ ਮੰਜ਼ੇ ਤੇ ਪਈ ਨੇ ਹੀ ਕੱਢਣਾ ਏ।”
“ ਰੋਟੀ -ਰਾਟੀ ਵੀ ਖਾਹ ਲੈਂਦੀ ਹੈ ਜਾਂ ਪਈ ਹੀ ਰਹਿੰਦੀ ਆ।”
“ ਦਿਲ ਕਰੇ ਤਾਂ ਮਾੜੀਆਂ ਮੋਟੀਆਂ ਦੋ ਬੁਰਕੀਆਂ ਅੰਦਰ ਸੁੱਟਦੀ ਨਹੀ ਤਾਂ ਪਈ ਹੀ ਰੰਹਿਦੀ ਏ।”
“ ਕੀੜੇ ਪੈਣ ਵਾਲਿਆਂ ਨੂੰ ਪੁੱਛੇ, ਪਈ ਤਹਾਨੂੰ ਇਸ ਵਿਚਾਰੀ ਦੀਆਂ ਅੰਦਰਾਂ ਲੂ ਕੀ ਮਿਲਿਆ।”
“ ਗੱਦੀਆ ਜਿਉਂ ਮਿਲ ਗਈਆਂ ਅੱਕਿਰਤਘਣਾਂ ਨੂੰ, ਇਹ ਵਿਚਾਰੀ ਇਕੱਲੀ ਥੌੜ੍ਹੀ ਇਦਾ ਵਿਲਕਦੀ ਏ, ਖੋਰੇ ਕਿੰਨੇ ਕੁ ਲੋਕੀ ਇਹਦੇ ਵਾਂਗ ਤੜਫਦੇ ਨੇ।”
“ ਭੈਣ, ਫਿਰ ਜ਼ਮੀਨ ਜਾਈਦਾਦ ਦਾ ਕੀ ਬਣਿਆ।”
“ ਉਜੱੜੇ ਬਾਗਾਂ ਦਾ ਗਾਲੜ ਪਟਵਾਰੀ, ਸ਼ਰੀਕਾਂ ਨੇ ਸਾਂਭ ਚੱਟ ਲਈ, ਮੇਰੇ ਭਾਪੇ ਹੋਰੀ ਕਿਹਾ ਸੀ, ਚੱਲ ਤੇਰੀ ਜ਼ਮੀਨ ਛੁਡਾ ਦਿੰਦੇ ਆ, ਪਰ ਇਹ ਨਹੀ ਮੰਨੀ ਕਹਿੰਦੀ ਜ਼ਮੀਨ ਮੈ ਚੁੱਲੇ ‘ਚ ਪਾਉਣੀ ਜਿੱਥੇ ਸਾਰਾ ਟੱਬਰ ਚਲਾ ਗਿਆ, ਜ਼ਮੀਨ ਨੂੰ ਅੱਗ ਲਾਉਣੀ।”
“ ਥੇ ਹੋਣੇ ਚੁੱਲੇ ,ਚ ਤਾਂ ਇਹ ਪੈਣ, ਜਿਹਨਾ ਨਿਰਦੋਸ਼ਆਂ ਨੂੰ ਹੀ ਫੋਜਾਂ ਚਾੜ ਕੇ ਮਾਰ ਮੁਕਾਇਆ।”
“ ਦੇਖੀ, ਇਹਨਾ ਤਾ ਹੁਣ ਸਾਰੀ ਉਮਰ ਮੇਰੀ ਭੈਣ ਨਾਲੋ ਵੀ ਵੱਧ ਦੁੱਖ ਹੰਡਾਉਣੇ ਨੇ ਜਿਨਾ ਗੁਰੂ ਦੀ ਨਗਰੀ ਢਾਹੀ।”
“ ਝੋਟੇਕੁਟਾਂ ਦਾ ਰੂੜ ਸਿਹ ਕਹਿੰਦਾ ਸੀ, ਸਰਕਾਰ ਕਹਿੰਦੀ ਆ ,ਪਈ ਉੱਥੇ ਅਤਿਵਾਦੀ ਲੁਕੇ ਹੋਏ ਸੀ ਤਾਂ ਹਮਲਾ ਕੀਤਾ।”
“ ਇਹਨਾ ਦੀ ਮਾਂ ਦੇ ਜਵਾਈ ਲੁਕੇ ਹੋਏ ਸਨ ਅਖੇ ਆਪੇ ਮੈ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜਿਊਨ, ਰਾਜ ਇਹਨਾ ਦਾ ,ਪੁਲੀਸ –ਫੋਜ ਇਹਨਾ ਦੀ ਜੋ ਮਰਜ਼ੀ ਬਣਾਈ ਜਾਣ, ਮੰਨ ਵੀ ਲਈਏ ਪਈ ਅਤਿਵਾਦੀ ਲੁਕੇ ਹੋਏ ਸੀ, ਗੁਰੂ ਜੀ ਦੇ ਸ਼ਹੀਦੀ ਵਾਲਾ ਦਿਨ ਹੀ ਲੱਭਾ ਹਮਲਾ ਕਰਨ ਨੂੰ ।”
“ਜਿਦੂੰ ਦਾ ਭਾਪਾ ਤਾਂ ਆਪ ਕਹਿੰਦਾ ਸੀ, ਕਿੰਨੇ ਕੁ ਬੰਦੇ ਸੀ ਜਿਹਨਾਂ ਨੂੰ ਕੱਢਣ ਲਈ ਟੈਕ ਚਾੜ ਦਿੱਤੇ ਜਿਵੇ ਪਾਕਿਸਤਾਨ ਨਾਲ ਯੁੱਧ ਕਰਨਾ ਹੋਵੇ। ਉਦਾਂ ਕਹਿੰਦੇ ਅਸੀ ਬਹਾਦਰ ਬਹੁਤ ਹਾਂ। ਚੱਲ ਪ੍ਰਮਾਤਮਾ ਤੁਹਾਡਾ ਭਲਾ ਕਰੇ ਜੋ ਤੁਸੀ ਇਸ ਦੁਖਿਆਰੀ ਨੂੰ ਸਾਂਭਦੇ ਹੋ”
“ ਛੋਟੀਆਂ ਹੁੰਦੀਆਂ ਹੀ ਅਸੀ ਇਕੱਠੀਆਂ ਹੀ ਰਹਿੰਦੀਆਂ ਸਨ, ਇਸੇ ਕਰਕੇ ਹੁਣ ਵੀ ਮੇਰੇ ਕੋਲੋ ਹੀ ਰਹਿਣਾ ਚਾਹੁੰਦੀ ਆ।”
“ ਜਿਦਾ ਇਹਦੀ ਹਾਲਤ ਆ, ਖੋਰੇ ਚਾਰ ਦਿਨ ਕੱਢਣੇ ਵੀ ਕਿ ਨਹੀ।”
ਉਹ ਗੱਲਾਂ ਕਰ ਹੀ ਰਹੀਆਂ ਸਨ ਕਿ ਭਜਨ ਕੌਰ ਫਿਰ ਜੋਰ ਜੋਰ ਦੀ ਕੀਰਨੇ ਪਾਉਂਦੀ ਆਪਣੀ ਛਾਤੀ ਪਿਟਣ ਲੱਗੀ, “ ਕਿਦਾ ਭੁੱਲਾ? ਦੱਸ ਵੈਰੀਆ ,ਦੱਸ?”
ਦਰਸ਼ਨ ਕੌਰ ਅਤੇ ਬਚਨੋ ੳਹਦੇ ਵੱਲ ਦੌੜ ਪਈਆਂ।
“ ਅੱਜ ਤਾਂ ਇਹ ਕਹਿਰ ਹੀ ਕਰੀ ਜਾਂਦੀ ਏ।” ਦਰਸ਼ਨ ਕੌਰ ਸਿਰ ਵਿੱਚ ਤੇਲ ਪਾਉਂਦੀ ਬੋਲੀ, “ ਭੈਣ, ਕੀ ਹੋ ਗਿਆ ਤੈਨੂੰ ਅੱਜ,ਅੱਗੇ ਵੀ ਤਾਂ ਸਬਰ ਕਰਦੀ ਆਈ ਆਂ ਅੱਜ ਵੀ ਕਰ ਲਾ।”
ਅਦਰੋਂ ਨਿਕਲ ਕੇ ਤਾਰੂ ਤੇ ਕੁਲਵਿੰਦਰ ਵੀ ਆ ਗਏ।
“ ਮਾਸੀ, ਅੱਜ ਇਦਾ ਕਿਉਂ ਕਰਦੀ ਏ।” ਕੁਲਵਿੰਦਰ ਨੇ ਪੈਰਾਂ ਦੀਆਂ ਤਲੀਆਂ ਚਸਦੇ ਪੁੱਛਿਆ, “ ਕੁੱਝ ਬੋਲ ਵੀ ਤਾਂ।”
“ ਆਹ ਟੈਲੀਵਿਯਨ।” ਭਜਨ ਕੌਰ ਟੀ:ਵੀ ਵੱਲ਼ ਇਸ਼ਾਰਾ ਕਰਕੇ ਬੋਲੀ, “ ਕਹਿੰਦਾ ਭੁੱਲ ਜਾ।”
ਤਾਰੂ ਨੇ ਟੀ: ਵੀ ਲਾਇਆ ਤਾਂ ਉਸ ਵੇਲੇ ਫਿਰ ਖਬਰਾਂ ਚੱਲ ਰਹੀਆਂ ਸਨ। ਕੋਈ ਸਰਕਾਰੀ ਮੰਤਰੀ ਕਹਿ ਰਿਹਾ ਸੀ, “ਚੌਰਾਸੀ ਵਿਚ ਜੋ ਕੁੱਝ ਵੀ ਹੋਇਆ ਉਹ ਭੁੱਲ ਜਾਣਾ ਚਾਹੀਦਾ, ਅੱਗੋ ਤੋਂ ਸਾਝੀਵਾਲਤਾ ਦੇ ਨਾਹਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।”
ਭਜਨ ਕੌਰ ਫਿਰ ਹੱਥਾਂ ਵਿਚੋਂ ਨਿਕਲਣ ਲੱਗੀ ਅਤੇ ਦੁਹਾਈ ਪਾਉਂਦੀ ਬੋਲੀ, “ ਦੱਸ ਪੁੱਤ ਨੂੰ ਭੁੱਲਾਂ, ਪੁੋਤੇ ਜਾ ਨੂੰਹ ਨੂੰ ਭੁੱਲਾਂ, ਆਪਣੇ ਸਰਦਾਰ ਨੂੰ ਜਾਂ ਬਾਪੂ ਨੂੰ ਭੁੱਲਾਂ, ਦੱਸ ਵੈਰੀਆ ਕਿਹਨੂੰ ਭੁੱਲਾਂ, ਫੌਜੀਆਂ ਦੇ ਬੂਟਾਂ ਦੇ ਠੁਡਿਆਂ ਨੂੰ ਭੁੱਲਾ, ਲਾਸ਼ਾਂ ਦੇ ਢੇਰਾਂ ਨੂੰ ਜਾਂ ਪਵਿੱਤਰ ਸਰੋਵਰ ਖੂਨ ਦਾ ਭਰਿਆ ਭੁੱਲਾਂ, ਗੂਰੂ ਘਰ ਦਾ ਤੋਸ਼ਾਖਾਣਾ ਲੁੱਟਦੇ ਭੁੱਲਾਂ,ਦੱਸ ਵੈਰੀਆ ਕੀ ਕੀ ਭੁੱਲਾਂ?” ਇਹ ਕਹਿੰਦੀ ਹੀ ਸੀ ਭਜਨ ਕੌਰ ਨੂੰ ਫਿਰ ਦੰਦਲ ਪੈ ਗਈ।
“ ਇਹਨਾ ਨੇ ਆਪਣੇ ਕੀਤੇ ਦੀ ਮੁਆਫੀ ਤਾਂ ਕੀ ਮੰਗਣੀ , ਇਹੋ ਜਿਹੀਆਂ ਗੱਲਾਂ ਕਰਕੇ ਜਖਮਾਂ ਤੇ ਲੂਣ ਤਾਂ ਨਾ ਛਿੜਕਣ।” ਤਾਰੂ ਮਾਸੀ ਦੀਆਂ ਲੱਤਾ ਸਿੱਧੀਆਂ ਕਰਦਾ ਕਹਿ ਰਿਹਾ ਸੀ, “ ਕਹਿਣ ਵਾਲੇ ਨੂੰ ਸ਼ਰਮ ਵੀ ਨਹੀ ਭੋਰਾ, ਆਪ ਤਾਂ ਤੁਸੀ ਆਪਣੇ ਮੰਦਰ ਨੂੰ ਨਹੀ ਭੁੱਲੇ, ਏਨੀ ਪੁਰਾਣੀ ਬਾਬਰੀ ਮਸਜਿਦ ਢਾਅ ਕੇ ਮੰਦਰ ਬਣਾਉਣ ਲੱਗ ਪਏ, ਸਾਨੂੰ ਹੁਣ ਸਾਰੇ ਕਹਿੰਦੇ ਆ ਕੱਲ ਦੀਆਂ ਗੱਲਾਂ ਭੁੱਲ ਜਾਉ।”
“ ਕਹਿਣ ਦੇ ਜੋ ਕਹਿੰਦੇ ਨੇ, ਕੁੱਤੇ ਭੌਂਕਦੇ ਰਹਿੰਦੇ ਨੇ ਹਾਥੀ ਚੁੱਪ ਕਰਕੇ ਲੰਘ ਜਾਂਦੇ ਨੇ” ਦਰਸ਼ਨ ਕੌਰ ਘਬਰਾਈ ਹੋਈ ਭਜਨ ਕੌਰ ਦੀ ਸਿਹਤ ਦਾ ਫਿਕਰ ਕਰਦੀ ਕਹਿ ਰਹੀ ਸੀ, “ ਸਦੀਆਂ ਪੁਰਾਣੇ ਸ਼ਹੀਦਾਂ ਨੂੰ ਹਰ ਰੋਜ਼ ਦੋ ਵੇਲੇ ਆਪਣੀ ਅਰਦਾਸ ਰਾਹੀ ਚੇਤੇ ਕਰਦੇ ਹਾਂ, ਇਹਨਾ ਦੇ ਕਹਿਣ ਤੇ ਕੱਲ੍ਹ ਜੋ ਸਾਡੇ ਨਾਲ ਹੋਇਆ, ਅੱਜ ਅਸੀ ਕਿਵੇਂ ਭੁੱਲ ਜਾਵਾਂਗੇ।”
“ ਆਪਣੇ ਕੀਤੇ ਤੇ ਇਹਨਾ ਪਛਤਾਉਣਾ ਤਾਂ ਕੀ, ਸਾਨੂੰ ਕਹਿੰਦੇ ਭੁੱਲ ਜਾਉ।” ਕੁਲਵਿੰਦਰ ਵੀ ਖਿਝੀ ਹੋਈ ਬੋਲੀ, “ਆਪ ਇੰਨੇ ਸਾਲ ਹੋ ਗਏ, ਏਨਾ ਨਹੀ ਕਹਿ ਸਕੇ ਕਿ ਸਾਥੋਂ ਭੁੱਲ ਹੋ ਗਈ, ਮੁਆਫ ਕਰ ਦਿਉ।”
“ ਭੈਣ, ਲਿਆ ਪਾਣੀ ਪਾ ਭਜਨੋ ਦੇ ਮੂੰਹ ਵਿਚ।” ਬਚਨੋ ਨੇ ਕਿਹਾ, “ ਦੰਦਲ ਟੁੱਟ ਗਈ ਆ॥”
“ਦੱਸ ਵੈਰੀਆ ਕਿਦਾ ਕਿਹਨੂੰ ਭੁੱਲਾਂ।” ਭਜਨ ਕੌਰ ਨੇ ਹੌਲੀ ਜਿਹੀ ਕਿਹਾ, “ ਕਿਵੇਂ ਭੁੱਲਾ”?
ਕਹਿੰਦੀ ਹੋਈ ਦੀਆਂ ਅੱਖਾਂ ਪੁੱਠੀਆਂ ਹੋ ਗਈਆਂ ਸਰੀਰ ਠੰਡਾ ਹੋ ਗਿਆ।