ਤਰਨਤਾਰਨ-ਬਿਜਲੀ ਬੋਰਡ ਨੂੰ ਇਨ੍ਹਾਂ ਦਿਨਾਂ ਵਿਚ ਬਿਜਲੀ ਦੀ ਘਾਟ ਕਰਕੇ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਸਟੇਸ਼ਨ ਵਾਲੇ ਬਿਜਲੀ ਚੋਰੀ ਕਰਕੇ ਬਿਜਲੀ ਬੋਰਡ ਨੂੰ ਚੂਨਾ ਲਗਾ ਰਹੇ ਸਨ। ਮਜ਼ੇ ਦੀ ਗੱਲ ਇਹ ਹੈ ਕਿ ਬਿਜਲੀ ਵਿਭਾਗ ਚੋਰੀ ਰੋਕਣ ਲਈ ਪੁਲਿਸ ਦੀ ਮਦਦ ਲੈਂਦਾ ਹੈ। ਥਾਣੇ ਵਿਚ ਏਅਰ ਕੰਡੀਸ਼ਨ ਵੀ ਚਲ ਰਿਹਾ ਹੈ ਅਤੇ ਮੁਲਾਜ਼ਮਾਂ ਦੇ ਕਵਾਟਰਾਂ ਵਿਚ ਵੀ ਪੂਰੀ ਤਰ੍ਹਾਂ ਨਾਲ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਐਸਡੀਓ ਨੇ ਛਾਪਾ ਮਾਰ ਕੇ ਇਸ ਚੋਰੀ ਦਾ ਭਾਂਡਾ ਭੰਨ੍ਹਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਬਿਜਲੀ ਬੋਰਡ ਨੂੰ ਸੂਚਨਾ ਮਿਲੀ ਕਿ ਲੰਬੇ ਸਮੇਂ ਤੋਂ ਥਾਣੇ ਵਿਚ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਥਾਣੇ ਵਿਚ ਏਸੀ ਵੀ ਲਗਾ ਹੋਇਆ ਹੈ ਜੋ ਕਿ ਸਿਧੀ ਕੁੰਡੀ ਲਾ ਕੇ ਚਲਾਇਆ ਜਾ ਰਿਹਾ ਹੈ। ਬਿਜਲੀ ਕਰਮਚਾਰੀਆਂ ਨੇ ਜਦੋਂ ਮੀਟਰ ਚੈਕ ਕੀਤਾ ਤਾਂ ਪਤਾ ਚਲਿਆ ਕਿ ਬਿਜਲੀ ਦਾ ਮੀਟਰ ਤਾਂ ਹੈ ਹੀ ਨਹੀਂ। ਸਥਾਨਕ ਲੋਕ ਵੀ ਛਾਪਾ ਮਾਰਨ ਵਾਲਿਆਂ ਦੇ ਘਰ ਛਾਪਾ ਵਜਾ ਵੇਖ ਕੇ ਖੁਸ਼ ਹੋ ਰਹੇ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੰਡੀ ਲਗਾ ਕੇ ਏਸੀ ਚਲਾਉਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਵੈਸੇ ਏਸੀ ਚਲਾਉਣ ਦੀ ਉਨ੍ਹਾਂ ਨੂੰ ਮਨਾਹੀ ਨਹੀਂ ਹੈ, ਪਰ ਬਿਜਲੀ ਚੋਰੀ ਦਾ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਹੁਣੇ ਹੀ ਆਇਆ ਹੈ, ਇਸਦੀ ਜਾਂਚ ਕੀਤੀ ਜਾਵੇਗੀ।