ਮੈਲਬੌਰਨ- ਆਸਟਰੇਲੀਆ ਵਿਚ ਨਸਲੀ ਹਮਲੇ ਰੁਕਣ ਦੀ ਥਾਂ ਵਧਦੇ ਹੀ ਜਾ ਰਹੇ ਹਨ। ਹੁਣ ਮੈਲਬੌਰਨ ਤੋਂ 90 ਕਿਲੋਮੀਟਰ ਦੂਰ ਸ਼ੈਪਪਾਰਟਨ ਵਿਚ ਇਕ ਗੁਰਦਵਾਰੇ ਤੇ ਹਮਲਾ ਕੀਤਾ ਗਿਆ। ਇਥੇ ਹੀ ਬਸ ਨਹੀਂ ਈਸਟ ਮੈਲਬੌਰਨ ਵਿਚ ਇਕ ਵਿਦਿਆਰਥੀ ਤੇ ਚਾਕੂ ਨਾਲ ਹਮਲਾ ਕੀਤਾ ਗਿਆ।
ਸ਼ੈਪਪਾਰਟਨ ਦੇ ਗੁਰਦਵਾਰੇ ਵਿਚ ਜਦੋਂ ਸਵੇਰੇ ਲੋਕ ਪਹੁੰਚੇ ਤਾਂ ਵੇਖ ਕੇ ਦੰਗ ਰਹਿ ਗਏ। ਗੁਰਦਵਾਰੇ ਦੀਆਂ ਕੰਧਾਂ ਤੇ ਗਾਲਾਂ ਅਤੇ ਨਸਲਵਾਦੀ ਨਾਅਰੇ ਲਿਖੇ ਹੋਏ ਸਨ। ਗੁਰਦਵਾਰੇ ਦੀ ਬਾਂਊਂਡਰੀ ਨੂੰ ਕਾਰ ਨਾਲ ਟਕਰ ਮਾਰ ਕੇ ਤੋੜਿਆ ਹੋਇਆ ਸੀ। ਗੁਰਦਵਾਰੇ ਵਿਚ ਆਂਡੇ ਵੀ ਸੁੱਟੇ ਹੋਏ ਸਨ। ਹਮਲੇ ਤੋਂ ਬਾਅਦ ਗੁਰਦਵਾਰੇ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਇਨ੍ਹਾਂ ਹਮਲਿਆਂ ਦਾ ਕਰਕੇ ਭਾਰਤੀ ਵਿਦਿਆਰਥੀ ਇਕਮੁੱਠ ਹੋ ਗਏ ਹਨ ਅਤੇ ਉਨ੍ਹਾਂ ਨੇ ਐਸਐਮਐਸ ਸਰਵਿਸ ਸ਼ੁਰੂ ਕਰ ਦਿਤੀ ਹੈ। ਜਿਸ ਵਿਚ ਲੋਕਾਂ ਨੂੰ ਹਮਲਿਆਂ ਦੇ ਖਿਲਾਫ ਰੋਸ ਵਿਖਾਵਿਆਂ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਨੂੰ ਭੇਜੇ ਜਾ ਰਹੇ ਐਸਐਮਐਸ ਕੋਝ ਇਸ ਤਰ੍ਹਾਂ ਦੇ ਹਨ, “ ਹੁਣ ਗੁਰਦਵਾਰੇ ਵਿਚ ਵੜਕੇ ਇਕ ਔਰਤ ਅਤੇ ਆਦਮੀ ਦੀ ਕੁਟਮਾਰ ਕੀਤੀ ਗਈ। ਦੋਸ਼ੀ ਅਜਾਦ ਘੁੰਮ ਰਹੇ ਹਨ ਅਤੇ ਸਾਡੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹੋ ਸਮਾਂ ਹੈ ਅਸੀਂ ਆਪਣੀ ਅਵਾਜ਼ ਬੁਲੰਦ ਕਰੀਏ। ਪਲੀਜ਼ ਇਸ ਮੈਸਿਜ਼ ਨੂੰ ਅੱਗੇ ਫਾਰਵਰਡ ਕਰੋ।”
ਆਸਟਰੇਲੀਆ ਸਰਕਾਰ ਵਲੋਂ ਇਨ੍ਹਾਂ ਨਸਲੀ ਹਮਲਿਆਂ ਨੂੰ ਰੋਕਣ ਲਈ ਟਾਸਕ ਫੋਰਸ ਬਣਾਈ ਗਈ ਹੈ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਨਸਲੀ ਹਿੰਸਾ ਫੈਲਾਉਣ ਵਾਲਿਆਂ ਨੂੰ ਪਕੜਨ ਅਤੇ ਉਨ੍ਹਾਂ ਤੇ ਕੇਸ ਚਲਾਉਣ ਲਈ ਹਰ ਸੰਭਵ ਕੋਸਿ਼ਸ਼ ਕਰ ਰਹੀ ਹੈ।